ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵੱਲੋਂ ਕਾਂਗਰਸ ਵਿਰੁੱਧ ਰੂਪਨਗਰ ‘ਚ ਧਰਨਾ ਪ੍ਰਦਰਸ਼ਨ

ਰੂਪਨਗਰ  — ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਕਾਂਗਰਸ ਸਰਕਾਰ ਵਿਰੁੱਧ ਸੋਮਵਾਰ ਨੂੰ ਰੂਪਨਗਰ ‘ਚ ਮਹਾਰਾਜ ਰਣਜੀਤ ਸਿੰਘ ਬਾਗ ‘ਚ ਧਰਨਾ ਲਗਾਇਆ ਗਿਆ। ਇਸ ਧਰਨੇ ਦੀ ਅਗਵਾਈ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਅਤੇ ਭਾਜਪਾ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਵੱਲੋਂ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਬੁਲਾਰਿਆਂ ਨੇ ਦੋਸ਼ ਲਗਾਏ ਕਿ ਕਾਂਗਰਸ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ ਹੈ ਅਤੇ ਕਾਂਗਰਸ ਸਰਕਾਰ ਨੂੰ ਆਏ ਤਿੰਨ ਮਹੀਨੇ ਹੀ ਹੋਏ ਹਨ ਕਿ ਜਨਤਾ ਪਰੇਸ਼ਾਨ ਹੋ ਚੁੱਕੀ ਹੈ। ਧਰਨੇ ‘ਚ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਧਰਨੇ ‘ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਭਾਜਪਾ ਜ਼ਿਲਾ ਪ੍ਰਧਾਨ ਯੋਗੇਸ਼ ਸੂਦ ਮਾਈਕ ‘ਤੇ ਬੋਲਣ ਲੱਗੇ ਤਾਂ ਰੋਪੜ ਜ਼ਿਲੇ ‘ਚ ਪੈਂਦੇ ਮੋਰਿੰਡਾ ਨਗਰ ਕੌਂਸਲ ਦੇ ਅਕਾਲੀ ਕੌਂਸਲਰਾਂ ਨੇ ਇਤਰਾਜ਼ ਜਤਾਉਂਦੇ ਹੋਏ ਯੋਗੇਸ਼ ਸੂਦ ਹਾਏ-ਹਾਏ ਦੇ ਨਾਅਰੇ ਲਗਾ ਦਿੱਤੇ। ਕੌਂਸਲਰ ਅਮ੍ਰਿਤਪਾਲ ਸਿੰਘ ਅਤੇ ਬਲਵਿੰਦਰ ਬਾਜਪਾ ਪ੍ਰਧਾਨ ਨਗਰ ਕੌਂਸਲ ਨੇ ਦੋਸ਼ ਲਗਾਇਆ ਕਿ ਭਾਜਪਾ ਜ਼ਿਲਾ ਪ੍ਰਧਾਨ ਯੋਗੇਸ਼ ਸੂਦ ਦੇ ਇਸ਼ਾਰੇ ‘ਤੇ ਕਰੀਬ ਇਕ ਮਹੀਨਾ ਪਹਿਲਾਂ ਕਾਂਗਰਸ ਸਰਕਾਰ ਨਾਲ ਮਿਲ ਕੇ ਪ੍ਰਧਾਨ ਨਗਰ ਕੌਂਸਲ ‘ਤੇ ਨਗਰ ਕੌਂਸਿਲ ਦੀ ਪ੍ਰੋਸੀਡਿੰਗ ਬੁੱਕ ਚੋਰੀ ਕਰਨ ਦਾ ਪਰਚਾ ਦਰਜ ਕਰਵਾਇਆ ਗਿਆ ਹੈ। ਦੂਜੇ ਪਾਸੇ ਭਾਜਪਾ ਜ਼ਿਲਾ ਪ੍ਰਧਾਨ ਯੋਗੇਸ਼ ਸੂਦ ਨੇ ਉਲਟ ਇਨ੍ਹਾਂ ਅਕਾਲੀ ਕੌਂਸਲਰਾਂ ਨੂੰ ਹੀ ਕਾਂਗਰਸ ਦੇ ਪਿਠੂ ਕਰਾਰ ਦਿੱਤਾ। ਇਸ ਮਾਮਲੇ ‘ਚ ਜਦੋਂ ਸੀਨੀਅਰ ਭਾਜਪਾ ਲੀਡਰ ਅਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਮਾਮਲੇ ਦੇ ਬਾਰੇ ‘ਚ ਉਨ੍ਹਾਂ ਨੂੰ ਨਹੀਂ ਪਤਾ, ਅਤੇ ਕਿਸੇ ਭਾਜਪਾ ਦਾ ਕਾਂਗਰਸੀਆਂ ਨਾਲ ਮਿਲਣ ਦਾ ਕੋਈ ਸਵਾਲ ਹੀ ਨਹੀਂ।