ਯੂਨੀਵਰਸਿਟੀ ਵਿੱਚ ਨੌਕਰੀ ਲਈ ਇੰਟਰਵਿਊ ਸੀ। ਮੇਰੇ ਕੋਲ ਮੇਰੇ ਇੱਕ ਪ੍ਰੋਫ਼ੈਸਰ ਦੋਸਤ ਨਾਲ ਆਪਣੀ ਚੋਣ ਦੀ ਸਿਫ਼ਾਰਸ਼ ਲਈ ਇੱਕ ਬੰਦਾ ਆਇਆ। ਮੁਕਾਬਲਾ ਸਖਤ ਸੀ। ਮੈਂ ਆਪਣੇ ਮਿੱਤਰ ਵਾਈਸ ਚਾਂਸਲਰ ਨੂੰ ਕਿਹਾ ਕਿ ਇਸ ਕੁੜੀ ਨਾਲ ਇਨਸਾਫ਼ ਹੋਵੇ। ਕੁੜੀ ਦੀ ਚੋਣ ਹੋ ਗਈ। ਮੈਨੂੰ ਆਸ ਸੀ ਕਿ ਉਹ ਬੰਦਾ ਅਤੇ ਪ੍ਰੋਫ਼ੈਸਰ ਮਿੱਤਰ ਧੰਨਵਾਦ ਦੇ ਦੋ ਸ਼ਬਦ ਜ਼ਰੂਰ ਕਹਿਣਗੇ ਪਰ ਉਹਨਾਂ ਅਜਿਹਾ ਨਹੀਂ ਕੀਤਾ। ਮੈਨੂੰ ਅਫ਼ਸੋਸ ਹੋਇਆ। ਦੂਜੇ ਪਾਸੇ ਜਦੋਂ ਮੈਂ ਕਿਸੇ ਦਾ ਕੋਈ ਕੰਮ ਕਰਵਾਉਂਦਾ ਹਾਂ ਅਤੇ ਕੰਮ ਬਦਲੇ ਵਿੱਚ ਮੈਨੂੰ ਧੰਨਵਾਦ ਕਹਿੰਦਾ ਹੈ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ। ਜੇ ਇਹ ਸ਼ਬਦ ਮੈਨੂੰ ਚੰਗਾ ਲੱਗਦਾ ਹੈ ਤਾਂ ਤੁਹਾਨੂੰ ਵੀ ਜ਼ਰੂਰ ਚੰਗਾ ਲੱਗਦਾ ਹੋਵੇਗਾ। ਸਭ ਨੂੰ ਚੰਗਾ ਲੱਗਦਾ ਹੋਵੇਗਾ। ਮਿਸਰ ਦਾ ਅਖਾਣ ਹੈ ਕਿ ਜਿਹੜਾ ਮਨੁੱਖਾਂ ਦਾ ਧੰਨਵਾਦ ਨਹੀਂ ਕਰ ਸਕਦਾ, ਉਹ ਰੱਬ ਦਾ ਵੀ ਧੰਨਵਾਦ ਨਹੀਂ ਕਰ ਸਕਦਾ। ਮੈਂ ਤਾਂ ਕੁਦਰਤ ਦਾ ਅਤਿ ਧੰਨਵਾਦੀ ਹਾਂ। ਮੇਰਾ ਦਿਨ ਧੰਨਵਾਦ ਨਾਲ ਆਰੰਭ ਹੁੰਦਾ ਹੈ। ਮੈਂ ਅਕਸਰ ਸਵੇਰੇ ਚਾਰ ਸਾਢੇ ਚਾਰ ਵਜੇ ਦੇ ਦਰਮਿਆਨ ਉਠਦਾ ਹਾਂ ਅਤੇ ਉਠਣ ਸਾਰ ਮੂਲ ਮੰਤਰ ਨੂੰ ਮਨ ਹੀ ਮਨ ਵਿੱਚ ਦੁਹਰਾਈ ਜਾਂਦਾ ਹਾਂ ਲੰਘੀ ਰਾਤ ਲਈ ਕੁਦਰਤ ਦਾ, ਰੱਬ ਦਾ ਜਾਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ ਅਤੇ ਇਸ ਨਾਲ ਕਿ ਅੱਜ ਦਿਨ ਵੀ ਚੰਗਾ ਨਿਕਲੇਗਾ। ਸੈਰ ਦੀ ਤਿਆਰੀ ਕਰਨ ਲੱਗਦਾ ਹਾਂ। ਅਮਰੀਕੀ ਆਦਿਵਾਸੀਆਂ ਅਨੁਸਾਰ ਸਾਨੂੰ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਰੋਟੀ ਦਾ ਧੰਨਵਾਦ ਕਰਨਾ ਚਾਹੀਦਾ ਹੈ।
