ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਦਾ ਦੇਹਾਂਤ

ਚੰਡੀਗੜ੍ਹ/ਮਾਨਸਾ : ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਦਾ ਅੱਜ ਦੇਹਾਂਤ ਹੋ ਗਿਆ| ਉਹ 75 ਵਰ੍ਹਿਆਂ ਦੇ ਸਨ| ਅਜਮੇਰ ਸਿੰਘ ਔਲਖ ਕੈਂਸਰ ਨਾਲ ਪੀੜਤ ਸਨ ਅਤੇ ਉਨ੍ਹਾਂ ਨੇ ਆਪਣੀ ਮਾਨਸਾ ਸਥਿਤ ਰਿਹਾਇਸ਼ ਵਿਖੇ ਆਖਰੀ ਸਾਹ ਲਏ| ਅਜਮੇਰ ਔਲਖ ਦਾ ਕੱਲ੍ਹ 16 ਜੂਨ ਨੂੰ ਅੰਤਿਮ ਸਸਕਾਰ ਕੀਤਾ ਜਾਵੇਗਾ|
ਇਹ ਵੀ ਦੱਸਣਯੋਗ ਹੈ ਕਿ ਅਜਮੇਰ ਔਲਖ ਦਾ ਮੋਹਾਲੀ ਸਥਿਤ ਫੋਰਟਿਸ ਹਸਪਤਾਲ ਵਿਚ ਇਲਾਜ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਪਿਛਲੇ ਹਫਤੇ ਛੁੱਟੀ ਦੇ ਦਿੱਤੀ ਗਈ ਸੀ| ਪੰਜਾਬ ਸਰਕਾਰ ਵੱਲੋਂ ਅਜਮੇਰ ਸਿੰਘ ਔਲਖ ਦੇ ਇਲਾਜ ਦਾ ਖਰਚ ਕੀਤਾ ਗਿਆ|
ਉਹ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਤਿੰਨ ਧੀਆਂ ਛੱਡ ਗਏ ਹਨ|
ਅਜਮੇਰ ਔਲਖ ਨੂੰ 2006 ਵਿਚ ਇਕਾਂਗੀ-ਸੰਗ੍ਰਹਿ ‘ਇਸ਼ਕ ਬਾਝ ਨਮਾਜ ਦਾ ਹੱਜ ਨਾਹੀ’ ਲਈ ਭਾਰਤੀ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ| ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਸਿਰਮੌਰ ਪੁਰਸਕਾਰ ਪੰਜਾਬੀ ਸਾਹਿਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ|