ਉਹ ਵੀ ਏਹੀ ਸੋਚਦਾ ਹੋਊ

ਸੜਕ ਕੰਢੇ,ਖੇਤ ਵਿੱਚ ਭਰਾ ਦਾ ਵੱਡੇ ਵਿਹੜੇ ਵਾਲਾ ਘਰ ਹੈ। ਵੱਡੇ ਬੂਹੇ ਦੇ ਅੰਦਰ ਸਾਈਕਲ ਮੁਰੰਮਤ ਕਰਨ ਵਾਲਾ ਮਿਸਤਰੀ ਪੈਂਚਰ ਲਾ ਰਿਹਾ ਹੈ। ਉਸ ਦਾ ਰਿਕਸ਼ਾ-ਰੇਹੜੀ,ਬੂਹੇ ਤੋਂ ਬਾਹਰ ਟਾਇਰ-ਟਿਊਬਾਂ ਨਾਲ ਲੱਦਿਆ ਖੜ੍ਹਾ ਹੈ। ਛੋਟੀਆਂ ਸਾਈਕਲੀਆਂ ਵੀ ਡੰਡੇ ਨਾਲ ਟੰਗੀਆਂ ਹੋਈਆਂ ਹਨ। ਹੋਰ ਵੀ ਮੁਰੰਮਤ ਕਰਨ ਵਾਲਾ ਨਵਾਂ-ਪੁਰਾਣਾ ਸਮਾਨ ਪਿਆ ਹੋਇਐ। ਕੋਸੀ-ਕੋਸੀ ਧੁੱਪ ਨਿੱਘ ਦੇ ਰਹੀ। ਉਹ ਪੈਂਚਰ ਲਾਉਂਦਾ ਹੋਇਆ ਏਨਾ ਮਗਨ ਹੋ ਕੇ ਪਤਾ ਨਹੀਂ ਕੀ ਸੋਚਦਾ ਹੋਵੇਗਾ। ਉਸ ਦੇ ਚਿਹਰੇ ਤੋਂ ਗੰਭੀਰਤਾ ਦੀ ਕੁਝ ਕੁਝ ਸਮਝ ਤਾਂ ਆ ਰਹੀ ਹੈ ਪਰ ਗੱਲਾਂ ਹੱਸ-ਹੱਸ ਕੇ ਕਰ ਰਿਹੈ। ਬੂਹੇ ਦੇ ਅੰਦਰਲੇ ਪਾਸੇ ਅਮਰੂਦਾਂ ਦੇ ਬੂਟੇ ਨੂੰ ਸਿਆਲੂ ਹਰੇ ਅਮਰੂਦ ਲੱਗੇ ਹੋਏ ਨੇ। ਬੂਹੇ ਤੋਂ ਬਾਹਰ ਸੜਕ ਤੋਂ ਆਉਂਦੀ ਛੋਟੀ ਸੜਕ ਦੇ ਆਲੇ- ਦੁਆਲੇ ਫ਼ੁੱਲ-ਬੂਟਿਆਂ ਦੀ ਮਹਿਕ ਖਿਲਰੀ ਪਈ ਹੈ। ਇੱਕ ਪਾਸੇ ਹਰੀ ਕਚੂਰ ਕਣਕ ਹਵਾ ਨਾਲ ਲਹਿਰਾਉਂਦੀ ਪਈ। ਦੂਜੇ ਪਾਸੇ ਗੋਭੀ-ਮੂਲੀਆਂ ਤੇ ਸ਼ਲਗਮ ਦੀਆਂ ਕਿਆਰੀਆਂ ਹਨ। ਅਮਰੂਦ ਲਾਗੇ ਪਿੰਜਰੇ ਵਿੱਚ ਅਲਸ਼ੇਸ਼ਨ ਕੁੱਤਾ ਭੌਂਕ ਕੇ ਖੜ੍ਹ ਗਿਐ। ਉਸ ਦੀਆਂ ਅੱਖਾਂ ਆਲੇ-ਦੁਆਲੇ ਨੂੰ ਭਾਂਪ ਕੇ ਪਤਾ ਨਹੀਂ ਉਸ ਨੂੰ ਕੀ ਸੂਚਨਾ ਦੇ ਰਹੀਆਂ ਨੇ। ਮੈਂ ਮਿਸਤਰੀ ਨੂੰ ਪੈਂਚਰ ਲਾਉਂਦੇ ਵੇਖਦਾ ਰਿਹਾ। ਉਹ ਕਿਸੇ ਡੂੰਘੀ ਸੋਚ ਵਿੱਚ ਉਤਰਿਆ ਆਪਣੇ ਕੰਮ ਵਿੱਚ ਮਸਤ। ਮੈਨੂੰ ਆਇਆ ਵੇਖ ਕੇ, ਭਰਾ ਚਾਹ ਬਣਾਉਣ ਲਈ ਕੋਠੇ ਉਤੇ ਕਹਿਣ ਜਾ ਰਿਹੈ। ਉਹ ਗਊਆਂ ਦੇ ਵੱਖਰੇ ਖੁੱਲੇ ਬਰਾਂਡੇ ਵਿੱਚ ਖੜ੍ਹਾ ਸੀ। ਘਰ ਦੇ ਹੇਠਾਂ ਡੰਗਰ-ਪਸ਼ੂਆਂ ਲਈ ਥਾਂ ਹੈ। ਉਪਰ ਰਿਹਾਇਸ਼। ਉਹ ਪਿੰਡ ਤੋਂ ਆਉਣ ਜਾਣ ਦੀ ਖੇਚਲ ਕਰਕੇ ਮੋਟਰ ਉਤੇ ਆ ਗਏ ਸਨ। ਹੋਰ ਵੀ ਬਹੁਤ ਸਾਰੇ ਕਿਸਾਨ ਖੇਤਾਂ ਵਿੱਚ ਕੋਠੀਆਂ ਪਾ ਕੇ ਰਹਿ ਰਹੇ ਹਨ। ਉਥੋਂ ਉਠ ਕੇ ਉਥੇ ਹੀ ਕੰਮ ਲੱਗ ਜਾਣਾ। ਰਾਖੀ ਦੀ ਰਾਖੀ ਤੇ ਸਭ ਕਾਸੇ ਦਾ ਸੁੱਖ ਹੀ ਸੁਖ। ਭਰਾ ਨੇ ਜਾਂਦੇ ਜਾਂਦੇ ਮੁੜ ਕੇ ਪੈਂਚਰ ਲਾਉਣ ਵਾਲੇ ਨੂੰ ਦੁਰੋਂ ਹੀ ਪੁੱਛਿਆ, ”ਓ ਬਈ ਚਾਹ ਪੀ ਲਈ ਤੀ?” ਉਸ ਨੇ ਮੂੰਹ ਉਪਰ ਚੁੱਕ ਕੇ ਕਿਹਾ, ”ਪੀ ਲਈ ਤੀ, ਠੰਢੀ ਜਿਹੀ।” ਭਰਾ ਨੇ ਹੱਸ ਕੇ ਕਿਹਾ, ”ਤੂੰ ਐਂ ਕਹਿ, ਹੋਰ ਪੀਊਂਗਾ।” ਮਿਸਤਰੀ ਹੱਸ ਪਿਆ, ”ਤੂੰ ਆਪੇ ਸਮਝ ਲੈ ਬਾਈ।” ਭਰਾ ਹੱਸ ਕੇ ਫ਼ੇਰ ਮੁੜ ਗਿਆ, ”ਏਹਦਾ ਮਤਬਲ ਪੀਏਂਗਾ ?” ਮੈਂ ਮਿਸਤਰੀ ਦਾ ਨਾਂ ਅਤੇ ਹੋਰ ਅਤਾ ਪਤਾ ਪੁੱਛਣ ਲੱਗ ਪਿਆ। ਉਸ ਨੇ ਹੌਲੀ ਹੌਲੀ ਆਪਣਾ ਨਾਂ ਅਤੇ ਹੋਰ ਅਤਾ ਪਤਾ ਵੀ ਦੱਸ ਦਿੱਤਾ। ਉਹ ਤੀਹ ਪੈਂਤੀ ਸਾਲਾਂ ਤੋਂ ਅਮਲੋਹ ਸ਼ਹਿਰ ਦੇ ਬਾਹਰ ਸੜਕ ਉਤੇ ਸਾਈਕਲਾਂ ਦੀ ਮੁਰੰਮਤ ਦੀ ਦੁਕਾਨ ਕਰਦਾ ਸੀ। ਪਹਿਲਾਂ ਤਾਂ ਉਸ ਦਾ ਕੰਮ ਵਧੀਆ ਚਲਦਾ ਰਿਹਾ। ਫ਼ੇਰ ਹੌਲੀ ਹੌਲੀ ਲੋਕਾਂ ਕੋਲ ਸਾਈਕਲ ਘੱਟਦੇ ਗਏ। ਸਕੂਟਰ,ਮੋਟਰ ਸਾਈਕਲ ਅਤੇ ਕਾਰਾਂ ਵੱਧ ਗਈਆਂ। ਹੌਲੀ ਹੌਲੀ ਸਾਈਕਲਾਂ ਦੀ ਮੁਰੰਮਤ ਦਾ ਕੰਮ ਘੱਟਦਾ ਗਿਆ। ਉਸ ਨੇ ਦੱਸਿਆ ਕਿ ਟੱਬਰ ਦਾ ਗੁਜਾਰਾ ਕਰਨਾ ਮੁਸ਼ਕਲ ਹੋ ਗਿਆ। ਉਹ ਹਾਰ ਕੇ ਰਿਕਸ਼ਾ-ਰੇਹੜੀ ਲੈ ਕੇ ਪਿੰਡਾਂ ਵਿੱਚ ਜਾਣ ਲੱਗ ਪਿਆ। ਉਹ ਸਵੇਰੇ ਹੀ ਪਿੰਡਾਂ ਵੱਲ ਚਲ ਪੈਂਦਾ ਹੈ। ਹਰ ਰੋਜ਼ ਬਦਲਵੇਂ ਪਿੰਡਾਂ ਵਿੱਚ ਹੋਕਾ ਦਿੰਦਾ ਹੈ, ”ਪੈਂਚਰ ਲੁਆ ਲਓ, ਮੁਰੰਮਤ ਕਰਾ ਲਓ ਭਾਈ।” ਉਹ ਜਿਥੇ ਇੱਕ ਥਾਂ ਖੜ੍ਹ ਗਿਆ,ਉਥੇ ਹੀ ਪੈਂਚਰ ਲੁਆਉਣ ਵਾਲੇ ਤੇ ਹੋਰ ਵੀ ਮੁਰੰਮਤ ਕਰਾਉਣ ਵਾਲੇ ਆ ਜਾਂਦੇ ਹਨ। ਉਸ ਨੇ ਦੱਸਿਆ ਕਿ ਕਈ ਵਾਰੀ ਤਾਂ ਇੱਕ ਪਿੰਡ ਵਿੱਚ ਹੀ ਸਾਰਾ ਦਿਨ ਲੰਘ ਜਾਂਦਾ ਹੈ ਤੇ ਚੰਗੀ ਦਿਹਾੜੀ ਪੈ ਜਾਂਦੀ ਹੈ। ਕਈ ਵਾਰ ਦੋ ਚਾਰ ਪਿੰਡ ਘੁੰਮ ਕੇ ਵੀ ਦਿਹਾੜੀ ਨਹੀਂ ਪੈਂਦੀ। ਚਾਹ-ਪਾਣੀ ਤਾਂ ਹਰੇਕ ਹੀ ਪਿਆ ਦਿੰਦਾ ਹੈ।ਕਈ ਰੋਟੀ ਵੀ ਪੁੱਛ ਲੈਂਦੇ ਹਨ।ਜਾਂ ਆਪ ਮੰਗ ਕੇ ਖਾ ਲਈਦੀ ਹੈ। ਏਸ ਗੱਲ ਨੂੰ ਪਿੰਡਾਂ ਵਾਲੇ ਅਜੇ ਵੀ ਚੰਗੇ ਨੇ।ਸਬਜ਼ੀ, ਸਾਗ ਬਗੈਰਾ ਵੀ ਦੇ ਦਿੰਦੇ ਨੇ।ਸ਼ਹਿਰ ਵਿੱਚ ਤਾਂ ਕੋਈ ਪਾਣੀ ਨੀ ਪੁੱਛਦਾ। ਉਸ ਨੇ ਬੱਚਿਆਂ ਦੇ ਛੋਟੇ ਸਾਈਕਲ ਨੂੰ ਪੈਂਚਰ ਅਤੇ ਹੋਰ ਟੁੱਟ ਭੱਜ ਵੀ ਠੀਕ ਕਰ ਕੇ ਖੜ੍ਹਾ ਕਰ ਦਿੱਤਾ। ਭਰਾ ਨੇ ਛੋਟੇ-ਮੋਟੇ ਸਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਵਾਲਾ ਰਿਕਸ਼ਾ-ਰੇਹੜੀ ਵੀ ਉਸ ਕੋਲ ਲਿਆ ਕੇ ਖੜ੍ਹਾ ਕਰ ਦਿੱਤਾ, ”ਲੈ ਬਈ ਏਸ ਨੂੰ ਵੀ ਪੈਂਚਰ ਲਾ ਦੇ।” ਮਿਸਤਰੀ ਪੈਂਚਰ ਲਾਉਣ ਲੱਗ ਪਿਆ। ਭਰਾ ਗਊਆਂ ਵੱਲ ਗੇੜਾ ਮਾਰਨ ਚਲਾ ਗਿਆ। ਇੱਕ ਗਊ ਤਾਜੀ ਸੂਈ ਸੀ। ਬਰਾਂਡੇ ਹੇਠ ਉਸ ਦੀ ਜ਼ੇਰ ਵੱਲ ਕਾਂ ਆ ਰਹੇ ਸਨ। ਗਊ ਨੇ ਅਜੇ ਪੂਰੀ ਜ਼ੇਰ ਨਹੀਂ ਸੀ ਸੁਟੀ। ਅੱਧ ਵਿਚਕਾਰ ਹੀ ਲਟਕ ਰਹੀ ਸੀ।ਭਰਾ ‘ਹਿਆਤ-ਹਿਊਤ’ ਕਰਕੇ ਆ ਗਿਆ। ਕਾਂ ਦੂਰ ਉੱਡ ਗਏ ਸਨ। ਉਸ ਦੇ ਆਉਂਦੇ ਨੂੰ ਉਹ ਪੈਂਚਰ ਲਾ ਰਿਹਾ ਸੀ। ਉਹ ਪੈਂਚਰ ਲਗਾ ਕੇ ਬੋਲਿਆ, ”ਲਓ ਜੀ ਟੱਲੀ ਵਰਗਾ ਹੋ ਗਿਆ। ਹੁਣ ਚਾਹੇ ਕੂੜਾ ਲੱਦੋ ਚਾਹੇ ਪੱਠੇ।” ਭਰਾ ਨੂੰ ਉਸ ਦੇ ਕੁੱਤੇ ਫ਼ੇਲ੍ਹ ਹੋਇਆਂ ਦਾ ਚੇਤਾ ਆ ਗਿਆ, ”ਯਾਰ ਏਹਦੇ ਕੁੱਤੇ ਵੀ ਪਾ ਦੇ।” ਉਸ ਨੇ ਝੱਟ ਰਿਕਸ਼ਾ-ਰੇਹੜੀ ਟੇਢੀ ਕਰ ਲਈ, ”ਕੇਹੜੇ ਪਾਵਾਂ ਖੜ੍ਹੇ ਕੰਨਾਂ ਵਾਲੇ ਕੇ ਢਿੱਲੇ ਕੰਨਾਂ ਵਾਲੇ।” ਉਹ ਮੁਸਕੜੀਆਂ ਹੱਸ ਪਿਆ। ਭਰਾ ਨੇ ਵੀ ਹੱਸ ਕੇ ਕਿਹਾ, ”ਖੜ੍ਹੇ ਕੰਨਾਂ ਵਾਲੇ ਪਾ, ਦੂਜਿਆਂ ਦਾ ਕਿਆ ਕੰਮ।” ਉਹ ਇੱਕ ਛੋਟੇ ਡੱਬੇ ਵਿੱਚੋਂ ਲੋਹੇ ਦੇ ਛੋਟੇ ਟੁਕੜੇ (ਕੁੱਤੇ) ਅਤੇ ਰਬੜਾਂ ਦੇ ਟੁਕੜੇ ਲੱਭ ਕੇ ਲੈ ਆਇਆ। ਮੇਰੇ ਨਾਲ ਵੀ ਉਹ ਗੱਲਾਂ ਵਿੱਚ ਖੁੱਲ੍ਹ ਗਿਆ। ਉਸ ਨੇ ਦੱਸਿਆ, ”ਕੀ ਕਰੀਏ ਜੀ ਦਰ ਦਰ ਫ਼ਿਰਦੇ ਹਾਂ। ਸ਼ਹਿਰਾਂ ‘ਚ ਤਾਂ ਇਹ ਕੰਮ ਬਹੁਤ ਘੱਟ ਗਿਆ। ਪਿੰਡਾਂ ਵਿੱਚ ਅਜੇ ਸਾਈਕਲ ਹੈਗੇ ਨੇ। ਖਾਸ ਕਰ ਬੱਚਿਆਂ ਦੇ ਟੁੱਟਦੇ ਭੱਜਦੇ ਨੇ।” ਮੈਂ ਉਸ ਨੂੰ ਕਿਹਾ, ”ਹੁਣ ਤਾਂ ਪਿੰਡਾਂ ਵਿੱਚ ਵੀ ਘੱਟ ਰਹੇ ਨੇ।” ਉਸ ਨੇ ਝੱਟ ਕਹਿ ਦਿੱਤਾ, ”ਹਾਂ ਜੀ ਐਂ ਤਾਂ ਪਿੰਡਾਂ ਵਾਲੇ ਵੀ ਸਕੂਟਰਾਂ ਬਿਨਾਂ ਚਾਹ ਤੇ ਰੋਟੀ ਲੈ ਕੇ ਨੀਂ ਜਾਂਦੇ ਖੇਤ ਵੱਲ।” ਉਸ ਨੇ ਗੱਲਾਂ ਕਰਦੇ ਕਰਦੇ ਨੇ ਕੁੱਤੇ ਵੀ ਪਾ ਦਿੱਤੇ, ”ਲਓ ਜੀ ਖੜ੍ਹੇ ਕੰਨਾਂ ਵਾਲੇ ਹੁਣ ਭੌਂਕਣਗੇ।” ਅਸੀਂ ਸਾਰੇ ਹੱਸ ਪਏ।ਭਰਾ ਨੇ ਉਸ ਨੂੰ ਚਾਹ ਲਿਆ ਦਿੱਤੀ, ”ਲੈ ਗਰਮ ਗਰਮ ਪੀ।” ਮੈਨੂੰ ਉਸ ਨੇ ਇਸ਼ਾਰੇ ਨਾਲ ਕੋਠੇ ਉਪਰ ਪੀਣ ਲਈ ਅੱਖਾਂ ਨਾਲ ਹੀ ਕਹਿ ਦਿੱਤਾ। ਭਰਾ ਨੇ ਉਸ ਨੂੰ ਪੈਸੇ ਪੁੱਛ ਲਏ, ”ਉਇ ਕਿੰਨੇ ਕੁ ਹਜ਼ਾਰ ਬਣਾ ਤੇ।” ਉਸ ਨੇ ਹੱਸੇ ਬਗੈਰ ਹੀ ਕਿਹਾ, ”ਅੱਸੀ ਹਜ਼ਾਰ।” ਭਰਾ ਨੇ ਹੱਸ ਕੇ ਕਿਹਾ, ”ਲੈ ਸੌ ਹਜ਼ਾਰ ਵੀਹ ਮੋੜਦੇ।” ਉਸ ਨੇ ਸੌ ਦਾ ਨੋਟ ਫ਼ੜਿਆ ਤੇ ਵੀਹ ਵਾਪਸ ਕਰ ਦਿੱਤੇ।ਉਸ ਨੇ ਖੜ੍ਹੇ ਖੜ੍ਹੇ ਨੇ ਹੀ ਚਾਹ ਵੀ ਪੀ ਲਈ। ਚਾਹ ਦੀ ਗਰਮੀ ਨਾਲ ਉਹ ਸਮਾਨ ਇੱਕੱਠਾ ਕਰਕੇ ਜਾਣ ਲਗਾ ਤਾਂ ਭਰਾ ਨੇ ਕਿਹਾ, ”ਆਉਂਦਾ ਜਾਂਦਾ ਫ਼ੇਰ ਗੇੜਾ ਮਾਰ ਜਾਈਂ। ਤੇਰੇ ਪਾਏ ਕੁੱਤੇ ਭੌਂਕਣ ਤੋਂ ਹੱਟ ਜਾਣੇ ਨੇ।” ਉਹ ਹੱਸਦਾ ਹੋਇਆ ਰਿਕਸ਼ਾ-ਰੇਹੜੀ ਲੈ ਕੇ ਪਿੰਡ ਵੱਲ ਜਾਣ ਲੱਗਾ ਤਾਂ ਉਸੇ ਵੇਲੇ ਪਿੰਜਰੇ ਵਾਲਾ ਅਲਸ਼ੇਸ਼ਨ ਉਸ ਵੱਲ ਵੱਢ ਖਾਣ ਲਈ ਭੌਂਕਣ ਲੱਗ ਪਿਆ। ਸਾਈਕਲ ਵਾਲੇ ਨੇ ਡਰ ਕੇ ਇੱਕ ਦਮ ਪਿਛੇ ਵੇਖਿਆ ਤਾਂ ਉਹ ਪਿੰਜਰੇ ਵਿੱਚ ਖੌਰੂ ਪਾਉਂਦੇ ਨੂੰ ਸਮਝ ਗਿਆ ਕਿ ਉਹ ਬਾਹਰ ਨਹੀਂ ਆ ਸਕੇਗਾ। ਭਰਾ ਨੇ ਅਲਸ਼ੇਸ਼ਨ ਨੂੰ ਘੂਰਦਿਆਂ ਮਿਸਤਰੀ ਨੂੰ ਸੁਣਾ ਕੇ ਕਿਹਾ, ”ਪਾ ਲੈ ਹੁਣ ਖੜ੍ਹੇ ਕੰਨਾਂ ਵਾਲੇ ਕੁੱਤੇ।” ਫ਼ੇਰ ਉਸ ਨੇ ਮੇਰੇ ਵੱਲ ਮੂੰਹ ਕਰਕੇ ਕਿਹਾ, ”ਐਂ ਕਿਸੇ ਜਾਂਦੇ ਨੂੰ ਟੁੱਟ ਕੇ ਪੈਂਦੈ ਕਿ ਕੋਈ ਚੀਜ਼ ਚੁੱਕ ਕੇ ਲੈ ਚੱਲਿਐ। ਰਾਖੀ ਲਈ ਚੰਗੈ।” ਮੈਂ ਸੋਚ ਰਿਹਾ ਸੀ ਕਿ ਪਿੰਡਾਂ ਵਿੱਚ ਜਿਹੜੇ ਕੁੱਤੇ ਖੁੱਲ੍ਹੇ ਫ਼ਿਰਦੇ ਨੇ ,ਉਨ੍ਹਾਂ ਤੋਂ ਕਿਵੇਂ ਬਚ ਕੇ ਲੰਘਦਾ ਹੋਊ। ਉਹ ਤਾਂ ਅਲੀ ਅਲੀ ਕਰਕੇ ਪੈ ਜਾਂਦੇ ਨੇ। ਨਾਲ ਹੀ ਮੇਰੀ ਸੋਚ ਘੁੰਮ ਗਈ ਕਿ ਉਸ ਨੂੰ ਏਥੋਂ ਤਾਂ ਅੱਸੀ ਰੁਪਏ ਬਣ ਗਏ। ਅਗੋਂ ਪਤਾ ਨਹੀਂ ਖਾਲੀ ਹੱਥ ਹੀ ਜਾਣਾ ਪਏ। ਕੀ ਉਸ ਦਾ ਅੱਸੀ ਰੁਪਏ ਨਾਲ ਅੱਜ ਦਾ ਗੁਜ਼ਾਰਾ ਹੋ ਜਾਵੇਗਾ? ਸ਼ਾਇਦ ਉਹ ਵੀ ਨੀਵੀਂ ਪਾਈ ਪੈਡਲ ਮਾਰਦਾ ਏਹੀ ਸੋਚਦਾ ਜਾ ਰਿਹਾ ਸੀ। ੲ
ઠਲੇਖਕ
ਮੁਖਤਿਆਰ ਸਿੰਘ