ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬਠਿੰਡਾ ਜ਼ਿਲੇ ਦੇ ਪਿੰਡ ਜਲਾਲ ‘ਚ ਪਾਵਨ ਬਾਣੀ ਦੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਬੇਹੱਦ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਸਮੁੱਚੀ ਮਨੁੱਖਤਾ ਦੇ ਭਲੇ ਲਈ ਰਚੀ ਗਈ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਿੱਖ ਵਿਰੋਧੀ ਲੋਕ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਦੀ ਇੱਛਾ ਤਹਿਤ ਇਸ ਦਾ ਨਿਰਾਦਰ ਕਰ ਰਹੇ ਹਨ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਅਖਬਾਰਾਂ ‘ਚ ਇਸ਼ਤਿਹਾਰ ਤੇ ਖਬਰਾਂ ਪ੍ਰਕਾਸ਼ਿਤ ਕਰਵਾ ਕੇ ਪਿੰਡਾਂ-ਸ਼ਹਿਰਾਂ ਦੀਆਂ ਗੁਰਦੁਆਰਾ ਕਮੇਟੀਆਂ, ਸਭਾ-ਸੁਸਾਇਟੀਆਂ, ਗ੍ਰੰਥੀ ਸਿੰਘਾਂ ਤੇ ਸੰਗਤਾਂ ਨੂੰ ਸੁਚੇਤ ਵੀ ਕੀਤਾ ਜਾਂਦਾ ਹੈ। ਗੁਰੂ ਘਰਾਂ ਦੀ ਪਹਿਰੇਦਾਰੀ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ਰਾਰਤੀ ਅਨਸਰ ਕਿਸੇ ਮਾੜੀ ਘਟਨਾ ਨੂੰ ਅੰਜਾਮ ਨਾ ਦੇ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੀ ਸਰਕਾਰ ਖੁਫੀਆ ਏਜੰਸੀਆਂ ਰਾਹੀਂ ਇਨ੍ਹਾਂ ਘਟਨਾਵਾਂ ਪਿੱਛੇ ਲੁਕੇ ਚਿਹਰਿਆਂ ਨੂੰ ਲੱਭ ਕੇ ਇਨ੍ਹਾਂ ਅਮਨ-ਸ਼ਾਂਤੀ ਦੇ ਵੈਰੀਆਂ ਨੂੰ ਸਖਤ ਸਜ਼ਾਵਾਂ ਦੇਵੇ। ਉਨ੍ਹਾਂ ਸਰਕਾਰ ਦੀ ਕਾਰਜਕੁਸ਼ਲਤਾ ‘ਤੇ ਰੋਸ ਪ੍ਰਗਟ ਕਰਦਿਆਂ ਸ਼ੰਕਾ ਜਤਾਈ ਕਿ ਸਰਕਾਰ ਦੇ ਇਨ੍ਹਾਂ ਘਟਨਾਵਾਂ ਨੂੰ ਨਾ ਰੋਕ ਪਾਉਣ ਕਾਰਨ ਪੰਜਾਬ ‘ਚ ਕਿਸੇ ਵੀ ਸਮੇਂ ਅਸ਼ਾਂਤੀ ਵਾਲਾ ਮਾਹੌਲ ਬਣ ਸਕਦਾ ਹੈ।