ਮੁੱਖ ਮੰਤਰੀ ਵੱਲੋਂ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਡਿਪਟੀ ਸਪੀਕਰ ਬਣਨ ’ਤੇ ਵਧਾਈ

ਚੰਡੀਗਡ਼ : ਪੰਜਾਬ ਦੇ ਮੁੱਖ ਮੰਤਰੀ ਅਤੇ ਸਦਨ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਲੋਟ ਤੋਂ ਆਪਣੀ ਪਾਰਟੀ ਦੇ ਵਿਧਾਇਕ ਅਜੈਬ ਸਿੰਘ ਭੱਟੀ ਦੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ।
ਸ੍ਰੀ ਭੱਟੀ ਨੂੰ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸ੍ਰੀ ਭੱਟੀ ਦਾ ਪ੍ਰਸ਼ਾਸਨਿਕ ਤੇ ਸਿਆਸੀ ਤਜਰਬਾ ਇਸ ਪਵਿੱਤਰ ਅਹੁਦੇ ਦੀ ਸ਼ਾਨ ਵਿੱਚ ਵਧਾਏਗਾ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਿਆਸਤ ਭੱਟੀ ਦੇ ਖੂਨ ਵਿੱਚ ਹੈ ਜੋ ਉਨਾਂ ਨੂੰ ਆਪਣੇ ਪਿਤਾ ਸਵਰਗੀ ਸ. ਅਰਜਨ ਸਿੰਘ ਪਾਸੋਂ ਵਿਰਸੇ ਵਿੱਚ ਮਿਲੀ ਹੈ ਜਿਨਾਂ ਨੇ ਸਾਲ 1957 ਵਿੱਚ ਨਿਹਾਲ ਸਿੰਘ ਵਾਲਾ ਦੇ ਤਤਕਾਲੀ ਸਾਂਝੇ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲਡ਼ੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸ੍ਰੀ ਭੱਟੀ ਨੂੰ ਸਾਦਗੀ, ਸਲੀਕਾ ਅਤੇ ਬੇਬਾਕ ਸੁਭਾਅ  ਵਜੋਂ ਜਾਣਿਆ ਜਾਂਦਾ ਹੈ, ਜੋ ਲੋਕਾਂ ਖਾਸ ਕਰਕੇ ਸਮਾਜ ਦੇ ਕਮਜ਼ੋਰ ਤਬਕਿਆਂ ਦੀ ਭਲਾਈ ਲਈ ਡਟ ਕੇ ਕੰਮ ਰੱਖਣ ਵਿੱਚ ਵਿਸ਼ਵਾਸ ਰੱਖਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਉਨਾਂ ਨੂੰ ਪੂਰਾ ਭਰੋਸਾ ਹੈ ਕਿ ਸ੍ਰੀ ਭੱਟੀ ਡਿਪਟੀ ਸਪੀਕਰ ਦੇ ਵੱਕਾਰੀ ਅਹੁਦੇ ਦਾ ਮਾਣ ਹੋਰ ਵਧਾਉਣਗੇ।
ਲਗਾਤਾਰ ਤੀਜੀ ਵਾਰ ਵਿਧਾਇਕ ਬਣੇ ਸ੍ਰੀ ਭੱਟੀ ਨੇ ਸਾਲ 2007 ਅਤੇ 2012 ਵਿੱਚ ਭੁੱਚੋ ਵਿਧਾਨ ਸਭਾ ਹਲਕਾ ਅਤੇ ਸਾਲ 2017 ਵਿੱਚ ਮਲੋਟ ਵਿਧਾਨ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਭੱਟੀ ਦੀ ਜ਼ਿੰਦਗੀ ਤਜਰਬਿਆਂ ਭਰਪੂਰ ਰਹੀ ਹੈ ਜਿਨਾਂ ਆਪਣੇ ਪੇਸ਼ੇ ਦੀ ਸ਼ੁਰੂਆਤ ਬਤੌਰ ਅਧਿਆਪਕ ਬਠਿੰਡਾ ਦੇ ਪੇਂਡੂ ਖੇਤਰਾਂ ਤੋਂ ਕਰਦਿਆਂ ਇਕ ਸਾਲ ਦੇ ਕਰੀਬ ਬਤੌਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵਜੋਂ ਵੀ ਸੇਵਾਵਾਂ ਨਿਭਾਈਆਂ। ਸੰਨ 1984 ਵਿੱਚ ਸ੍ਰੀ ਭੱਟੀ ਨੇ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਵਿੱਚ ਆ ਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੈਜਿਸਟ੍ਰੇਟ ਅਤੇ ਸਿਵਲੀਅਨ ਅਧਿਕਾਰੀ ਵਜੋਂ ਜ਼ਿੰਮੇਵਾਰੀ ਨਿਭਾਈ। ਸ੍ਰੀ ਭੱਟੀ ਨੇ ਸਾਲ 2007 ਵਿੱਚ ਭੁੱਚੋ ਹਲਕੇ ਤੋਂ ਵਿਧਾਇਕ ਦੀ ਚੋਣ ਲਡ਼ਣ ਲਈ ਵਧੀਕ ਸਿੱਖਿਆ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ, ਮਨਪ੍ਰੀਤ ਸਿੰਘ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਸ੍ਰੀ ਭੱਟੀ ਨੂੰ ਡਿਪਟੀ ਸਪੀਕਰ ਦੇ ਕੁਰਸੀ ਤੱਕ ਲੈਕੇ ਗਏ ਜੋ ਵਿਰੋਧੀ ਧਿਰ ਦੇ ਨੇਤਾ ਹਰਵਿੰਦਰ ਸਿੰਘ ਫੂਲਕਾ ਨਾਲ ਹੈ।