NDP ਲੀਡਰਸ਼ਿਪ ਦੌੜ ਜਿੱਤ ਕੇ ਵੀ ਇਤਿਹਾਸ ਸਿਰਜੇਗਾ ਸਿੰਘ!
ਕੰਵਰ ਸੰਦੀਪ ਸਿੰਘ
ਕੈਨੇਡੀਅਨ ਸਿਆਸੀ ਢਾਂਚਾ ਇੱਥੇ ਵਸਦੇ ਵੱਖੋ ਵੱਖਰੇ ਭਾਈਚਾਰਿਆਂ ਨੂੰ ਆਪਣੇ ਵਿੱਚ ਸੰਮਿਲਤ ਕਰਨ ਦੀ ਬਜਾਏ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਵਿੱਚ ਯਕੀਨ ਰੱਖਦਾ ਹੈ ਜਿਸ ਦਾ ਸਬੂਤ ਸਾਨੂੰ ਪਿੱਛਲੀਆਂ ਫ਼ੈਡਰਲ ਚੋਣਾਂ ਦੌਰਾਨ ਓਦੋਂ ਦੇਖਣ ਨੂੰ ਮਿਲਿਆ ਜਦੋਂ ਕੈਨੇਡੀਅਨ ਵੋਟਰਾਂ ਨੇ 20 ਦੇ ਕਰੀਬ ਭਾਰਤੀ ਮੂਲ ਦੇ ਨੁਮਾਇੰਦਿਆਂ ਨੂੰ ਚੁਣ ਕੇ ਕੈਨੇਡਾ ਦੇ ਹਾਊਸ ਔਫ਼ ਕੌਮਨਜ਼ ਵਿੱਚ ਭੇਜ ਦਿੱਤਾ। ਅੱਜ ਆਲਮ ਇਹ ਹੈ ਕਿ ਸਿੱਖ, ਹਿੰਦੂ, ਮੁਸਲਮਾਨ, ਭਾਰਤੀ, ਪਾਕਿਸਤਾਨੀ ਜਾਂ ਕਿਸੇ ਵੀ ਹੋਰ ਮੂਲ ਦਾ ਕੈਨੇਡਾ ਵਿੱਚ ਜੰਮਿਆ ਪੱਲਿਆ ਬੱਚਾ ਇਸ ਮੁਲਕ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖਣ ਦੀ ਹਿੰਮਤ ਵੀ ਕਰ ਸਕਦਾ ਹੈ। ਕੈਨੇਡੀਅਨ ਸਿਆਸਤ ਦੇ ਇੰਨਾ ਖੁਲ੍ਹਦਿਲਾ ਹੋਣ ਦੇ ਬਾਵਜੂਦ, ਇਸ ਵਿੱਚ ਕੁਝ ਕੁ ਊਣਤਾਈਆਂ ਵੀ ਹਨ ਜੋ ਕਿ ਵਕਤ ਦੇ ਨਾਲ ਨਾਲ ਉਭਰ ਕੇ ਸਾਡੇ ਸਾਹਮਣੇ ਆ ਰਹੀਆਂ ਹਨ।
ਬੇਸ਼ੱਕ ਕੈਨੇਡਾ ਆਪਣੀ ਭਿੰਨਤਾ, ਬਹੁਲਤਾ ਅਤੇ ਨਵੇਂ ਬਣੇ ਸ਼ਹਿਰੀਆਂ ਨੂੰ ਖੁਲ੍ਹ ਕੇ ਆਪਣੇ ਸਮਾਜ ਵਿੱਚ ਵਿਚਰਣ ਦੇ ਬਰਾਬਰ ਦੇ ਮੌਕੇ ਦੇਣ ਲਈ ਜਾਣਿਆ ਜਾਂਦਾ ਹੈ, ਪਰ ਜਦੋਂ ਇੱਥੋਂ ਦੀਆਂ ਰਾਸ਼ਟਰੀ ਪਾਰਟੀਆਂ ਦੀ ਪ੍ਰਤੀਨਿਧਤਾ ਕਰਨ ਦੀ ਗੱਲ ਆਉਂਦੀ ਹੈ ਤਾਂ ਇਹ ਐਜਾਜ਼, ਇਹ ਮਾਣ ਹੁਣ ਤਕ ਕੇਵਲ ਕੈਨੇਡਾ ਵਿੱਚ ਜੰਮੇ ਗੋਰੀ ਚਮੜੀ ਵਾਲੇ ਕੌਕੇਸ਼ੀਅਨ ਮਰਦਾਂ ਅਤੇ ਔਰਤਾਂ ਨੂੰ ਹੀ ਨਸੀਬ ਹੋਇਐ ਜਿਨ੍ਹਾਂ ਵਿੱਚ ਔਰਤਾਂ ਦੀ ਗਿਣਤੀ ਵੀ ਬਹੁਤ ਹੀ ਘੱਟ ਰਹੀ ਹੈ। ਦੂਸਰੇ ਪਾਸੇ, ਰਹੀ ਕਿਸੇ ਦਾੜ੍ਹੀ ਵਾਲੇ ਵਿਅਕਤੀ ਦੇ ਕੈਨੇਡੀਅਨ ਰਾਸ਼ਟਰੀ ਸਿਆਸੀ ਪਾਰਟੀ ਦੀ ਪ੍ਰਤੀਨਿਧਤਾ ਕਰਨ ਦੀ ਗੱਲ, ਤਾਂ ਅਜਿਹਾ 1874 ਦੀ ਇੱਕ ਵਾਰੀ ਨੂੰ ਛੱਡ ਕੇ ਹੁਣ ਤਕ ਕੈਨੇਡਾ ਵਿੱਚ ਕਦੇ ਵੀ ਨਹੀਂ ਹੋਇਆ। ਜਾਂ ਫ਼ਿਰ, ਇੰਝ ਕਹਿ ਲਈਏ ਕਿ ਇਸ ਤੋਂ ਪਹਿਲਾਂ ਕਿਸੇ ਨੇ ਇਸ ਪੱਖੋਂ ਵੋਟਰਾਂ ਦਾ ਮਨ ਟੋਹ ਕੇ ਦੇਖਣ ਦੀ ਕੋਸ਼ਿਸ਼ ਜਾਂ ਹਿੰਮਤ ਹੀ ਨਹੀਂ ਕੀਤੀ।
ਨਵੇਂ ਬਣੇ ਕੈਨੇਡੀਅਨ ਰਾਸ਼ਟਰ ਵਿੱਚ ਪਹਿਲੀਆਂ ਫ਼ੈਡਰਲ ਚੋਣਾਂ 1867 ਵਿੱਚ ਹੋਈਆਂ ਸਨ ਜਿਨ੍ਹਾਂ ਨੇ ਪਹਿਲੇ ਕੈਨੇਡੀਅਨ ਹਾਊਸ ਔਫ਼ ਕੌਮਨਜ਼ ਦੀ ਚੋਣ ਕੀਤੀ। ਉਸ ਵਕਤ ਕੇਵਲ ਨੋਵਾ ਸਕੋਸ਼ੀਆ, ਨਿਊ ਬਰਨਜ਼ਵਿਕ, ਓਨਟੈਰੀਓ ਅਤੇ ਕਿਬੈਕ ਦੇ ਇਲੈਕਟੋਰਲ ਡਿਸਟ੍ਰਿਕਟਸ ਵਿੱਚੋਂ ਹੀ MP ਚੁਣ ਕੇ ਕੈਨੇਡੀਅਨ ਸੰਸਦ ਵਿੱਚ ਭੇਜੇ ਗਏ ਸਨ। ਮੈਨੀਟੋਬਾ (1870) ਅਤੇ ਬ੍ਰਿਟਿਸ਼ ਕੋਲੰਬੀਆ (1871) ਦੇ ਸੂਬੇ ਪਹਿਲੀ ਕੈਨੇਡੀਅਨ ਪਾਰਲੀਮੈਂਟ ਦੇ ਕਾਰਜਕਾਲ ਦੌਰਾਨ ਹੀ ਕੈਨੇਡੀਅਨ ਫ਼ੈਡਰੇਸ਼ਨ ਦਾ ਹਿੱਸਾ ਬਣੇ ਸਨ ਨਾ ਕਿ 1 ਜੁਲਾਈ 1867 ਨੂੰ ਜਦੋਂ ਕੈਨੇਡੀਅਨ ਕਨਫ਼ੈਡਰੇਸ਼ਨ ਹੋਂਦ ਵਿੱਚ ਲਿਆਂਦੀ ਗਈ ਸੀ।
ਕੰਸਰਵਟਿਵ ਪਾਰਟੀ ਔਫ਼ ਕੈਨੇਡਾ (ਜਿਸ ਨੂੰ 1873 ਤਕ ਲਿਬਰਲ-ਕੰਸਰਵਟਿਵ ਪਾਰਟੀ ਵੀ ਕਿਹਾ ਜਾਂਦਾ ਸੀ) ਨੂੰ 1867 ਦੀਆਂ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਮਿਲੀਆਂ ਅਤੇ ਕੰਸਰਵਟਿਵ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਸਰ ਜੌਹਨ ਏ. ਮੈਕਡੌਨਲਡ ਨੂੰ ਨਵੀਂ ਬਣਾਈ ਗਈ ਫ਼ੈਡਰੇਸ਼ਨ ਕੈਨੇਡਾ ਦਾ ਪ੍ਰਧਾਨ ਮੰਤਰੀ ਥਾਪ ਦਿੱਤਾ ਗਿਆ। ਉਸ ਵਕਤ ਦੇ ਇੱਥੋਂ ਦੇ ਗਵਰਨਰ ਜਨਰਲ ਲੌਰਡ ਮੌਂਕ ਨੇ ਮੈਕਡੌਨਲਡ ਨੂੰ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ। ਲਿਬਰਲ ਪਾਰਟੀ ਔਫ਼ ਕੈਨੇਡਾ ਨੂੰ ਮੁਲਕ ਭਰ ਵਿੱਚੋਂ ਓਦੋਂ ਦੂਸਰੇ ਨੰਬਰ ‘ਤੇ ਸੀਟਾਂ ਮਿੱਲੀਆਂ ਸਨ, ਪਰ ਨਿਊ ਬਰਨਜ਼ਵਿਕ ਸੂਬੇ ਵਿੱਚੋਂ ਉਸ ਨੂੰ ਸਭ ਤੋਂ ਵੱਧ ਸੀਟਾਂ (ਅਤੇ ਵੋਟਾਂ) ਪ੍ਰਾਪਤ ਹੋਈਆਂ।
ਮੁੜ ਜਨਵਰੀ 1874 ਵਿੱਚ ਹੋਈਆਂ ਚੋਣਾਂ ਵਿੱਚ ਕੈਨੇਡੀਅਨ ਹਾਊਸ ਔਫ਼ ਕੌਮਨਜ਼ ਦੀ ਤੀਸਰੀ ਪਾਰਲੀਮੈਂਟ ਦੀ ਚੋਣ ਕਰਨ ਲਈ ਫ਼ੈਡਰਲ ਚੋਣਾਂ ਹੋਈਆਂ ਤਾਂ ਮੈਕਡੌਨਲਡ, ਜਿਸ ਨੂੰ ਹਾਲੇ ਤਾਜ਼ਾ ਤਾਜ਼ਾ ਸੱਤਾ ‘ਚੋਂ ਹਟਾਇਆ ਹੀ ਗਿਆ ਸੀ, ਅਤੇ ਉਸ ਦੀ ਕੰਸਰਵਟਿਵ ਪਾਰਟੀ ਨੂੰ ਲਿਬਰਲ ਪਾਰਟੀ ਦੇ ਨਵੇਂ ਬਣੇ ਲੀਡਰ ਐਲੇਗਜ਼ੈਂਡਰ ਮੈਕੈਨਜ਼ੀ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ। ਮੈਕੈਨਜ਼ੀ ਹੀ ਸੀ ਲਿਬਰਲ ਪਾਰਟੀ ਔਫ਼ ਕੈਨੇਡਾ ਦੀ ਅਗਵਾਈ ਕਰਨ ਵਾਲਾ ਮੁਲਕ ਦਾ ਪਹਿਲਾ ਅਤੇ ਇਕਲੌਤਾ ਦਾੜ੍ਹੀ ਵਾਲਾ ਨੇਤਾ ਜੋ ਕੈਨੇਡਾ ਦਾ ਦੂਸਰਾ ਪ੍ਰਧਾਨ ਮੰਤਰੀ ਬਣਿਆ। ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਮੈਕਡੌਨਲਡ ਦੀ ਹਕੂਮਤ ਨੂੰ 5 ਨਵੰਬਰ 1873 ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਉੱਪਰ ਕੈਨੇਡੀਅਨ ਪੈਸੇਫ਼ਿਕ ਰੇਲਵੇ ਦੀ ਉਸਾਰੀ ਦੌਰਾਨ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲੱਗੇ ਸਨ। ਦਾੜ੍ਹੀ ਵਾਲੇ ਮੈਕੈਨਜ਼ੀ ਦੇ ਲਿਬਰਲਾਂ ਨੇ ਮੈਕਡੌਨਲਡ ਸਰਕਾਰ ਦੀ ਬਰਖ਼ਾਸਤਗੀ ਤੋਂ ਦੋ ਦਿਨ ਬਾਅਦ ਹੀ 7 ਨਵੰਬਰ ਨੂੰ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਕੇ ਹਕੂਮਤ ਕਾਇਮ ਕਰ ਲਈ ਅਤੇ ਉਨ੍ਹਾਂ ਨੇ 22 ਜਨਵਰੀ 1874 ਨੂੰ ਨਵੀਆਂ ਚੋਣਾਂ ਕਰਾਉਣ ਦਾ ਐਲਾਨ ਵੀ ਕਰ ਦਿੱਤਾ। ਟੋਰੀ ਉਸ ਸਕੈਂਡਲ ਦੀ ਮਾਰ ਹੇਠੋਂ ਇੰਨੀ ਛੇਤੀ ਨਿਕਲ ਨਹੀਂ ਸਨ ਸਕਦੇ, ਸੋ ਉਹ ਚੋਣਾਂ ਹਾਰ ਗਏ। ਉਸ ਵੇਲੇ ਤਕ ਪ੍ਰਿੰਸ ਐਡਵਰਡ ਆਇਲੈਂਡ ਵੀ ਕੈਨੇਡੀਅਨ ਫ਼ੈਡਰੇਸ਼ਨ ਵਿੱਚ ਸ਼ਾਮਿਲ ਹੋ ਚੁੱਕਾ ਸੀ।
ਮੁੱਢ ਤੋਂ, ਦੋ ਹੀ ਸਿਆਸੀ ਪਾਰਟੀਆਂ ਨੇ ਪ੍ਰਮੁੱਖ ਤੌਰ ‘ਤੇ ਕੈਨੇਡੀਅਨ ਸਿਆਸਤ ਉੱਪਰ ਆਪਣਾ ਗ਼ਲਬਾ ਕਾਇਮ ਰੱਖਿਆ ਹੈ: ਲਿਬਰਲ ਪਾਰਟੀ ਅਤੇ ਕੰਸਰਵਟਿਵ ਪਾਰਟੀ (ਜਿਸ ਨੂੰ 1943-2003 ਦਰਮਿਆਨ ਪ੍ਰੋਗਰੈਸਿਵ ਕੰਸਰਵਟਿਵ ਪਾਰਟੀ ਵੀ ਸੱਦਿਆ ਗਿਆ)। ਜੇਕਰ ਅਸੀਂ ਅਜੋਕੀ ਕੰਸਰਵਟਿਵ ਪਾਰਟੀ ਨੂੰ ਹੀ ਉਸ ਇਤਿਹਾਸਕ ਕੰਸਰਵਟਿਵ ਪਾਰਟੀ ਦੀ ਜਾਨਸ਼ੀਨ ਮੰਨ ਲਈਏ, ਜਿਸ ਨੇ ਪਹਿਲੀ ਕੈਨੇਡੀਅਨ ਪਾਰਲੀਮੈਂਟ ਦੀ ਵਾਗਡੋਰ ਸੰਭਾਲੀ ਸੀ, ਤਾਂ ਇਹ ਕਿਹਾ ਜਾ ਸਕਦਾ ਹੈ ਕਿ ਕੈਨੇਡੀਅਨ ਫ਼ੈਡਰਲ ਚੋਣਾਵੀ ਇਤਿਹਾਸ ਵਿੱਚ ਕੇਵਲ ਇਨ੍ਹਾਂ ਦੋਹਾਂ ਪਾਰਟੀਆਂ ਨੇ ਹੀ ਹੁਣ ਤਕ ਆਪਣੀਆਂ ਸਰਕਾਰਾਂ ਬਣਾਈਆਂ ਹਨ। ਵੈਸੇ ਕੈਨੇਡਾ ਦੀਆਂ ਫ਼ੈਡਰਲ ਚੋਣਾਂ ਵਿੱਚ ਮੋਹਰੀ ਰਹਿਣ ਵਾਲੀਆਂ ਪਾਰਟੀਆਂ ਆਮ ਤੌਰ ‘ਤੇ, ਕੁਝ ਕੁ ਮੌਕਿਆਂ ਨੂੰ ਛੱਡ ਕੇ, ਇੱਕ ਜਾਂ ਇੱਕ ਤੋਂ ਵੱਧ ਛੋਟੀਆਂ ਸਿਆਸੀ ਪਾਰਟੀਆਂ ਨਾਲ ਰਲ ਕੇ ਘੱਟਗਿਣਤੀ ਜਾਂ ਗੱਠਜੋੜ ਵਾਲੀਆਂ ਸਰਕਾਰਾਂ ਬਣਾਉਣ ਵਿੱਚ ਹੀ ਕਾਮਯਾਬ ਰਹੀਆਂ ਹਨ।
ਜੇਕਰ ਅਸੀਂ ਕੈਨੇਡਾ ਦੇ ਇੱਕ ਫ਼ੈਡਰੇਸ਼ਨ ਦੇ ਤੌਰ ‘ਤੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤਕ ਦੇ ਹਕੂਮਤੀ ਇਤਿਹਾਸ ਨੂੰ ਫ਼ਰੋਲਣ ਬੈਠੀਏ ਤਾਂ ਇਹ ਸਾਨੂੰ ਕਿਸੇ ਦੋ-ਪਾਰਟੀ ਸਿਸਟਮ ਵਰਗਾ ਕੋਈ ਸਿਆਸੀ ਢਾਂਚਾ ਹੀ ਪ੍ਰਤੀਤ ਹੋਵੇਗਾ, ਪਰ ਹਕੀਕਤ ਇਹ ਹੈ ਕਿ ਕੈਨੇਡੀਅਨ ਫ਼ੈਡਰਲ ਸਿਆਸੀ ਸਿਸਟਮ 1920 ਤੋਂ ਇੱਕ ਬਹੁ-ਪਾਰਟੀ ਢਾਂਚਾ ਬਣਿਆ ਹੋਇਆ ਹੈ ਜਦੋਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਪ੍ਰੋਗਰੈਸਿਵ ਪਾਰਟੀ ਅਤੇ ਯੂਨਾਇਟਿਡ ਫ਼ਾਰਮਰਜ਼ ਪਾਰਟੀ ਦੀ ਚਰਚਾਯੋਗ ਹੋਂਦ ਹੁੰਦੀ ਸੀ। ਇਸ ਤੋਂ ਬਾਅਦ, 1930 ਜਡਮਚ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਲਾਂਭੇ ਕਰ ਕੇ ਇਨ੍ਹਾਂ ਦੀ ਜਗ੍ਹਾ ਸੋਸ਼ਲ ਕ੍ਰੈਡਿਟ ਪਾਰਟੀ ਅਤੇ ਕੋ-ਔਪਰੇਟਿਵ ਕੌਮਨਵੈੱਲਥ ਫ਼ੈਡਰੇਸ਼ਨ (CCF) ਨੇ ਲੈ ਲਈ। ਸੰਨ 1961 ਵਿੱਚ CCF ਨੇ ਆਪਣਾ ਨਾਮ ਬਦਲ ਕੇ ਨਿਊ ਡੈਮੋਕ੍ਰੈਟਿਕ ਪਾਰਟੀ (NDP) ਕਰ ਲਿਆ। ਸੋਸ਼ਲ ਕ੍ਰੈਡਿਟ ਪਾਰਟੀ ਅਤੇ CCF/NDP, ਦੋਹੇਂ ਪਾਰਟੀਆਂ 1930ਵਿਆਂ ਤੋਂ 1980ਵਿਆਂ ਦਰਮਿਆਨ ਕ੍ਰਮਵਾਰ ਤੀਸਰੇ ਅਤੇ ਚੌਥੇ ਸਥਾਨ ‘ਤੇ ਆਉਂਦੀਆਂ ਰਹੀਆਂ, ਪਰ ਅੰਤ ਨੂੰ 1980 ਦੀਆਂ ਫ਼ੈਡਰਲ ਚੋਣਾਂ ਵਿੱਚ ਜਦੋਂ ਸੋਸ਼ਲ ਕ੍ਰੈਡਿਟ ਪਾਰਟੀ ਇੱਕ ਵੀ ਸੀਟ ਨਾ ਜਿੱਤ ਸਕੀ ਤਾਂ ਇੱਕ ਸਿਆਸੀ ਪਾਰਟੀ ਦੇ ਤੌਰ ‘ਤੇ ਉਸ ਦੀ ਹੋਂਦ ਸਦਾ ਲਈ ਖ਼ਤਮ ਹੋ ਗਈ।
ਸੰਨ 1980 ਤੋਂ ਲੈ ਕੇ ਹੁਣ ਤਕ, NDP ਕੈਨੇਡੀਅਨ ਪਾਰਲੀਮੈਂਟ ਵਿੱਚ ਆਪਣੀ ਹੋਂਦ ਕਾਇਮ ਰੱਖਣ ਵਿੱਚ ਕਾਮਯਾਬ ਰਹੀ ਹੈ, ਪਰ ਹਕੂਮਤ ਤੋਂ ਬਾਹਰ ਰਹਿਣ ਵਾਲੀਆਂ ਦੂਸਰੀਆਂ ਸਿਆਸੀ ਪਾਰਟੀਆਂ ਦੀ ਸਥਿਤੀ ਕੁਝ ਵਧੇਰੇ ਹੀ ਪੇਚੀਦਾ ਸੀ। ਪ੍ਰੋਗਰੈਸਿਵ ਕੰਸਰਵਟਿਵ ਪਾਰਟੀ 1993 ਦੀ ਆਪਣੀ ਸ਼ਰਮਨਾਕ ਇਤਿਹਾਸਕ ਹਾਰ, ਜਿਸ ਵਿੱਚ ਉਹ 169 ਸੀਟਾਂ ਦੇ ਵੱਡੇ ਬਹੁਮਤ ਤੋਂ ਡਿਗ ਕੇ ਕੇਵਲ 2 ਸੀਟਾਂ ‘ਤੇ ਹੀ ਸੁੰਗੜ ਕੇ ਰਹਿ ਗਈ ਅਤੇ ਆਪਣਾ ਅਧਿਕਾਰਿਕ ਪਾਰਟੀ ਸਟੈਟਸ ਵੀ ਗੁਆ ਬੈਠੀ, ਤੋਂ ਕਦੇ ਉਬਰ ਹੀ ਨਹੀਂ ਸਕੀ। ਉਸ ਵਕਤ ਤੋਂ ਬਾਅਦ, ਕੈਨੇਡਾ ਦੀ ਸੱਜੇ-ਪੱਖੀ ਸਿਆਸਤ ਨੇ ਰੀਫ਼ੌਰਮ ਪਾਰਟੀ ਅਤੇ ਕੈਨੇਡੀਅਨ ਐਲਾਇੰਸ ਪਾਰਟੀ ਦਾ ਉਭਾਰ ਅਤੇ ਨਿਘਾਰ ਵੀ ਤੱਕੇ ਅਤੇ ਉਸ ਤੋਂ ਬਾਅਦ ਇੱਥੇ ਸਾਨੂੰ ਨਵੀਂ ਕੰਸਰਵਟਿਵ ਪਾਰਟੀ ਦੀ ਸਰਕਾਰ ਵੀ ਦੇਖਣ ਨੂੰ ਮਿਲੀ। 1993 ਵਿੱਚ ਕਿਬੈਕ ਦੀ ਇੱਕ ਵੱਖਵਾਦੀ ਪਾਰਟੀ ਬਲੌਕ ਕਿਬੈਕਵਾ ਕੈਨੇਡੀਅਨ ਸਿਆਸਤ ਦੇ ਦਿਸਹੱਦੇ ‘ਤੇ ਉਭਰੀ ਅਤੇ ਉਸ ਨੇ ਇੱਕ ਵੱਡੇ ਧਮਾਕੇ ਨਾਲ ਕੈਨੇਡੀਅਨ ਪਾਰਲੀਮੈਂਟ ਵਿੱਚ ਪਹਿਲੀ ਵਾਰ ਪ੍ਰਮੁੱਖ ਵਿਰੋਧੀ ਧਿਰ ਵਜੋਂ ਹੀ ਐਂਟਰੀ ਮਾਰੀ। ਓਦੋਂ ਤੋਂ, ਇਸ ਪਾਰਟੀ ਨੇ ਵੀ ਉਤਰਾਵਾਂ-ਚੜ੍ਹਾਵਾਂ ਦੇ ਬਾਵਜੂਦ ਪਾਰਲੀਮੈਂਟ ਵਿੱਚ ਆਪਣੀ ਹੋਂਦ ਕਾਇਮ ਰੱਖੀ ਹੋਈ ਹੈ।
ਹੁਣ ਜੇਕਰ ਜਗਮੀਤ ਸਿੰਘ NDP ਦਾ ਲੀਡਰ ਚੁਣ ਲਿਆ ਜਾਂਦਾ ਹੈ ਅਤੇ 2019 ਦੀਆਂ ਚੋਣਾਂ ਉਪਰੰਤ ਉਸ ਦੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤਾਂ ਉਸ ਪਾਸ ਇਤਿਹਾਸ ਰਚਣ ਦਾ ਇੱਕ ਸੁਨਹਿਰੀ ਮੌਕਾ ਹੋਵੇਗਾ। ਵੈਸੇ, ਜੇਕਰ ਸਿੰਘ ਇਸ ਆਉਣ ਵਾਲੇ ਪਤਝੜ ਦੇ ਮੌਸਮ ਵਿੱਚ ਆਪਣੀ ਪਾਰਟੀ ਦੀ ਲੀਡਰਸ਼ਿਪ ਹੀ ਜਿੱਤ ਜਾਂਦਾ ਹੈ ਤਾਂ ਵੀ ਉਹ ਇਹਿਤਾਸ ਸਿਰਜ ਚੁੱਕਾ ਹੋਵੇਗਾ: ਉਹ ਕੈਨੇਡਾ ਦੇ ਇਹਿਤਾਸ ਵਿੱਚ ਕਿਸੇ ਵੀ ਪ੍ਰਮੁੱਖ ਰਾਸ਼ਟਰੀ ਸਿਆਸੀ ਪਾਰਟੀ ਦਾ ਪਹਿਲਾ ਰੰਗਦਾਰ, ਪਗੜੀਧਾਰੀ ਨੇਤਾ ਹੋਵੇਗਾ। ਜਿੱਥੇ ਸਿੰਘ ਦੀ NDP ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਿਲ ਹੋਣ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ, ਉੱਥੇ ਉਸ ਦੀ ਇਸ ਕੋਸ਼ਿਸ਼ ਨੂੰ ਕੈਨੇਡੀਅਨਾਂ ਦੇ ਬਹੁਸਭਿਆਚਾਰਕ ਗੁਰਦੇ ਦੀ ਪਰਖ ਵੀ ਕਿਹਾ ਜਾ ਸਕਦਾ ਹੈ। ਇਹ ਇਸ ਗੱਲ ਦੀ ਪਰਖ ਹੋਵੇਗੀ ਕਿ ਕੀ ਕੈਨੇਡੀਅਨ ਜਗਮੀਤ ਸਿੰਘ ਵਰਗੇ ਦਿਖਣ ਵਾਲੇ ਬੰਦੇ ਨੂੰ ਆਪਣੇ ਲੀਡਰ ਦੇ ਤੌਰ ‘ਤੇ ਕਬੂਲ ਕਰਨ ਲਈ ਤਿਆਰ ਹਨ ਜਾਂ ਫ਼ਿਰ ਹਾਲੇ ਨਹੀਂ?
ਵੈਸੇ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਕੈਨੇਡਾ ਦੀਆਂ ਸਿਆਸੀ ਪਾਰਟੀਆਂ ਦਾ ਲੀਡਰ ਕਿਸੇ ਗ਼ੈਰ-ਗੋਰੇ ਨੂੰ ਦੇਖਣ ਦੀ ਇੱਛਾ ਤਾਂ ਉਨ੍ਹਾਂ ਦੇ ਮਨਾਂ ਵਿੱਚ ਇੱਕ ਲੰਬੇ ਅਰਸੇ ਤੋਂ ਸੀ, ਅਤੇ ਗਵਾਂਢ ਵਿੱਚ ਬਰਾਕ ਓਬਾਮਾ ਦੀ ਹਕੂਮਤ ਆਉਣ ਤੋਂ ਬਾਅਦ ਇਸ ਗੱਲ ਦੀ ਤਵੱਕੋ ਹੋਰ ਵੀ ਵੱਧ ਗਈ। ਰਹੀ ਉਸ ਦੇ ਇੱਕ ਸਿੱਖ ਹੋਣ ਦੀ ਗੱਲ ਤਾਂ ਜੇਕਰ ਹਰਜੀਤ ਸਿੰਘ ਸੱਜਣ ਕੈਨੇਡਾ ਦਾ ਰੱਖਿਆ ਮੰਤਰੀ ਹੋ ਸਕਦਾ ਹੈ ਅਤੇ ਨਵਦੀਪ ਸਿੰਘ ਬੈਂਸ ਵਿਗਿਆਨ ਅਤੇ ਆਰਥਿਕ ਮਾਮਲਿਆਂ ਬਾਰੇ ਮੰਤਰੀ ਤਾਂ ਫ਼ਿਰ ਜਗਮੀਤ ਸਿੰਘ ਕੈਨੇਡਾ ਦਾ ਪਹਿਲਾ ਦਸਤਾਰਧਾਰੀ ਪ੍ਰਧਾਨ ਮੰਤਰੀ ਕਿਉਂ ਨਹੀਂ ਹੋ ਸਕਦਾ? ਸੌ ਸਾਲ ਦੇ ਸਹਿਵਾਸ ਮਗਰੋਂ ਕੈਨੇਡੀਅਨ ਸਿੱਖ ਆਮ ਕੈਨੇਡੀਅਨਾਂ ਦੇ ਦਿਲਾਂ ਵਿੱਚ ਇੰਨੀ ਕੁ ਜਗ੍ਹਾ ਤਾਂ ਬਣਾ ਹੀ ਚੁੱਕੇ ਹੋਣਗੇ, ਕਿ ਨਹੀਂ?
ਸਮਾਜ ਵਾਂਗ ਕੈਨੇਡੀਅਨ ਸਿਆਸਤ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਭਿੰਨਤਾ
ਪਿੱਛਲੇ ਕੁਝ ਕੁ ਸਾਲਾਂ ਤੋਂ ਕੈਨੇਡਾ ਦੀ ਸਮਾਜਕ ਭਿੰਨਤਾ ਦਾ ਬਿੰਬ ਇਸ ਮੁਲਕ ਦੀ ਫ਼ੈਡਰਲ ਅਤੇ ਸੂਬਾਈ ਸਿਆਸਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਨਵੰਬਰ 2015 ਵਿੱਚ ਲਿਬਰਲਾਂ ਨੇ ਸੱਤਾ ਸੰਭਾਲੀ ਤਾਂ ਚਾਰ ਸਿੱਖਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ। ਇੱਕ ਅੰਦਾਜ਼ੇ ਮੁਤਾਬਿਕ, 2015 ਦੀਆਂ ਚੋਣਾਂ ਵਿੱਚ ਕੈਨੇਡੀਅਨ ਹਾਊਸ ਔਫ਼ ਕੌਮਨਜ਼ ਲਈ ਚੁਣੇ ਗਏ ਕੁੱਲ ਪਾਰਲੀਮਾਨੀ ਮੈਂਬਰਾਂ ਵਿੱਚੋਂ 14 ਪ੍ਰਤੀਸ਼ਤ ਐੱਮ.ਪੀ. ਘੱਟਗਿਣਤੀ ਭਾਈਚਾਰਿਆਂ ਵਿੱਚੋਂ ਸਨ। ਇਸ ਨਾਲ ਹੀ ਇਹ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਜ਼ਿਆਦਾ ਭਿੰਨ ਸੰਸਦ ਕਹੀ ਜਾ ਸਕਦੀ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਉਹ ਸਾਰੇ ਐੱਮ.ਪੀ. ਉਨ੍ਹਾਂ ਹਲਕਿਆਂ ਵਿੱਚੋਂ ਹੀ ਚੁਣੇ ਗਏ ਸਨ ਜਿੱਥੇ ਘੱਟਗਿਣਤੀਆਂ ਦੀ ਦਰ ਕੁੱਲ ਵਸੋਂ ਦਾ 45 ਪ੍ਰਤੀਸ਼ਤ ਤਕ ਹੈ। ਕੁਈਨਜ਼ ਯੂਨੀਵਰਸਿਟੀ ਵਲੋਂ ਕਰਵਾਏ ਗਏ ਇੱਕ ਹੋਰ ਸਰਵੇਖਣ ਅਨੁਸਾਰ, ਪਿੱਛਲੀਆਂ ਫ਼ੈਡਰਲ ਚੋਣਾਂ ਵਿੱਚ ਘੱਟੋ ਘੱਟ 54 ਹਲਕੇ ਅਜਿਹੇ ਸਨ ਜਿੱਥੇ ਤਿੰਨੋ ਪ੍ਰਮੁੱਖ ਸਿਆਸੀ ਪਾਰਟੀਆਂ ਵਲੋਂ ਘੱਟਗਿਣਤੀ ਭਾਈਚਾਰਿਆਂ ਵਿੱਚੋਂ ਇੱਕ ਵੀ ਉਮੀਦਵਾਰ ਖੜ੍ਹਾ ਨਹੀਂ ਸੀ ਕੀਤਾ ਗਿਆ।
ਜਦੋਂ ਕਿ ਕੈਨੇਡੀਅਨ ਸਿਆਸੀ ਪਾਰਟੀਆਂ ਘੱਟਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਨੂੰ ਸਿਰਫ਼ ਸਭ ਤੋਂ ਭਿੰਨ ਮੰਨੇ ਜਾਂਦੇ ਹਲਕਿਆਂ ਤੋਂ ਹੀ ਟਿਕਟਾਂ ਦਿੰਦੀਆਂ ਹਨ, ਉਪਰਲੀ ਨਜ਼ਰੇ ਦੇਖਣ ਵਾਲੇ ਨੂੰ ਇੰਝ ਜਾਪੇਗਾ ਜਿਵੇਂ ਬਹਚ-ਸਭਿਆਚਾਰਕ ਭਿੰਨਤਾ ਦੀ ਇਹ ਪ੍ਰਵਾਨਗੀ ਕੈਨੇਡਾ ਦੀ ਰਸਮੀ ਸਿਆਸਤ ਦੇ ਹਰ ਪਹਿਲੂ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਇਸੇ ਸਰਵੇਖਣ ਦੀ ਰਾਏ ਜ਼ਾਹਿਰ ਕੀਤੀ ਗਈ ਹੈ ਕਿ ਕੈਨੇਡਾ ਦੀਆਂ ਸੂਬਾਈ ਅਤੇ ਫ਼ੈਡਰਲ ਚੋਣਾਂ ਵਿੱਚ ਉਮੀਦਵਾਰ ਦੀ ਨਸਲ ਅਤੇ ਉਸ ਦਾ ਰੰਗ ਆਪਣਾ ਰੋਲ ਲਾਜ਼ਮੀ ਅਦਾ ਕਰਦੇ ਹਨ, ਪਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਚੀਜ਼ਾਂ ਦਾ ਰੋਲ ਅੰਤ ਵਿੱਚ ਫ਼ੈਸਲਾਕੁੰਨ ਹੀ ਸਾਬਿਤ ਹੋਵੇ ਕਿਉਂਕਿ ਕੈਨੇਡਾ ਵਿੱਚ ਇਤਿਹਾਸਕ ਤੌਰ ‘ਤੇ ਵੋਟਰ ਪਾਰਟੀ ਪ੍ਰਾਥਮਿਕਤਾ ਨੂੰ ਹੀ ਤਰਜੀਹ ਦਿੰਦੇ ਆਏ ਹਨ।
2004 ਵਿੱਚ ਪ੍ਰਕਾਸ਼ਿਤ ਕੀਤੇ ਗਏ ਇੱਕ ਚੋਣ ਸਰਵੇਖਣ ਦੇ ਨਤੀਜਿਆਂ ਵਿੱਚ ਜਵਾਬ ਦੇਣ ਵਾਲੇ 30 ਪ੍ਰਤੀਸ਼ਤ ਲੋਕਾਂ ਦਾ ਕਹਿਣਾ ਸੀ ਕਿ ਉਹ ਉਸ ਪਾਰਟੀ ਨੂੰ ਵੋਟ ਨਹੀਂ ਦੇਣਗੇ ਜਿਸ ਦਾ ਲੀਡਰ ਮੁਸਲਮਾਨ ਹੋਵੇ। ਅੱਠ ਪ੍ਰਤੀਸ਼ਤ ਦਾ ਇਹ ਕਹਿਣਾ ਸੀ ਕਿ ਉਹ ਕਾਲੇ ਲੀਡਰ ਨੂੰ ਵੋਟ ਨਹੀਂ ਪਾਉਣਗੇ, ਪਰ ਇੱਥੇ ਇਹ ਵੀ ਵਰਣਨਯੋਗ ਹੈ ਕਿ ਘੱਟੋਘੱਟ 10 ਪ੍ਰਤੀਸ਼ਤ ਕੈਨੇਡੀਅਨ ਅਜਿਹੇ ਵੀ ਸਨ ਜਿਨ੍ਹਾਂ ਦਾ ਇਹ ਕਹਿਣਾ ਸੀ ਕਿ ਉਹ ਅਜਿਹੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਉਣਗੇ ਜਿਸ ਦੇ ਲੀਡਰ ਦਾ ਪਿਛੋਕੜ ਪੱਛਮੀ ਕੈਨੇਡੀਅਨ ਮੂਲ ਦਾ ਹੋਵੇ।
ਵੈਸੇ ਵੱਖੋ ਵੱਖਰੇ ਧਰਮਾਂ ਦੇ ਮੈਂਬਰਾਂ ਨੂੰ ਲੈ ਕੇ ਲੋਕਾਂ ਦੀ ਸੋਚ ਅਤੇ ਉਨ੍ਹਾਂ ਦਾ ਰਵੱਈਆ ਵੱਖੋ ਵੱਖਰਾ ਹੋ ਸਕਦੈ, ਜਿਵੇਂ ਕਿ ਐਂਗਸ ਰੀਡ ਵਲੋਂ ਵੱਖੋ ਵੱਖਰੇ ਮਜ਼੍ਹਬਾਂ ਨੂੰ ਲੈ ਕੇ ਪਿੱਛਲੇ ਸਾਲ ਕੈਨੇਡੀਅਨਾਂ ਦਰਮਿਆਨ ਕਰਵਾਏ ਗਏ ਇੱਕ ਸਰਵੇਖਣ ਵਿੱਚ ਸਿੱਖ ਧਰਮ ਬਾਰੇ ਕੇਵਲ 38 ਪ੍ਰਤੀਸ਼ਤ ਲੋਕਾਂ ਦੀ ਰਾਏ ਹੀ ਸਾਕਾਰਾਤਮਕ ਸੀ। ਹਾਲਾਂਕਿ, ਇਹ ਨਤੀਜੇ 2013 ਵਿੱਚ ਪੁੱਛੇ ਗਏ ਇਸੇ ਸਵਾਲ ਦੇ ਜਵਾਬ ਦੇ ਨਤੀਜਿਆਂ ਨਾਲੋਂ ਬਿਹਤਰ ਸਨ, ਪਰ ਇਸਾਈ ਧਰਮ ਦੇ 68 ਪ੍ਰਤੀਸ਼ਤ ਅਤੇ ਯਹੂਦੀਆਂ ਦੇ 53 ਪ੍ਰਤੀਸ਼ਤ ਦੇ ਮੁਕਾਬਲੇ ਇਹ ਫ਼ਿਰ ਵੀ ਕਾਫ਼ੀ ਘੱਟ ਸੀ। ਜਦੋਂ ਕੈਨੇਡੀਅਨਾਂ ਨੂੰ ਕੁਝ ਖ਼ਾਸ ਧਾਰਮਿਕ ਚਿੰਨ੍ਹਾਂ ਨੂੰ ਜਨਤਕ ਤੌਰ ‘ਤੇ ਪਹਿਨਣ ਬਾਰੇ ਪੁੱਛਿਆ ਗਿਆ ਤਾਂ 77 ਪ੍ਰਤੀਸ਼ਤ ਦਾ ਕਹਿਣਾ ਸੀ ਕਿ ਉਹ ਜਨਤਕ ਤੌਰ ‘ਤੇ ਪਗੜੀ ਪਹਿਨਣ ਦਾ ਸਮੱਰਥਨ ਕਰਦੇ ਹਨ ਜੋ ਕਿ ਇਸਾਈਆਂ ਦੇ ਕ੍ਰੌਸ ਅਤੇ ਯਹੂਦੀਆਂ ਦੇ ਸਟਾਰ ਔਫ਼ ਡੇਵਿਡ ਦੇ ਧਾਰਮਿਕ ਚਿੰਨ੍ਹਾਂ ਨੂੰ ਮਿਲੀ ਪ੍ਰਵਾਨਗੀ ਤੋਂ ਘੱਟ ਹੈ। ਅਤੇ ਕੇਵਲ 33 ਪ੍ਰਤੀਸ਼ਤ ਲੋਕਾਂ ਨੇ ਸਿੱਖਾਂ ਦੇ ਜਨਤਕ ਤੌਰ ‘ਤੇ ਕਿਰਪਾਨ ਧਾਰਣ ਕਰਨ ਨੂੰ ਆਪਣੀ ਪ੍ਰਵਾਨਗੀ ਦਿੱਤੀ।
ਸਿੱਖਾਂ ਦੀ ਇਹ ਦਸਤਾਰ ਅਤੇ ਕਿਰਪਾਨ ਕਿਬੈਕ ਵਿੱਚ ਖ਼ਾਸ ਤੌਰ ‘ਤੇ ਇੱਕ ਵੱਡਾ ਮਸਲਾ ਹੋ ਸਕਦੀ ਹੈ ਜਿੱਥੇ ਪਹਿਲਾਂ ਤੋਂ ਧਰਮ ਅਤੇ ਸਿਆਸਤ ਨੂੰ ਅੱਡ ਅੱਡ ਰੱਖਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜੇਕਰ ਉੱਥੋਂ ਦੀ ਪਾਰਟੀ ਕਿਬੈਕਵਾ ਦਾ ਵੱਸ ਚੱਲੇ ਤਾਂ ਉਹ ਆਪਣੇ ਵਲੋਂ ਪ੍ਰਸਤਾਵਿਤ ਕੀਤਾ ਗਿਆ ‘ਚਾਰਟਰ ਔਫ਼ ਵੈਲਿਊਜ਼’ ਲਾਗੂ ਕਰ ਕੇ ਸਿੱਖਾਂ ਦੇ ਕੰਮ ‘ਤੇ ਦਸਤਾਰ ਪਹਿਨ ਕੇ ਆਉਣ ਉੱਪਰ ਵੀ ਪਾਬੰਦੀ ਲਗਾ ਦੇਵੇ। ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਸਾਬਕਾ ਕੰਸਰਵਟਿਵ ਸਰਕਾਰ ਵਲੋਂ ਸਿਟੀਜ਼ਨਸ਼ਿਪ ਸਮਾਰੋਹਾਂ ਵਿੱਚ ਹਿਜਾਬ ਪਹਿਨ ਕੇ ਸਹੁੰ ਚੁੱਕਣ ਨੂੰ ਬੈਨ ਕਰਨ ਦੀ ਕੋਸ਼ਿਸ਼ ਦਾ ਵਿਰੋਧ ਕਰਨ ਕਾਰਨ ਹੀ NDP ਨੂੰ 2015 ਵਿੱਚ ਕਿਬੈਕ ਵਿੱਚ ਬਹੁਤ ਸਾਰੀਆਂ ਸੀਟਾਂ ਤੋਂ ਹੱਥ ਧੋਣਾ ਪਿਆ ਸੀ। NDP ਦੇ ਇਸ ਵੇਲੇ ਕੈਨੇਡੀਅਨ ਹਾਊਸ ਔਫ਼ ਕੌਮਨਜ਼ ਵਿੱਚ 44 ਮੈਂਬਰ ਹਨ ਜਿਨ੍ਹਾਂ ਵਿੱਚੋਂ 16 ਕਿਬੈਕ ਤੋਂ ਹਨ।
ਕੈਨੇਡਾ ਦਾ ਪਹਿਲਾ ਦਸਤਾਰਧਾਰੀ ਪ੍ਰਧਾਨ ਮੰਤਰੀ ਬਣਨ ਦੇ ਇੱਛੁਕ ਜਗਮੀਤ ਸਿੰਘ ਨੂੰ ਆਪਣੇ ਅਕੀਦੇ ਬਾਰੇ ਕਈ ਪ੍ਰਤੱਖ ਤੌਰ ‘ਤੇ ਪੀੜਾਦਾਇਕ ਅਤੇ ਅਸ਼ਲੀਲ (ਨਾਗਵਾਰ) ਸਵਾਲਾਂ ਦਾ ਜਵਾਬ ਦੇਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਕਿਬੈਕ ਨੂੰ ਕੈਨੇਡੀਅਨ ਚੋਣਾਂ ਦੇ ਸਮੀਕਰਣ ਵਿੱਚੋਂ ਬਾਹਰ ਵੀ ਕੱਢ ਦੇਈਏ ਤਾਂ ਵੀ, ਧਾਰਮਿਕ ਮਾਮਲਿਆਂ ਦਾ ਜ਼ਿਕਰ ਕਦੇ ਵੀ ਕੈਨੇਡਾ ਦੇ ਸਿਆਸੀ ਗ਼ਲਿਆਰਿਆਂ ਵਿੱਚ ਖੁਲ੍ਹ ਕੇ ਨਹੀਂ ਕੀਤਾ ਜਾਂਦਾ ਰਿਹਾ। ਇਸ ਲਈ ਇਹ ਜ਼ਰੂਰੀ ਹੋਵੇਗਾ ਕਿ ਸਿੰਘ ਚੋਣਾਂ ਦੇ ਪਿੜ ਵਿੱਚ ਆਪਣੇ ਨਾਲ ਆਪਣੇ ਵੱਖਰੇ ਧਰਮ ਨਾਲੋਂ ਵੱਧ ਕੁਝ ਹੋਰ ਵੀ ਲੈ ਕੇ ਆਵੇ। ਉਸ ਨੂੰ ਕੈਨੇਡੀਅਨਾਂ ਨੂੰ ਇਹ ਬਾਰ ਬਾਰ ਦੱਸਣਾ ਪੈ ਸਕਦਾ ਹੈ ਕਿ ਉਹ ਕਿਉਂ ਜਨਤਕ ਤੌਰ ‘ਤੇ ਕਿਰਪਾਨ ਜਾਂ ਪਗੜੀ ਪਹਿਨ ਕੇ ਵਿਚਰਣਾ ਚਾਹੁੰਦਾ ਹੈ ਅਤੇ ਇਹ ਚੀਜ਼ਾਂ ਉਸ ਦੀ ਹੋਂਦ ਲਈ ਕਿਉਂ ਇੰਨੀਆਂ ਮਹੱਤਵਪੂਰਨ ਹਨ। ਫ਼ਿਰ ਘੁੰਮਾ ਕੇ ਉਸ ਨੂੰ ਉਨ੍ਹਾਂ ਨੂੰ ਇਹ ਵੀ ਸਮਝਾਣਾ ਪੈਣਾ ਕਿ ਜਦੋਂ ਉਹ ਕੋਈ ਫ਼ੈਸਲਾ ਲਵੇ ਤਾਂ ਉਹ (ਕੈਨੇਡੀਅਨ) ਉਸ ਦੀ ਪੱਗ ਨੂੰ ਨਾ ਦੇਖਣ ਸਗੋਂ ਉਸ ਦੇ ਅੰਦਰ ਦੇ ਪ੍ਰਧਾਨ ਮੰਤਰੀ ਦੀ ਨੇਕਨੀਅਤੀ ਨੂੰ ਦੇਖਣ।
ਸਿੰਘ ਨੂੰ ਕੈਨੇਡੀਅਨਾਂ ਨੂੰ ਉਸ ਨੂੰ ਦਸਤਾਰ ਸਹਿਤ ਦੇਖਣ ਅਤੇ ਬਰਦਾਸ਼ਤ ਕਰਨ ਦੀ ਆਦਤ ਪਾਉਣੀ ਪੈਣੀ ਹੈ ਜਿਵੇਂ ਕਿ ਉਸ ਨੇ ‘ਰਿਕ ਮਰਸਰ ਰਿਪੋਰਟ’ ਟੀਵੀ ਸ਼ੋਅ ਵਿੱਚ ਕੁਝ ਮਹੀਨੇ ਪਹਿਲਾਂ ਕੀਤਾ ਸੀ ਜਿੱਥੇ ਪ੍ਰੋਗਰਾਮ ਦੀ ਇੱਕ ਸੈਗਮੈਂਟ ਵਿੱਚ ਉਸ ਨੇ ਆਪਣੇ ਧਰਮ, ਸਿਆਸਤ, ਸ਼ਖ਼ਸੀਅਤ, ਕਿਰਦਾਰ, ਟੌਹਰ-ਤ:ਰਹਰ ਕੱਢ ਕੇ ਰੱਖਣ ਦੇ ਆਪਣੇ ਸ਼ੌਕ, ਆਦਿ ਬਾਰੇ ਦਰਸ਼ਕਾਂ ਨਾਲ ਖ਼ੂਬ ਖੁਲ੍ਹ ਕੇ ਗੱਲਾਂ ਕੀਤੀਆਂ ਸਨ। ਉੱਥੇ ਸਿੰਘ ਇੱਕ ਲ਼×ષਾ ਦਰਸ਼ਕਾਂ ਨੂੰ ਕਹਿੰਦੈ ਕਿ ਲੋਕਾਂ ਦੀ ਨਾਕਾਰਾਤਮਕ ਰੂੜੀਵਾਦੀ ਸੋਚ ਜਾਂ ਉਨ੍ਹਾਂ ਦੀਆਂ ਮਨੌਤਾਂ ਨੂੰ ਤਬਦੀਲ ਕਰਨ ਲਈ ਹੀ ਉਸ ਨੇ ਭੜਕੀਲੀਆਂ ਅਤੇ ਰੰਗ ਬਿਰੰਗੀਆਂ ਦਸਤਾਰਾਂ ਪਹਿਨਣੀਆਂ ਸ਼ੁਰੂ ਕੀਤੀਆਂ। ਸਿੰਘ ਦਾ ਇਹ ਅਟੁਟ ਵਿਸ਼ਵਾਸ ਹੈ ਕਿ ਜਦੋਂ ਤੁਸੀਂ ਵਧੀਆ ਫ਼ਿੱਟਿੰਗ ਤੇ ਸੁਆਈ ਵਾਲਾ ਸੂਟ ਪਹਿਨਿਆ ਹੋਵੇ, ਉਹ ਰੂੜੀਵਾਦ ਵਿਰੁੱਧ ਤੁਹਾਡੇ ਲਈ ਇੱਕ ਕਵਚ ਦਾ ਕੰਮ ਕਰਦਾ ਹੈ। ਸ਼ਾਇਦ ਕਿਸੇ ਸੂਟਿਡ-ਬੂਟਿਡ ਬੰਦੇ ਨੂੰ ਓਏ ਕਹਿਣ ਤੋਂ ਪਹਿਲਾਂ ਕੋਈ ਦੂਸਰਾ ਬੰਦਾ ਦਸ ਵਾਰ ਸੋਚੇਗਾ।
