ਪੰਜਾਬ ਵਿਚ ਆਈ.ਬੀ.ਐਮ ਅਤੇ ਸਿਸਕੋ ਵਲੋਂ ਪੀ.ਪੀ.ਪੀ ਵਿਧੀ ਰਾਹੀਂ ਸੈਂਟਰ ਆਫ ਐਕਸੀਲੈਂਸ ਸ਼ਥਾਪਤ ਕੀਤੇ ਜਾਣਗੇ: ਚੰਨੀ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਚਨਾ ਤਕਨਾਲੋਜੀ ਦੇ ਖੇਤਰ ਵਿਚ ਵਿਸ਼ਵ ਪੱਧਰੀ ਕੰਪਨੀਆਂ ਆਈ.ਬੀ.ਐਮ ਅਤੇ ਸਿਸਕੋ ਨਾਲ ਸਾਂਝੀਵਾਲਤਾ ਰਾਹੀਂ ਸੂਬੇ ਵਿਚ ਸੈਂਟਰ ਆਫ ਐਕਸੀਲੈਂਸ ਖੋਲੇ ਜਾਣਗੇ।
ਅੱਜ ਇੱਥੇ ਦੋਵਾਂ ਆਈ.ਟੀ ਗਰੁੱਪਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਪੀ.ਪੀ.ਪੀ ਵਿਧੀ ਰਾਹੀਂ ਸੈਂਟਰ ਆਫ ਐਕਸੀਲੈਂਸ ਖੋਲਣ ਲਈ ਸਿਧਾਂਤਕ ਸਹਿਮਤੀ ਦਿੰਦਿਆਂ ਇਸ ਪ੍ਰੋਜੈਕਟ ਦੇ ਪਹਿਲੇ ਫੇਜ਼ ਵਿਚ ਇੱਕ ਇੱਕ ਸੈਂਟਰ ਖੋਲਣ ਦੀ ਹਾਮੀ ਭਰੀ ਹੈ।
ਸ. ਚੰਨੀ ਨੇ ਅੱਗੇ ਦੱਸਿਆ ਕਿ ਸੂਚਨਾ ਤਕਨਾਲੋਜੀ ਅਤੇ ਤਕਨੀਕੀ ਸਿੱਖਿਆ ਦੇ ਖੇਤਰ ਦੀਆਂ  ਦੋਵੇਂ ਮੰਨੀਆਂ ਪ੍ਰਮੰਨੀਆਂ ਕੰਪਨੀਆਂ ਵਲੋਂ ਪੰਜਾਬ ਸਰਕਾਰ ਨਾਲ ਸਾਂਝੀਵਾਲਤਾ ਰਾਹੀਂ ਸੈਂਟਰ ਖੋਲਣ ਸਬੰਧੀ ਪ੍ਰਸਤਾਵ ਪੇਸ਼ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਦੋਵਾਂ ਕੰਪਨੀਆਂ ਨੂੰ ਕਿਹਾ ਗਿਆ ਹੈ ਇਸ ਪ੍ਰੋਜੈਕਟ ਨੂੰ ਅਮਲੀ ਜਾਂਮਾਂ ਪਹੁੰਚਾਉਣ ਲਈ ਵਿਸਥਾਰਪੂਰਵਕ ਪ੍ਰੋਜੈਕਟ ਰਿਪੋਟਟਾਂ ਤਿਆਰ ਕਰਕੇ ਜਲਦ ਭੇਜੀਆਂ ਜਾਣ ਤਾਂ ਜੋ ਮੁੱਖ ਮੰਤਰੀ ਪੱਧਰ ‘ਤੇ ਇਨ੍ਹਾਂ ਦੀ ਪ੍ਰਵਾਨਗੀ ਲਈ ਜਾ ਸਕੇ।
ਤਕਨੀਕੀ ਸਿਖਿੱਆ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਨੂੰ ਮਾਡਲ ਸੈਂਟਰਾਂ ਵਜੋਂ ਵਿਕਸਤ ਕੀਤਾ ਜਾਵੇਗਾ, ਇਸ ਸਕੀਮ ਦੇ ਤਹਿਤ ਸੂਬੇ ਦੇ ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਖੇਤਰਾਂ ਵਿਚ ਇੱਕ ਇੱਕ ਸੈਂਟਰ ਖੋਲਿਆ ਜਾਵੇਗਾ।ਉਨ੍ਹਾਂ ਨਾਲ ਹੀ ਕਿਹਾ ਕਿ ਇਸ ਮਾਡਲ ਦੀ ਸਫਲਤਾ ਤੋਂ ਬਾਅਦ ਸੂਬੇ ਦੇ ਨਿੱਜੀ ਤਕਨੀਕੀ ਸਿੱਖਿਆ ਅਦਾਰਿਆਂ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਇਸ ਮਾਡਲ ਨੂੰ ਲਾਗੂ ਕਰਨਾ ਲਾਜ਼ਮੀ ਕੀਤਾ ਜਾਵੇਗਾ।