ਆਪਣੇ ਆਲੇ ਦੁਆਲੇ ਨਿਗਾਹ ਮਾਰੋ ਅਤੇ ਯਾਦ ਕਰੋ। ਤੁਹਾਨੂੰ ਚੇਤੇ ਆਵੇਗਾ ਜਦੋਂ ਤੁਸੀਂ ਕਿਸੇ ਬੱਚੇ ਨੁੰ ਕੋਈ ਤੋਹਫ਼ਾ ਦਿੱਤਾ ਹੋਵੇਗਾ ਤਾਂ ਉਸਦੇ ਮੰਮੀ-ਪਾਪਾ ਨੇ ਕਿਹਾ ਹੋਵੇਗਾ, ‘ਬੇਟਾ, ਅੰਕਲ ਨੂੰ ਥੈਂਕਸ ਬੋਲੋ।’ ਸੌਰੀ ਅਤੇ ਥੈਂਕਸ ਇਹ ਦੋ ਸ਼ਬਦ ਬੱਚੇ ਨੂੰ ਸਿਖਾਉਣੇ ਬਹੁਤ ਜ਼ਰੂਰੀ ਹਨ। ਜ਼ਿੰਮੇਵਾਰ ਮਾਪੇ ਬੱਚਿਆਂ ਨੂੰ ਇਹ ਸ਼ਬਦ ਨਾ ਸਿਰਫ਼ ਚੰਗੀ ਤਰ੍ਹਾਂ ਰਟਾ ਦਿੰਦੇ ਹਨ, ਬਲਕਿ ਇਹਨਾਂ ਨੂੰ ਬੋਲਣ ਦਾ ਸਲੀਕਾ ਵੀ ਸਿਖਾਉਂਦੇ ਹਨ। ਇਸ ਸਭਿਆ ਸਮਾਜ ਵਿੱਚ ਸਫ਼ਲਤਾ ਨਾਲ ਵਿੱਚਰਨ ਵਾਲੇ ਲੋਕਾਂ ਦੇ ਸ਼ਬਦ ਭੰਡਾਰ ਵਿੱਚ ‘ਧੰਨਵਾਦ’ ਸ਼ਬਦ ਸਭ ਤੋਂ ਉਪਰ ਪਿਆ ਹੁੰਦਾ ਹੈ। ਲੇਖਕ ਰਿਕ ਡੋਵਿਸ ਕਹਿੰਦਾ ਹੈ ਕਿ ਧੰਨਵਾਦ ਦੂਜੇ ਬੰਦੇ ਦੀ ਉਦਾਰਤਾ ਦਾ ਆਭਾਰ ਹੈ। ਇਹ ਦੂਜੇ ਬੰਦੇ ਦੀ ਨਿਮਰਤਾ ਨੂੰ ਮਾਨਤਾ ਦਿੰਦਾ ਹੈ। ‘ਧੰਨਵਾਦ’ ਸ਼ਬਦ ਨਾਲ ਅਸੀਂ ਦੂਜੇ ਬੰਦੇ ਵੱਲੋਂ ਸਾਡੇ ਲੲ ਕੀਤੇ ਚੰਗੇ ਕੰਮ ਦੀ ਅਤੇ ਕੁਸ਼ਲ ਸੇਵਾ ਦੇਣ ਲਈ ਜਾਂ ਸਾਡੇ ਕੰਮ ਕਰਨ ਵਿੱਚ ਵਿਕਸਤ ਹੋਣ ਲਈ ਸਮਰਪਿਤ ਕਿਸੇ ਦੇ ਸਮੇਂ ਦੀ ਦਾਦ ਦਿੰਦੇ ਹਾਂ। ਧੰਨਵਾਦ ਕਹਿਣਾ ਜਾਂ ਧੰਨਵਾਦ ਦੇ ਸੰਕੇਤ ਸਾਡੇ ਦੂਜੇ ਬੰਦੇ ਪ੍ਰਤੀ ਪਿਆਰ ਅਤੇ ਨਿਮਰ ਸੋਚ ਦਾ ਪ੍ਰਗਟਾਵਾ ਹਨ। ਧੰਨਵਾਦ ਤਾਂ ਸਾਡੇ ਵੱਲੋਂ ਪ੍ਰਗਟ ਕੀਤਾ ਗਿਆ ਆਭਾਰ ਹੁੰਦਾ ਹੈ। ਧੰਨਵਾਦ ਸ਼ਬਦਾਂ ਨਾਲ ਵੀ ਕੀਤਾ ਜਾ ਸਕਦਾ ਹੈ, ਫ਼ੁੱਲਾਂ ਨਾਲ ਵੀ ਜਾਂ ਕਿਸੇ ਤੋਹਫ਼ੇ ਨਾਲ ਵੀ। ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਧੰਨਵਾਦੀ ਤੋਹਫ਼ੇ ਦੀ ਕੀਮਤ ਨਹੀਂ ਆਂਕੀ ਜਾ ਸਕਦੀ, ਸਗੋਂ ਭਾਵਨਾ ਮਹਿਸੂਸਣ ਦੀ ਲੋੜ ਹੁੰਦੀ ਹੈ। ਇੱਕ ਗੱਲ ਹੋਰ ਧੰਨਵਾਦ ਕਰਕੇ ਤੁਸੀਂ ਦੂਜੇ ਮਨੁੱਖ ਨੂੰ ਅਸਿੱਧੇ ਤੌਰ ‘ਤੇ ਹੋਰ ਚੰਗਾ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹੋ। ਇਸਦੇ ਉਲਟ ਜਦੋਂ ਸਮਾਜ ਕਿਸੇ ਦੇ ਕੰਮ ਦਾ ਮੁੱਲ ਨਹੀਂ ਪਾਉਂਦਾ ਤਾਂ ਉਹ ਨਿਰਉਤਸ਼ਾਹਿਤ ਹੋ ਕੇ ਲੋਕ ਭਲਾਈ ਦੇ ਕੰਮ ਛੱਡ ਜਾਂਦਾ ਹੈ।
ਆਭਾਰ ਪ੍ਰਗਟਾਉਣ ਲ ਈ ਅਤੇ ਧੰਨਵਾਦ ਕਹਿਣ ਲਈ ਸਹੀ ਸਮਾਂ ਲੱਭਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਪੰਜਾਬੀ ਜਗਤ ਜਾਣਦਾ ਹੈ ਕਿ ਡਾ. ਆਤਮ ਹਮਰਾਹੀ ਨੇ ਅਨੇਕਾਂ ਪ੍ਰੋਫ਼ੈਸਰਾਂ ਨੂੰ ਪੀ. ਐਚ. ਡੀ. ਕਰਵਾ ਕੇ ਡਾਕਟਰ ਬਣਾਇਆ। ਪੰਜਾਬ ਸਰਕਾਰ ਦੇ ਇੱਕ ਉਚ ਅਧਿਕਾਰੀ ਨੇ ਮੈਨੂੰ ਦੱਸਿਆ ਕਿ ਮੈਨੂੰ ਆਪਣੀ ਜ਼ਿੰਦਗੀ ਵਿੱਚ ਇਸ ਗੱਲ ਦਾ ਹਮੇਸ਼ਾ ਗਿਲਾ ਰਹੇਗਾ ਕਿ ਮੈਂ ਡਾ. ਹਮਰਾਹੀ ਦਾ ਧੰਨਵਾਦ ਕਰਨ ਲਈ ਵਕਤ ਨਹੀਂ ਕੱਢ ਸਕਿਆ ਅਤੇ ਉਹ ਇਸ ਦੁਨੀਆਂ ਤੋਂ ਰੁਖਸਤ ਹੋ ਗਏ। ਤੁਸੀਂ ਯਾਦ ਕਰੋ ਆਪਣੇ ਅਧਿਆਪਕਾਂ, ਦੋਸਤਾਂ ਨੂੰ ਅਤੇ ਰਿਸ਼ਤੇਦਾਰਾਂ ਨੂੰ, ਜਿਹੜੇ ਮਾੜੇ ਮੌਕੇ ‘ਤੇ ਤੁਹਾਡੀ ਜ਼ਿੰਦਗੀ ਵਿੱਚ ਕੰਮ ਆਏ ਅਤੇ ਤੁਸੀਂ ਅਜੇ ਤੱਕ ਉਹਨਾਂ ਦਾ ਧੰਨਵਾਦ ਨਹੀਂ ਕੀਤਾ। ਆਪਣੀ ਬੁੱਢੀ ਮਾਂ ਵੱਲ ਵੇਖੋ ਕਿ ਤੁਸੀਂ ਉਸਦੀਆਂ ਮਮਤਾ ਭਰੀਆਂ ਕੁਰਬਾਨੀਆਂ ਲਈ ਕੀ ਮੁੱਲ ਪਾਇਆ ਹੈ। ਆਪਣੇ ਬਜ਼ੁਰਗ ਬਾਪ ਦਾ ਕਿਵੇਂ ਧੰਨਵਾਦ ਕਰੋਗੇ, ਜਿਸਨੇ ਤੁਹਾਨੂੰ ਇਸ ਕਾਬਲ ਬਣਾਇਆ। ਤੁਹਾਡੇ ਕਾਰੋਬਾਰ ਵਿੱਚ ਮਦਦ ਕਰਨ ਵਾਲੇ ਭੈਣ-ਭਰਾਵਾਂ ਦੇ ਧੰਨਵਾਦੀ ਬਣੋ ਆਪਣੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਦੇ ਧੰਨਵਾਦੀ ਬਣੋ। ਆਪਣੀ ਪਤਨੀ ਜੋ ਬੜੇ ਪਿਆਰ ਨਾਲ ਖਾਣਾ ਪਰੋਸ ਰਹੀ ਹੈ, ਉਸਨੂੰ ਧੰਨਵਾਦ ਦੇ ਲਫ਼ਜ਼ ਕਹੋ। ਤੁਹਾਡਾ ਮਾਸੂਮ ਬੱਚਾ ਜੋ ਤੁਹਾਨੂੰ ਪਾਣੀ ਦਾ ਗਿਲਾਸ ਫ਼ੜਾਉਣ ਆਇਆ ਹੈ, ਉਸਨੂੰ ਧੰਨਵਾਦ ਕਹੋ। ਤੁਹਾਡੀ ਦੋਸਤ ਜਿਸਨੇ ਤੁਹਾਡੇ ਪਹਿਰਾਵੇ ਦੀ ਤਾਰੀਫ਼ ਕੀਤੀ ਹੈ, ਉਸਦਾ ਵੀ ਧੰਨਵਾਦ ਕਰਨਾ ਨਾ ਭੁੱਲੋ।
ਧੰਨਵਾਦ ਬਹੁਤ ਜਾਦੂਮਈ ਲਫ਼ਜ਼ ਹੈ, ਇਸਦੀ ਕਰਾਮਾਤੀ ਸ਼ਕਤੀ ਨੂੰ ਪਹਿਚਾਣੋ ਅਤੇ ਬੱਚਿਆਂ ਨੂੰ ਇਸਨੂੰ ਬੋਲਣ ਵਿੱਚ ਪ੍ਰਪੱਕ ਬਣਾਓ। ਉਂਝ ਜਿਸ ਕੌਮ ਨਾਲ ਤੁਸੀਂ ਸਬੰਧ ਰੱਖਦੇ ਹੋ ਉਹ ਤਾਂ ਹਮੇਸ਼ਾ ਹੀ ਆਪਣੇ ਉਤੇ ਕੀਤੇ ਅਹਿਸਾਨ ਲਈ ਧੰਨਵਾਦੀ ਰਹੀ ਹੈ। ਯਾਦ ਕਰੋ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ, ਜਿਸ ਵਿੱਚ ਮਲੇਰਕੋਟਲਾ ਦੇ ਨਵਾਬ ਸ਼ੇਰ ਖਾਂ ਨੇ ਇਹ ਕਿਹਾ ਕਿ ਗੁਰ ਗੋਬਿੰਦ ਸਿੰਘ ਦੇ ਇਹਨਾਂ ਮਾਸੂਮ ਸਾਹਿਬਜ਼ਾਦਿਆਂ ਦਾ ਕੀ ਕਸੂਰ ਹੈ ਅਤੇ ਪੂਰੀ ਕੌਮ ਨੇ ਅਜਿਹਾ ਧੰਨਵਾਦ ਪ੍ਰਗਟ ਕੀਤਾ ਸੀ ਕਿ 1947 ਦੀ ਅੱਗ ਵਿੱਚ ਵੀ ਮਲੇਰਕੋਟਲਾ ਨੂੰ ਭੋਰਾ ਸੇਕ ਨਹਂ ਲੱਗਣ ਦਿੱਤਾ ਸੀ। ਅੱਜ ਸਾਢੇ ਤਿੰਨ ਸਦੀਆਂ ਬੀਤਣ ਤੋਂ ਬਾਅਦ ਵੀ ਪੂਰੀ ਸਿੱਖ ਕੌਮ ਸ਼ੇਰ ਮੁਹੰਮਦ ਖਾਂ ਦ ਇੱਕ ਵਾਕ ਨੂੰ ‘ਹਾਅ ਦਾ ਨਾਅਰਾ’ ਕਹਿ ਕੇ ਕ੍ਰਿਤਗਤਾ ਪ੍ਰਗਟ ਕਰਦੀ ਨਜ਼ਰੀ ਪੈਂਦੀ ਹੈ। ਦੇਸ਼ਾਂ, ਕੌਮਾਂ, ਪਹਿਵਾਰਾਂ ਅਤੇ ਨਿੱਜੀ ਸਬੰਧਾਂ ਵਿੱਚ ਆਭਾਰ, ਕ੍ਰਿਤਾਗਤਾ ਅਤੇ ਧੰਨਵਾਦ ਦੀ ਭਾਵਨਾ ਨੂੰ ਸਕਾਰਾਤਮਕ ਨਜ਼ਰੀਏ ਤੋਂ ਵੇਖਿਆ ਜਾਂਦਾ ਹੈ। ਜਿਹਨਾਂ ਲੋਕਾਂ ਨੇ ਸਾਡੀ ਜ਼ਿੰਦਗੀ ਵਿੱਚ ਚੰਗੀ ਭੂਮਿਕਾ ਨਿਭਾਈ ਹੁੰਦੀ ਹੈ, ਅਸੀਂ ਉਹਨਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਉਹਨਾਂ ਨੂੰ ਦਾਦ ਵੀ ਦਿੰਦੇ ਹਾਂ। ਉਹਨਾ ਦੀ ਪ੍ਰਸੰਸਾ ਵੀ ਕਰਦੇ ਹਾਂ ਅਤੇ ਕ੍ਰਿਤਾਗਤਾ ਵੀ ਪ੍ਰਗਟ ਕਰਦੇ ਹਾਂ। ਜਦੋਂ ਤੁਸੀਂ ਕਿਸੇ ਦੋਸਤ ਨੂੰ ਕਹਿੰਦੇ ਹੋ ਕਿ ਆਪਣੇ ਜੀਵਨ ਦੇ ਹਰ ਬੀਤੇ ਹੋਏ ਦਿਨ ਦਾ ਸ਼ੁਕਰੀਆ ਕਰਨਾ ਚਾਹੁੰਦਾ ਹਾਂ ਕਿਉਂਕਿ ਚੰਗੇ ਬੀਤੇ ਹੋਏ ਦਿਨਾਂ ਨੇ ਸਾਨੂੰ ਜਿੱਥੇ ਅਤਿਅੰਤ ਖੁਸ਼ੀ ਅਤੇ ਆਨੰਦ ਦਿੱਤਾ, ਉਥੇ ਬੀਤੇ ਹੋਏ ਬੁਰੇ ਦਿਨਾਂ ਨੇ ਸਬਕ ਦਿੱਤਾ। ਲੋਕ ਚੰਗੇ ਸ਼ਬਦਾਂ ਵਿੱਚ ਧੰਨਵਾਦ ਕਰਾਉਣਾ ਪਸੰਦ ਕਰਦੇ ਹਨ। ਉਹ ਸ਼ਾਇਰੀ ਵਿੱਚ ਕੀਤੇ ਆਪਣੇ ਧੰਨਵਾਦ ਅਤੇ ਪ੍ਰਸੰਸਾ ਨੂੰ ਦਿਲ ਦੇ ਕਿਸੇ ਨੁੱਕਰੇ ਸੰਭਾਲ ਕੇ ਰੱਖਦੇ  ਹਨ। ਜਦੋਂ ਤੁਸੀਂ ਕਹਿੰਦੇ ਹੋ:
ਤੇਰੀ ਇਸ ਵਫ਼ਾ ਕਾ ਸ਼ੁਕਰੀਆ
ਤੇਰੀ ਹਰ ਚਾਹਤ ਕਾ ਸ਼ੁਕਰੀਆ
ਤੇਰੇ ਪਿਆਰ ਕੇ ਇਸ ਅਹਿਸਾਸ ਕਾ
ਔਰ ਇਸ ਖੂਬਸੂਰਤ ਸਾਥ ਕਾ ਸ਼ੁਕਰੀਆ।
