ਕੈਪਟਨ ਸਰਕਾਰ ਆਉਣ ਤੋਂ ਬਾਅਦ ਵੀ ਨਹੀਂ ਰੁੱਕ ਰਿਹਾ ਨਸ਼ੇ ਦਾ ਕਾਰੋਬਾਰ

ਹੁਸ਼ਿਆਰਪੁਰ — ਪੰਜਾਬ ‘ਚ ਕਾਂਗਰਸ ਸਰਕਾਰ ਦੀ ਸਥਾਪਨਾ ਤੋਂ ਬਾਅਦ ਵੀ ਜ਼ਿਲੇ ‘ਚ ਨਸ਼ੇ ਦਾ ਕਾਰੋਬਾਰ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਜ਼ਿਲਾ ਹੁਸ਼ਿਆਰਪੁਰ ‘ਚ ਨਸ਼ੇ ਦੇ ਸੌਦਾਗਰਾਂ ਦੀ ਫੜੋ-ਫੜੀ ਲਈ ਪੁਲਸ ਵੱਲੋਂ ਵਿਆਪਕ ਪੱਧਰ ‘ਤੇ ਮੁਹਿੰਮ ਸ਼ੁਰੂ ਕੀਤੇ ਜਾਣ ਦੇ ਬਾਵਜੂਦ ਜ਼ਿਲੇ ‘ਚ ਕੋਈ ਵੱਡਾ ਮਗਰਮੱਛ ਕਾਬੂ ਨਹੀਂ ਆ ਸਕਿਆ। ਡਰੱਗ ਤੇ ਸ਼ਰਾਬ ਸਮੱਗਲਰਾਂ ਦੇ ਵਿਰੁੱਧ ਮੁਹਿੰਮ ਦੌਰਾਨ ਹਰ ਰੋਜ਼ ਛੋਟੇ-ਮੋਟੇ ਸੌਦਾਗਰ ਹੀ ਕਾਬੂ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਵੱਡੇ ਮਗਰਮੱਛ ਕਾਬੂ ਨਹੀਂ ਕੀਤੇ ਜਾਂਦੇ, ਓਨੀ ਦੇਰ ਤੱਕ ਛੋਟੀਆਂ ਮੱਛੀਆਂ ਨੂੰ ਫੜਨ ਦਾ ਕੋਈ ਲਾਭ ਨਹੀਂ ਹੋਵੇਗਾ।
ਸ਼ਰਾਬ ਦੀ ਸਮੱਗਲਿੰਗ ਲਈ ਪ੍ਰਸਿੱਧ ਹੈ ਪਿੰਡ ਘਸੀਟਪੁਰ
ਜ਼ਿਲਾ ਹੁਸ਼ਿਆਰਪੁਰ ਦੇ ਮੁਕੇਰੀਆਂ ਉਪ ਮੰਡਲ ‘ਚ ਪਿੰਡ ਘਸੀਟਪੁਰ ‘ਚ ਸ਼ਰਾਬ ਦੀ ਸਮੱਗਲਿੰਗ ਕਰਨ ਦੇ ਮਾਮਲੇ ‘ਚ ਔਰਤਾਂ ਵੀ ਪਿੰਡ ਦੇ ਮਰਦਾਂ ਤੋਂ ਘੱਟ ਨਹੀਂ ਹਨ। ਪਿੰਡ ‘ਚ ਪਿਛਲੇ ਕੁਝ ਸਾਲਾਂ ਦੌਰਾਨ ਸ਼ਰਾਬ ਸਮੱਗਲਿੰਗ ਦੇ ਦੋਸ਼ ‘ਚ ਫੜੇ ਲੋਕਾਂ ‘ਚ ਔਰਤਾਂ ਦੀ ਸੰਖਿਆ ਮਰਦਾਂ ਨਾਲੋਂ ਕਿਤੇ ਜ਼ਿਆਦਾ ਹੈ। ਇਸ ਦੇ ਬਾਵਜੂਦ ਪਿੰਡ ‘ਚ ਸ਼ਰਾਬ ਦੀ ਸਮੱਗਲਿੰਗ ਦਾ ਧੰਦਾ ਨਿਰੰਤਰ ਜਾਰੀ ਹੈ।
ਹਿਮਾਚਲ ਪ੍ਰਦੇਸ਼ ਦੇ ਛੰਨੀ ਬੈਲੀ ਖੇਤਰ ਤੋਂ ਆਉਂਦੀ ਹੈ ਸ਼ਰਾਬ
ਜ਼ਿਲਾ ਹੁਸ਼ਿਆਰਪੁਰ ‘ਚ ਨਾਜਾਇਜ਼ ਸ਼ਰਾਬ ਦੀ ਸਪਲਾਈ ਲਾਈਨ ਹਿਮਾਚਲ ਪ੍ਰਦੇਸ਼ ਦੇ ਪਿੰਡ ਛੰਨੀ ਬੈਲੀ ਤੋਂ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਦਸੂਹਾ, ਮੁਕੇਰੀਆਂ ਤੇ ਟਾਂਡਾ ਦੇ ਮੰਡ ਖੇਤਰਾਂ ‘ਚ ਵੀ ਨਾਜਾਇਜ਼ ਸ਼ਰਾਬ ਦੀਆਂ ਮਿੰਨੀ ਡਿਸਟਿਲਰੀਆਂ ਵੀ ਚਲਦੀਆਂ ਹਨ। ਸਮੇਂ-ਸਮੇਂ ‘ਤੇ ਪੁਲਸ ਤੇ ਆਬਕਾਰੀ ਵਿਭਾਗ ਵੱਲੋਂ ਵਿਸ਼ੇਸ਼ ਆਪ੍ਰੇਸ਼ਨ ਸ਼ੁਰੂ ਕਰ ਕੇ ਮਿੰਨੀ ਡਿਸਟਿਲਰੀਆਂ ਨਸ਼ਟ ਕੀਤੀਆਂ ਜਾਂਦੀਆਂ ਹਨ।
ਨਸ਼ੇ ਦੀ ਸਪਲਾਈ ‘ਚ ਔਰਤਾਂ ਵੀ ਘੱਟ ਨਹੀਂ
ਗੜ੍ਹਸ਼ੰਕਰ ਮੰਡਲ ਦੇ ਪਿੰਡ ਦੋਨੇਵਾਲ ਖੁਰਦ ‘ਚ ਚੂਰਾ-ਪੋਸਤ ਅਤੇ ਨਸ਼ੀਲੇ ਪਾਊਡਰ ਦੀ ਸਪਲਾਈ ਦਾ ਧੰਦਾ ਬੀਤੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਪਿੰਡ ਦੀਆਂ ਕਈ ਔਰਤਾਂ ਵੀ ਇਸ ਧੰਦੇ ‘ਚ ਸ਼ਾਮਲ ਦੱਸੀਆਂ ਜਾਂਦੀਆਂ ਹਨ। ਪੁਲਸ ਵੱਲੋਂ ਇਸ ਪਿੰਡ ‘ਚ ਤਸਕਰਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਦਬਿਸ਼ ਦੇਣ ਦੇ ਬਾਵਜੂਦ ਇਸ ਪਿੰਡ ‘ਚ ਨਸ਼ੀਲੇ ਪਾਦਰਥਾਂ ਦੀ ਤਸਕਰੀ ਦਾ ਧੰਦਾ ਪੂਰੀ ਤਰ੍ਹਾਂ ਨਾਲ ਨਹੀਂ ਰੁੱੱਕਿਆ। ਆਸ ਕਿਰਨ ਨਸ਼ਾਮੁਕਤੀ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਹਰਵਿੰਦਰ ਸਿੰਘ ਮੁਤਬਕ ਬੀਤੇ 2 ਮਹੀਨੇ ਦੌਰਾਨ ਉਨ੍ਹਾਂ ਦੇ ਕੇਂਦਰ ‘ਚ 20-25 ਮਰੀਜ਼ ਹੀ ਦਾਖਲ ਹੋਏ ਹਨ। ਇਸ ਤੋਂ ਪਹਿਲਾਂ ਹਰ ਮਹੀਨੇ 15-20 ਮਰੀਜ਼ ਇਲਾਜ ਲਈ ਦਾਖਲ ਹੁੰਦੇ ਸਨ। ਜੋ ਨਵੇਂ ਮਰੀਜ਼ ਆ ਰਹੇ ਹਨ ਉਹ ਜ਼ਿਆਦਾ ਸ਼ਰਾਬ ਦੇ ਆਦਿ ਹਨ। ਚਿੱਟਾ, ਨਸ਼ੀਲੀ ਦਵਾਈਆਂ ਅਤੇ ਇੰਜੈਕਸ਼ਨਾਂ ਦਾ ਪ੍ਰਯੋਗ ਕਰਨ ਵਾਲੇ ਨਸ਼ੇੜੀਆਂ ਦੀ ਗਿਣਤੀ ‘ਚ ਕਮੀ ਆਈ ਹੈ। ਆਸ ਕਿਰਨ ਨਸ਼ਾਮੁਕਤੀ ਕੇਂਦਰ ‘ਚ ਦਾਖਲ ਮਰੀਜ਼ਾਂ ਨੂੰ ਗਰੁੱਪ ਕਾਊਂਸਲਿੰਗ ਅਤੇ ਇੰਡੀਵਿਜ਼ੁਅਲ ਕਾਊਂਸਲਿੰਗ ਵੱਲੋਂ 1 ਮਹੀਨੇ ਦੀ ਕਾਊਂਸਲਿੰਗ ਕੀਤੇ ਜਾਣ ਦੀ ਵਿਵਸਥਾ ਹੈ। ਇਥੇ ਮਰੀਜ਼ਾਂ ਦੇ ਠੀਕ ਹੋਣ ਦੀ ਪ੍ਰਤੀਸ਼ਤ ਦਰ 25 ਤੋਂ 30 ਪ੍ਰਤੀਸ਼ਤ ਤੱਕ ਹੈ।