ਸ. ਚੰਨੀ ਨੇ ਦੱਸਿਆ ਕਿ ਸਿਧਾਂਤਕ ਤੌਰ ‘ਤੇ ਇਹ ਸਹਿਮਤੀ ਜਤਾਈ ਗਈ ਹੈ ਕਿ ਪੰਜਾਬ ਸਰਕਾਰ ਵਲੋਂ ਇਹ ਸੈਂਟਰ ਖੋਲਣ ਲਈ ਬੁਨਿਆਦੀ ਇਮਾਰਤੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ ਅਤੇ ਨਿੱਜੀ ਅਦਾਰਿਆਂ ਵਲੋਂ ਇਨਾਂ ਸੈਂਟਰਾ ਵਿਚ ਬਾਕੀ ਤਕਨੀਕੀ ਢਾਂਚਾ ਅਤੇ ਫਕੈਲਟੀ ਸੇਵਾਵਾਂ ਸਥਾਪਤ ਕੀਤੀਆਂ ਜਾਣਗੀਆਂ।
ਇਸ ਮੌਕੇ ਮੌਜੂਦ ਦੋਵਾਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਨ੍ਹਾਂ ਸੈਂਟਰਾ ਵਿਚ ਵਿਸ਼ਵ ਪੱਧਰੀ ਮੁੱਢਲੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਵਿਸ਼ਵ ਦੇ ਸਭ ਤੋਂ ਵਧੀਆ ਅਦਾਰਿਆਂ ਵਿਚੋਂ ਅਧਿਆਪਕ ਲਿਆ ਕੇ ਨਿਯੁਕਤ ਕੀਤੇ ਜਾਣਗੇ।ਉਨ੍ਹਾਂ ਨਾਲ ਹੀ ਕਿਹਾ ਕਿ ਇਨਾਂ੍ਹ ਸੈਂਟਰਾ ਵਿਚ ਬੀ.ਟੈਕ ਕੋਰਸ ਚਲਾਉਣ ਦੇ ਨਾਲ ਨਾਲ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਚਲਦੇ ਕੋਰਸ ਵੀ ਸ਼ੁਰੂ ਕੀਤੇ ਜਾਣਗੇ।
ਸ. ਕਾਹਨ ਸਿੰਘ ਪੰਨੂ ਸਕੱਤਰ ਤਕਨੀਕੀ ਸਿੱਖਿਆ ਨੇ ਇਸ ਮੌਕੇ ਦੋਵਾਂ ਅਦਾਰਿਆਂ ਦੇ ਨੁਮਇੰਦਿਆਂ ਨੂੰ ਕਿਹਾ ਕਿ ਨਵੇਂ ਪ੍ਰਸਤਾਵ ਵਿਚ ਇਸ ਪਹਿਲੂ ਦਾ ਵੀ ਧਿਆਨ ਰੱਖਿਆ ਜਾਵੇ ਕਿ ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀ ਵੀ ਇੰਨਾਂ ਸੈਂਟਰਾ ਵਿਚ ਦਾਖਲੇ ਲੈ ਸਕਣ।ਇਸ ਦੇ ਨਾਲ ਹੀ ਉਨਾਂ ਕਿਹਾ ਕਿ ਸਮਾਜ ਦੇ ਕਮਜੋਰ ਵਰਗਾਂ ਲਈ ਵੀ ਪ੍ਰਸਤਾਵ ਵਿਚ ਵਿਸੇਸ਼ ਧਿਆਨ ਦਿੱਤਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਆਈ.ਬੀ.ਐਮ ਤੋਂ ਸ੍ਰੀ ਜੀ. ਸੇਥੂਰਮਨ ਸੋਹਿਯੋਗੀ-ਪਬਲਿਕ ਸੈਕਟਰ ਇੰਡੀਆ, ਸ੍ਰੀ ਸ਼ਿਵਮ ਸ਼ਰਮਾ ਸੰਸਥਾਪਕ ਸੀ.ਈ.ਓ ਨਿਊਰਾਨ ਤਕਨਾਲੋਜੀ ਅਤੇ ਸਿਸਕੋ ਦੇ ਪ੍ਰਤੀਨਿਧੀ ਮੌਜੂਦ ਸਨ।