ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਦਲਿਤਾਂ ਅਤੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਖਿਲਾਫ ਅੱਤਿਆਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਇੱਥੇ ਪੀ.ਜੀ.ਆਈ ਵਿਚ ਜ਼ੇਰੇ ਇਲਾਜ਼ ਮਾਨਸਾ ਜ਼ਿਲ੍ਹੇ ਦੇ ਦਲਿਤ ਪਰਿਵਾਰ ਦਾ ਹਾਲ ਚਾਲ ਪੁੱਛਣ ਪੁੱਜੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਿਸੇ ਨੂੰ ਵੀ ਗਰੀਬਾਂ ਨਾਲ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ।
ਪਿਛਲੇ ਦਿਨੀ ਮਾਨਸਾ ਜ਼ਿਲ੍ਹੇ ਦੇ ਪਿੰਡ ਬਰੇ ਦੇ ਦਲਿਤ ਪਰਿਵਾਰ ਵਲੋਂ ਆਪਣੀਆਂ ਬੱਚੀਆਂ ਨੂੰ ਛੇੜਛਾੜ ਤੋਂ ਰੋਕਣ ਕਾਰਨ ਪਿੰਡ ਦੇ ਹੀ ਸ਼ਗਨਦੀਪ ਸਿੰਘ ਅਤੇ ਬਿੰਦਰ ਸਿੰਘ ਵਲੋਂ ਬੱਚੀਆਂ ਦੇ ਮਾਂ ਅਤੇ ਬਾਪ ‘ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ ਅਤੇ ਜਾਤੀ ਸੂਚਕ ਸ਼ਬਦ ਵਰਤ ਕੇ ਗਾਲਾਂ ਕੱਡੀਆਂ।ਪੀ.ਜੀ.ਆਈ ਵਿਖੇ ਪਰਿਵਾਰ ਦਾ ਹਾਲ ਚਾਲ ਪੁੱਛਣ ਪਹੁੰਚੇ ਸ. ਚੰਨੀ ਨੂੰ ਆਪ ਬੀਤੀ ਸੁਣਾਉਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਪੁਲਿਸ ਵਲੋਂ ਢਿੱਲ ਮੱਠ ਵਾਲਾ ਰਵੱਈÂਾ ਅਪਣਾਇਆ ਜਾ ਰਿਹਾ ਹੈ ਅਤੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।ਇਸ ਦਾ ਗੰਭੀਰ ਨੋਟਿਸ ਲੈਦਿਆਂ ਸ. ਚੰਨੀ ਨੇ ਐਸ.ਐਸ.ਪੀ ਮਾਨਸਾ ਨੂੰ ਤਾੜਨਾ ਕਰਦਿਆਂ ਕਿਹਾ ਕਿ ਦੋਸ਼ੀ ਭਾਂਵੇ ਜਿੰਨੀ ਮਰਜੀ ਵੱਡੀ ਪਹੁੰਚ ਵਾਲੇ ਹੋਣ ਪਰ ਦੋਸ਼ੀਆਂ ਖਿਲਾਫ ਤੁਰੰਤ ਬਣਦੀ ਸਖਤ ਕਾਰਵਾਈ ਕੀਤੀ ਜਾਵੇ।
ਜਿਕਰਯੋਗ ਹੈ ਕਿ ਇਸ ਕਾਤਲਾਨਾ ਹਮਲੇ ਵਿਚ ਬਜੁਰਗ ਮਾਤਾ ਮਾਤਾ ਦੀ ਬਾਂਹ ਤੋੜ ਦਿੱਤੀ ਗਈ ਅਤੇ ਬਜੁਰਗ ਬਾਪ ਨੂੰ ਸਿਰ ਅਤੇ ਅੱਖਾਂ ‘ਤੇ ਰਾਡਾਂ ਮਾਰ ਕੇ ਬੁਰੀ ਤਰਾਂ ਨਾਲ ਜਖਮੀ ਕਰ ਦਿੱਤਾ ਸੀ।
ਸ. ਚੰਨੀ ਨੇ ਦੱਸਿਆ ਕਿ ਇਸ ਕਾਤਲਾਨਾ ਹਮਲੇ ਵਿਚ ਬਜੁਰਗ ਦੀ ਇੱਕ ਅੱੱਖ ਦੀ ਰੌਸ਼ਨੀ ਬਿਲਕੁਲ ਚਲੀ ਗਈ ਹੈ ਅਤੇ ਮਾਤਾ ਦੀ ਬਾਂਹ ਤੋੜ ਦਿੱਤੀ ਗਈ ਹੈ।ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਇਸ ਮੌਕੇ ਪੰਜਾਬ ਸਰਕਾਰ ਪੂਰੀ ਤਰਾਂ ਨਾਲ ਡਟ ਕੇ ਪੀੜਤ ਪਰਿਵਾਰ ਦੇ ਨਾਲ ਖੜੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਯਕੀਨੀ ਤੌਰ ‘ਤੇ ਹੋਵੇਗੀ।
ਇਸ ਮੌਕੇ ਸ. ਚੰਨੀ ਦੇ ਨਾਲ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ, ਯੂਥ ਕਾਂਗਰਸ ਆਗੂ ਸਨੀ ਮਹਿਤਾ ਅਤੇ ਸਮਾਜ ਸੇਵੀ ਗੁਰਦੀਪ ਸਿੰਘ ਵੀ ਪੀੜਤ ਪਰਿਵਾਰ ਦਾ ਹਾਲ ਚਾਲ ਪੁੱਛਣ ਲਈ ਪੀ.ਜੀ.ਆਈ ਪਹੁੰਚੇ।