ਜ਼ਿੰਦਗੀ ਦੇ ਸਫ਼ਰ ਵਿੱਚ ਤੁਹਾਨੂੰ ਬਹੁਤ ਸਾਰੇ ਅਜਿਹੇ ਲੋਕ ਮਿਲਦੇ ਹਨ, ਜਿਹਨਾਂ ਦਾ ਤੁਹਾਡੀ ਜ਼ਿੰਦਗੀ ਵਿੱਚ ਯੋਗਦਾਨ ਬਹੁਤ ਮਹੱਤਵਪੂਰਨ ਹੁੰਦਾ ਹੈ। ਅਜਿਹੇ ਲੋਕ ਵੀ ਸਮਾਜ ਵਿੱਚ ਵੇਖਣ ਨੂੰ ਮਿਲਦੇ ਹਨ, ਜਿਹਨਾਂ ਦਾ ਜੀਵਨ ਮਨੋਰਥ ਲੋਕ ਭਲਾਈ ਹੁੰਦਾ ਹੈ। ਮਨ ਦੇ ਸਾਫ਼ ਅਤੇ ਚੰਗੇ ਅਜਿਹੇ ਲੋਕ ਸਮਾਜ ਨੂੰ ਖੂਬਸੂਰਤ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ ਅਤੇ ਬਦਲੇ ਵਿੱਚ ਜੇ ਅਸੀਂ ਉਹਨਾਂ ਦੀ ਪ੍ਰਸੰਸਾ, ਵਡਿਆਈ ਕਰਦੇ ਹਾਂ ਤਾਂ ਇੱਕ ਤਰ੍ਹਾਂ ਨਾਲ ਉਹਨਾਂ ਦੀਆਂ ਸੇਵਾਵਾਂ ਬਦਲੇ ਆਭਾਰ ਅਤੇ ਕ੍ਰਿਤਾਗਤਾ ਹੀ ਪ੍ਰਗਟ ਕਰ ਰਹੇ ਹੁੰਦੇ ਹਾਂ। ਇਸ ਤਰ੍ਹਾਂ ਉਹਨਾਂ ਦਾ ਧੰਨਵਾਦ ਕਰਨਾ ਸਾਡਾ ਫ਼ਰਜ਼ ਹੁੰਦਾ ਹੈ। ਇਹ ਗੰਲ ਵੀ ਸੱਚ ਹੈ ਕਿ ਧੰਨਵਾਦ ਅਤੇ ਸਨਮਾਨ ਦਾ ਛੋਟਾ ਜਿਹਾ ਸੰਕੇਤ ਅਤੇ ਉਪਰਾਲਾ ਉਹਨਾਂ ਨੂੰ ਅਤੇ ਉਹਨਾਂ ਵਰਗੇ ਹੋਰ ਲੋਕਾਂ ਨੂੰ ਵੱਡੀ ਪ੍ਰੇਰਨਾ ਦਾ ਕੰਮ ਕਰਦਾ ਹੈ। ਅੱਜਕੱਲ੍ਹ ਸਰਕਾਰੀ ਯੂਨੀਵਰਸਿਟੀਆਂ ਦੀ ਵਿੱਤੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ। 2016 ਦੀ ਕੈਨੇਡਾ ਫ਼ੇਰੀ ਦੌਰਾਨ ਮੈਂ ਪੰਜਾਬੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਆਰੰਭ ਕੀਤਾ ਅਤੇ ਕੁਝ ਸਫ਼ਲ ਉਦਮੀਆਂ ਅਤੇ ਸਫ਼ਲ ਸਿਆਸੀ ਲੋਕਾਂ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਕਰਨ ਦਾ ਸੱਦਾ ਦਿੱਤਾ। ਮੇਰੀ ਸੋਚ ਸਹੀ ਨਿਕਲੀ। ਲੱਗਭੱਗ ਸਾਰੇ ਸਫ਼ਲ ਵਿਅਕਤੀ ਯੂਨੀਵਰਸਿਟੀ ਲਈ ਕੁਝ ਨਾ ਕੁਝ ਕਰਨ ਲਈ ਉਤਾਵਲੇ ਨਜ਼ਰ ਆਏ। ਇਸ ਕਿਸਮ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਵੇਖਣ ਨੂੰ ਮਿਲ ਜਾਂਦੀਆਂ ਹਨ। ਲੋਕ ਆਪਣੇ ਜੱਦੀ ਪਿੰਡਾਂ, ਆਪਣੇ ਪੁਰਾਣੇ ਸਕੂਲਾਂ ਅਤੇ ਹੋਰ ਅਦਾਰਿਆਂ ਦੇ ਧੰਨਵਾਦੀ ਸਨਮਾਨ ਸਮਾਰੋਹਾਂ ਨੂੰ ਬਹੁਤ ਮਹੱਤਤਾ ਦਿੰਦੇ ਹਨ। ਧੰਨਵਾਦ ਦੇ ਬਦਲੇ ਵਿੱਚ ਉਹ ਵੱਡੇ-ਵੱਡੇ ਲੋਕ ਭਲਾਈ ਦੇ ਕੰਮ ਹੱਸ ਕੇ ਕਰਨ ਨੂੰ ਤਿਆਰ ਹੋ ਜਾਂਦੇ ਹਨ। ਇਸ ਪੱਖੋਂ ਸਾਨੂੰ ਹੋਰ ਵੀ ਸਿਰਣਾਤਮਕ ਅਤੇ ਰਚਨਾਤਮਕ ਢੰਗ ਨਾਲ ਕੰਮ ਕਰਨ ਦੀ ਲੋੜ ਹੈ।ਉਕਤ ਚਰਚਾ ਤੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਜ਼ਿੰਦਗੀ ਦੇ ਸਲੀਕੇ ਵਿੱਚ ਤੁਹਾਡੇ ਲਈ ਕੰਮ ਕਰਨ ਵਾਲਿਆਂ ਦਾ ਸ਼ੁਕਰੀਆ ਅਦਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਧੰਨਵਾਦੀ ਲਫ਼ਜ਼ ਕਹਿਣ ਦੀ ਅਦਾ ਪਰਿਵਾਰ ਅਤੇ ਸਕੂਲ ਦੋਵਾਂ ਵਿੱਚੋਂ ਹੀ ਸਿੱਖ ਕੇ ਬੱਚਾ ਇੱਕ ਚੰਗਾ ਨਾਗਰਿਕ ਬਣਦਾ ਹੈ। ਸਾਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਦਾ ਕਿਸੇ ਕੰਮ ਬਦਲੇ ਧੰਨਵਾਦ ਨਾ ਕਰਨਾ, ਜਿੱਥੇ ਜ਼ਿੰਦਗੀ ਦੇ ਸਲੀਕੇ ਦੀ ਕਮੀ ਦਾ ਪ੍ਰਗਟਾ ਹੈ, ਉਥੇ ਸਾਡਾ ਸਭਿਆਚਾਰ ਇਸ ਨੂੰ ਅਹਿਸਾਨ ਫ਼ਰਾਮੋਸ਼ੀ ਅਤੇ ਅਕ੍ਰਿਤਘਣਤਾ ਵਰਗੇ ਸ਼ਬਦਾਂ ਨਾਲ ਬਿਆਨਦਾ ਹੈ। ਇਸੇ ਕਾਰਨ ਸਾਨੂੰ ਹਮੇਸ਼ਾ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਦੂਜੇ ਬੰਦੇ ਨੂੰ ਹਰ ਛੋਟੇ ਮੋਟੇ ਕੰਮ ਲਈ ਧੰਨਵਾਦੀ ਸ਼ਬਦ ਨਾਲ ਨਿਵਾਜਿਆ ਜਾਵੇ।