ਪੰਜਾਬ ਦੇ ਵਪਾਰ ਲਈ ਬਹੁਤ ਵੱਡਾ ਸੰਕਟ ਹੈ ਜੀ. ਐੱਸ. ਟੀ.

ਜਲੰਧਰ(ਖੁਰਾਣਾ)—1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਜੀ. ਐੱਸ. ਟੀ. ਨੂੰ ਲੈ ਕੇ ਸਮੁੱਚੇ ਪੰਜਾਬ, ਖਾਸ ਤੌਰ ‘ਤੇ ਜਲੰਧਰ ਦੀ ਇੰਡਸਟਰੀ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਦੁਆਰਾ ਗੁਰਬਖਸ਼ ਸਿੰਘ ਵਲੋਂ ਅੱਜ ਇਕ ਬੈਠਕ ਦਾ ਆਯੋਜਨ ਸਥਾਨਕ ਸਰਕਟ ਹਾਊਸ ਵਿਚ ਕੀਤਾ ਗਿਆ, ਜਿਸ ਦੌਰਾਨ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਸ਼ਹਿਰ ਦੇ ਚਾਰੇ ਵਿਧਾਇਕ ਪਰਗਟ ਸਿੰਘ, ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ ਤੇ ਬਾਵਾ ਹੈਨਰੀ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ। ਵਪਾਰੀ ਵਰਗ ਨੇ ਇਨ੍ਹਾਂ ਕਾਂਗਰਸੀ ਆਗੂਆਂ ਨੂੰ ਆਪਣੀਆਂ-ਆਪਣੀਆਂ ਸਮੱਸਿਆਵਾਂ ਦੱਸੀਆਂ।
ਬੈਠਕ ਦੇ ਸ਼ੁਰੂ ਵਿਚ ਹੀ ਗੁਰਬਖਸ਼ ਸਿੰਘ ਨੇ ਕਿਹਾ ਕਿ ਜੀ. ਐੱਸ. ਟੀ. ਦੀਆਂ ਦਰਾਂ ਲਾਗੂ ਕਰਦੇ ਸਮੇਂ ਟ੍ਰੇਡ ਤੇ ਇੰਡਸਟਰੀ ਨਾਲ ਨਾ ਕੋਈ ਬੈਠਕ ਕੀਤੀ ਗਈ ਤੇ ਨਾ ਹੀ ਕਿਸੇ ਕੋਲੋਂ ਸਲਾਹ ਲਈ ਗਈ, ਜਿਸ ਕਾਰਨ ਦਰਾਂ ਵਿਚ ਭਾਰੀ ਤਰੁੱਟੀਆਂ ਹਨ। ਪਿਛਲੇ ਦਿਨੀਂ ਸ਼ਹਿਰ ਦੇ ਉਦਯੋਗਪਤੀ ਕੇਂਦਰੀ ਵਿੱਤ ਰਾਜ ਮੰਤਰੀ ਨੂੰ ਮਿਲੇ ਸਨ, ਜਿਨ੍ਹਾਂ ਨੇ ਕਿਹਾ ਸੀ ਕਿ ਇਸ ਸਿਲਸਿਲੇ ਵਿਚ ਉਹ ਪੰਜਾਬ ਦੇ ਵਿੱਤ ਮੰਤਰੀ ਨੂੰ ਮਿਲਣ ਜੋ ਜੀ. ਐੱਸ. ਟੀ. ਕੌਂਸਲ ਵਿਚ ਆਪਣੇ ਸੂਬੇ ਦਾ ਪੱਖ ਰੱਖਣਗੇ। ਇਸ ਦੇ ਲਈ ਬੈਠਕ ਕੀਤੀ ਜਾ ਰਹੀ ਹੈ ਤਾਂ ਜੋ ਕਾਂਗਰਸੀ ਆਗੂ ਮਨਪ੍ਰੀਤ ਬਾਦਲ ਤੱਕ ਵਪਾਰੀ ਵਰਗ ਦੀ ਆਵਾਜ਼ ਪਹੁੰਚਾਉਣ।
ਉਨ੍ਹਾਂ ਕਿਹਾ ਕਿ 10 ਸਾਲ ਅਕਾਲੀਆਂ ਨੇ ਟ੍ਰੇਡ ਤੇ ਇੰਡਸਟਰੀ ‘ਤੇ ਜ਼ੁਲਮ ਕੀਤਾ ਤੇ ਹੁਣ ਜੀ. ਐੱਸ. ਟੀ. ਦਾ ਸੰਕਟ ਆ ਖੜ੍ਹਾ ਹੋਇਆ ਹੈ। ਸਜ਼ਾ ਦੀ ਵਿਵਸਥਾ ਰੱਖ ਕੇ ਵਪਾਰੀ ਵਰਗ ਨੂੰ ਡਰਾਇਆ ਜਾ ਰਿਹਾ ਹੈ। ਵਪਾਰੀ ਵਰਗ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਵਿਧਾਇਕ ਪ੍ਰਗਟ ਸਿੰਘ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਦੇਸ਼ ਇਸ  ਸਮੇਂ ਜਾਲ ਵਿਚ ਹੀ ਫਸਿਆ ਹੋਇਆ ਹੈ। ਅਫਸਰ ਖੁਦ ਨੂੰ ਹੀ ਰੱਬ  ਸਮਝਦੇ ਹਨ। ਸਿਆਸਤਦਾਨਾਂ ਨੂੰ ਲੋਕਾਂ ਤੇ ਅਫਸਰਾਂ ਦੋਵਾਂ ਦੀ ਗੱਲ ਸੁਣਨੀ ਪੈਂਦੀ ਹੈ। ਪਰਗਟ ਸਿੰਘ ਨੇ ਕਿਹਾ ਕਿ ਕਈ ਵਾਰ ਮੰਤਰੀਆਂ ਤੱਕ ਨੂੰ ਆਪਣੇ ਵਿਭਾਗ ਦੀ ਕਾਰਜ ਪ੍ਰਣਾਲੀ ਦਾ ਗਿਆਨ ਨਹੀਂ ਹੁੰਦਾ, ਅਜਿਹੇ ਵਿਚ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਹਰ ਵਿਭਾਗ ਦੀ ਐਡਵਾਈਜ਼ਰੀ ਕਮੇਟੀ ਬਣਾਈ ਜਾਵੇ ਤੇ ਸਬੰਧਤ ਲੋਕਾਂ ਦਾ ਤਜਰਬਾ ਲਿਆ ਜਾਵੇ। ਉਨ੍ਹਾਂ ਫੈਡਰੇਸ਼ਨ ਨੂੰ ਕਿਹਾ ਕਿ ਸਾਰੀਆਂ ਐਸੋਸੀਏਸ਼ਨਾਂ ਦਾ ਜੁਆਇੰਟ ਮੈਮੋਰੰਡਮ ਬਣਾਇਆ ਜਾਵੇ।
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਜੀ. ਐੱਸ. ਟੀ. ਪੰਜਾਬ ਦੇ ਵਪਾਰ ‘ਤੇ ਬੜਾ ਵੱਡਾ ਸੰਕਟ ਹੈ। ਯੂ. ਪੀ. ਏ. ਨੇ ਜੋ ਇਸਦਾ ਡਰਾਫਟ ਤਿਆਰ ਕੀਤਾ ਸੀ, ਉਹ ਅੱਜ ਦੇ ਡਰਾਫਟ ਤੋਂ ਵੱਖਰਾ ਸੀ। ਐੱਨ. ਡੀ. ਏ. ਇਸਦਾ ਕ੍ਰੈਡਿਟ ਲੈਣਾ ਚਾਹੁੰਦਾ ਸੀ ਪਰ ਉਸਦੇ ਹੱਥ ਆਲੋਚਨਾਵਾਂ ਆ ਰਹੀਆਂ ਹਨ। ਵਿੱਤ ਮੰਤਰੀ ਜੇਤਲੀ ਦਾ ਰਵੱਈਆ ਬਹੁਤ ਹੀ ਅੜੀਅਲ ਹੈ ਤੇ ਉਨ੍ਹਾਂ ਨੂੰ ਮਿਲ ਕੇ ਆਉਣ ਵਾਲੇ ਵਿਅਕਤੀ ਨਿਰਾਸ਼ ਪਰਤਦੇ ਹਨ। ਚੌਧਰੀ ਸੰਤੋਖ ਨੇ ਭਰੋਸਾ ਦਿੱਤਾ ਕਿ ਉਹ ਪੰਜਾਬ ਦੀ ਇੰਡਸਟਰੀ ਦੀਆਂ ਮੰਗਾਂ ਨੂੰ ਅਰਜੁਨ ਮੇਘਵਾਲ, ਕੈਪਟਨ ਅਮਰਿੰਦਰ, ਮਨਪ੍ਰੀਤ ਆਦਿ ਤੱਕ ਪਹੁੰਚਾਉਣਗੇ।
ਬੈਠਕ ਦੌਰਾਨ ਕੌਂਸਲਰ ਬਲਰਾਜ ਠਾਕੁਰ, ਵਿੱਕੀ ਕਾਲੀਆ, ਗੁਰਚਰਨ ਸਿੰਘ, ਦਿਨੇਸ਼ ਕਤਿਆਲ, ਰਾਜਨ ਕਾਲੀਆ, ਐੱਸ. ਕੇ. ਚੋਪੜਾ, ਰਾਜ ਕੁਮਾਰ ਸ਼ਰਮਾ, ਸੁਰੇਸ਼ ਗੁਪਤਾ, ਸੁਨੀਲ ਤਲਵਾੜ, ਅਨਿਲ ਨਿਸ਼ਚਲ, ਸੁਭਾਸ਼ ਸ਼ਰਮਾ, ਮਨਦੀਪ ਨੰਦਾ, ਸੰਦੀਪ ਜੁਨੇਜਾ, ਗਗਨ ਇੰਦਰ ਸਿੰਘ ਆਦਿ ਵੀ ਮੌਜੂਦ ਸਨ।
ਸੀਟੀ ਜਿਹੀਆਂ ਆਈਟਮਾਂ ‘ਤੇ ਵੀ 28 ਫੀਸਦੀ ਜੀ.ਐੱਸ. ਟੀ.
ਖੇਡ ਉਦਯੋਗ ਨਾਲ ਸਬੰਧਤ ਰਵਿੰਦਰ ਖੁਰਾਣਾ ਨੇ ਇਹ ਕਹਿ ਕੇ ਸਾਰਿਆਂ ਨੂੰ ਹਸਾ ਦਿੱਤਾ ਕਿ ਸੀਟੀ ਜਿਹੀ ਛੋਟੀ ਆਈਟਮ ‘ਤੇ ਵੀ ਸਰਕਾਰ ਨੇ 28 ਫੀਸਦੀ ਜਿਹੀ ਵੱਡੀ ਦਰ ਲਗਾਈ ਹੈ। ਇਸ ਤੋਂ ਹੀ ਸਰਕਾਰ ਦੀ ਮਨਸ਼ਾ ਸਾਫ ਹੋ ਜਾਂਦੀ ਹੈ ਕਿ ਉਹ ਖੇਡਾਂ ਨੂੰ ਸਿੱਖਿਆ ਦਾ ਹਿੱਸਾ ਹੀ ਨਹੀਂ ਸਮਝਦੀ।
ਪਰਗਟ ਨੇ ਲਾਇਆ ਅਕਾਲੀਆਂ ਨੂੰ ਰਗੜਾ
ਕਦੀ ਸੁਖਬੀਰ ਬਾਦਲ ਦੇ ਖਾਸਮਖਾਸ ਰਹੇ ਵਿਧਾਇਕ ਪਰਗਟ ਸਿੰਘ ਨੇ ਅੱਜ ਅਕਾਲੀਆਂ ਨੂੰ ਵੀ ਰਗੜ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰਾਂ ਇਕ ਪਾਸੇ ਗਲਾ ਮਰੋੜਦੀਆਂ ਹਨ ਤੇ ਦੂਜੇ ਪਾਸੇ ਸਬਸਿਡੀਆਂ ਵੰਡਦੀਆਂ ਨਜ਼ਰ ਆਉਂਦੀਆਂ ਹਨ। ਫਿਰ ਚੌਪਰ ਲੈ ਕੇ ਸੰਗਤ ਦਰਸ਼ਨ ਕਰ ਕੇ ਨਿਕਲ ਜਾਂਦੇ ਹਨ ਤੇ ਟੈਕਸਾਂ ਦਾ ਪੈਸਾ ਉਥੇ ਵੰਡਿਆ ਜਾਂਦਾ ਹੈ ਜਿੱਥੇ ਗਲਤ ਟ੍ਰੈਂਡ ਹੈ।
ਜੇਤਲੀ ਨੇ ਵੀ ਤਾਂ ਅੰਮ੍ਰਿਤਸਰ ਤੋਂ ਖੜ੍ਹੇ ਹੋ ਕੇ ਗਲਤੀ ਕੀਤੀ
ਕਾਂਗਰਸੀ ਆਗੂਆਂ ਤੇ ਵਪਾਰੀ ਵਰਗ ਦਰਮਿਆਨ ਹੋਈ ਇਸ ਬੈਠਕ ਦੇ ਸਭ ਤੋਂ ਖੁਸ਼ਨੁਮਾ ਪਲ ਉਸ ਵੇਲੇ ਆਏ ਜਦੋਂ ਵਪਾਰੀ ਆਗੂ ਏ. ਐੱਸ. ਰਾਜਪਾਲ ਨੇ ਕਿਹਾ ਕਿ ਸਰਕਾਰ ਨੇ ਜੀ. ਐੱਸ. ਟੀ. ਵਿਚ ਵਿਵਸਥਾ ਰੱਖੀ ਹੈ ਕਿ ਜੇਕਰ ਵਪਾਰੀ ਕੋਲੋਂ ਗਲਤੀ ਹੋਈ ਤਾਂ ਉਸਨੂੰ ਜੇਲ ਦੀ ਸਜ਼ਾ ਭੁਗਤਣੀ ਪਵੇਗੀ। ਸ਼੍ਰੀ ਰਾਜਪਾਲ ਨੇ ਕਿਹਾ ਕਿ ਅਜਿਹੀ ਗਲਤੀ ਤਾਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਅੰਮ੍ਰਿਤਸਰ ਤੋਂ ਖੜ੍ਹੇ ਹੋ ਕੇ ਕੀਤੀ ਸੀ। ਫਿਰ ਸਿਰਫ ਵਪਾਰੀਆਂ ਨੂੰ ਹੀ ਕਿਉਂ ਚੋਰ ਸਮਝਿਆ ਜਾਂਦਾ ਹੈ।