ਆਪਣੀ ਲੀਡਰਸ਼ਿਪ ਕੈਂਪੇਅਨ ਦੀ ਸ਼ੁਰੂਆਤ ਕਰਦਿਆਂ ਸਿੰਘ ਨੇ ਆਪਣੀ ਦਸਤਾਰ, ਗੁਫ਼ਤਾਰ ਅਤੇ ਰਫ਼ਤਾਰ ਬਾਰੇ ਗੱਲਬਾਤ ਕਰਦਿਆਂ ਆਪਣੇ ਬਚਪਨ ‘ਚੋਂ ਇੱਕ ਕਿੱਸਾ ਸੁਣਾਇਆ ਜੋ ਅਸੀਂ ਇੱਥੇ ਅਜੀਤ ਵੀਕਲੀ ਦੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ: ”ਉਨ੍ਹਾਂ ਲੱਖਾਂ ਕਰੋੜਾਂ ਲੋਕਾਂ ਵਾਂਗ ਜਿਹੜੇ ਦੂਸਰਿਆਂ ਤੋਂ ਵੱਖਰੇ ਦਿਖਦੇ ਹਨ, ਮੈਨੂੰ ਬਚਪਨ ਵਿੱਚ ਦੂਸਰੇ ਵਿਦਿਆਰਥੀ ਖ਼ੂਬ ਤੰਗ ਕਰਦੇ ਹੁੰਦੇ ਸਨ,” ਉਸ ਨੇ ਕਿਹਾ। ”ਮੇਰਾ ਹਾਸੋਹੀਣਾ ਨਾਮ ਸੁਣ ਕੇ ਹੀ ਮੇਰੇ ਸਹਿ-ਪਾਠੀਆਂ ਦਾ ਹਾਸਾ ਨਿਕਲ ਜਾਣਾ। ਸਕੂਲ ਵਿੱਚ ਮੈਨੂੰ ਦੂਸਰੇ ਮੁੰਡਿਆਂ ਦੀ ਮਾਰ-ਕੁਟਾਈ ਬਹੁਤ ਵਾਰ ਸਹਿਣੀ ਪਈ ਕਿਉਂਕਿ ਮੇਰੀ ਚਮੜੀ ਦਾ ਰੰਗ ਭੂਰਾ ਸੀ ਅਤੇ ਮੇਰੇ ਵਾਲ ਲੰਬੇ ਤੇ ਘਘੇ। ਹਰ ਰੋਜ਼ ਮੈਨੂੰ ਇੰਝ ਜਾਪਣਾ ਜਿਵੇਂ ਮੇਰੀ ਦਿਖ ਇਸ ਸਮਾਜ ਲਈ ਕਦੇ ਵੀ ਫ਼ਿੱਟ ਨਹੀਂ ਬੈਠਣ ਵਾਲੀ। ਫ਼ਿਰ ਮੈਨੂੰ ਆਪਣੇ ਹੱਕਾਂ ਲਈ ਖ਼ੁਦ ਹੀ ਖੜ੍ਹਨਾ ਅਤੇ ਲੜਨਾ ਸਿੱਖਣਾ ਪਿਆ।”
ਇਸ ਉਪਰੰਤ ਸ਼ੁਰੂ ਹੋਇਆ ਸਿੰਘ ਦਾ ਇਸ ਗੱਲ ਬਾਰੇ ਲੰਬਾ ਚੌੜਾ ਸਪੱਸ਼ਟੀਕਰਣ ਕਿ ਕਿਵੇਂ ਆਪਣੇ ਨਾਲ ਹੋਏ ਵਤੀਰੇ ਦੇ ਤਜਰਬੇ ਕਾਰਨ ਉਹ ਸਮਝ ਸਕਦਾ ਹੈ ਕਿ ਜਿਹੜੇ ਗ਼ਰੀਬ ਘਰਾਂ ਦੇ ਨਿਆਣਿਆਂ ਨੂੰ ਸਮਾਜਕ ਤੌਰ ‘ਤੇ  ਛੇਕਿਆ ਜਾਂਦਾ ਹੈ ਉਨ੍ਹਾਂ ‘ਤੇ ਕੀ ਬੀਤਦੀ ਹੋਵੇਗੀ। ਆਪਣੀ ਸਾਰੀ ਗੱਲਬਾਤ ਦੌਰਾਨ ਸਿੰਘ ਬਾਰ ਬਾਰ ਵਿਤਕਰੇ ਅਤੇ ਵੰਡ ਨਾਲ ਲੜਨ ਦੀ ਗੱਲ ਕਰਦਾ ਹੈ। ਉਸ ਨੇ ਘੱਟੋ ਘੱਟ ਇੱਕ ਦਰਜਨ ਵਾਰ ”ਸਭ ਨੂੰ ਨਾਲ ਲੈ ਕੇ ਚੱਲਣ” ਦੀ ਗੱਲ ਵੀ ਕੀਤੀ ਹੋਵੇਗੀ। ਸਿੰਘ ਦੀ ਉਮੀਦਵਾਰੀ ਨੂੰ ਲੈ ਕੇ ਇੰਟਰਨੈੱਟ ਉੱਪਰ ਜਾਂ ਸੋਸ਼ਲ ਮੀਡੀਆ ‘ਤੇ ਨਸਲਵਾਦੀ ਵਿਚਾਰ ਵੀ ਪੜ੍ਹਨ ਨੂੰ ਮਿਲ ਸਕਦੇ ਹਨ। GQ ਫ਼ੈਸ਼ਨ ਮੈਗਜ਼ੀਨ ਨਾਲ ਇੱਕ ਗੱਲਬਾਤ ਵਿੱਚ ਸਿੰਘ ਨੇ ਦੱਸਿਆ ਕਿ ਕਈ ਵਾਰ ਇਸਲਾਮ ਵਿਰੋਧੀ ਅਨਸਰਾਂ ਵਲੋਂ ਉਸ ਨੂੰ ਮੁਸਲਮਾਨ ਸਮਝ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ ਕਿਉਂਕਿ ਬਹੁਤੇ ਲੋਕ ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਵਖਰੇਵਾਂ ਕਰਨ ਤੋਂ ਅਸਮਰਥ ਹਨ।
ਜਿਸ ਮੁਲਕ ਦੀ 19 ਪ੍ਰਤੀਸ਼ਤ ਵਸੋਂ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ ਹੋਵੇ ਉੱਥੇ ਨਸਲਵਾਦੀ ਅਨਸਰਾਂ ਦੀ ਗਿਣਤੀ ਕਦੇ ਵੀ ਬਹੁਗਿਣਤੀ ਵਿੱਚ ਨਹੀਂ ਹੋ ਸਕਦੀ। ਕੈਨੇਡੀਅਨਾਂ ਦੀ ਦੂਸਰੇ ਭਾਈਚਾਰਿਆਂ ਪ੍ਰਤੀ ਪ੍ਰਵਾਨਗੀ ਦਾ ਮਾਪਦੰਡ ਕੇਵਲ ਕਿਸੇ ਸਿਆਸੀ ਪਾਰਟੀ ਦੀ ਲੀਡਰਸ਼ਿਪ ਜਾਂ ਫ਼ੈਡਰਲ ਚੋਣਾਂ ਜਿੱਤਣ ਨੂੰ ਨਹੀਂ ਬਣਾਇਆ ਜਾਣਾ ਚਾਹੀਦਾ। ਸਿੰਘ ਦੀ ਲੀਡਰਸ਼ਿਪ ਦੀ ਦੌੜ ਕਈ ਕਾਰਨਾਂ ਕਾਰਨ ਫ਼ਲੌਪ ਹੋ ਸਕਦੀ ਹੈ ਅਤੇ ਮੁਮਕਿਨ ਹੈ ਕਿ ਉਨ੍ਹਾਂ ਕਾਰਨਾਂ ਦਾ ਉੱਪਰ ਬਿਆਨ ਕੀਤੇ ਗਏ ਕਾਰਨਾਂ ਨਾਲ ਕੋਈ ਲੈਣਾ ਦੇਣਾ ਹੀ ਨਾ ਹੋਵੇ। ਅਤੇ ਜੇ ਸਿੰਘ NDP ਦਾ ਲੀਡਰ ਚੁਣ ਵੀ ਲਿਆ ਜਾਂਦਾ ਹੈ, ਪਰ ਉਸ ਦੀ ਪਾਰਟੀ 2019 ਦੀਆਂ ਚੋਣਾਂ ਵਿੱਚ ਕੋਈ ਖ਼ਾਸ ਮਾਰਕਾ ਮਾਰਨ ਵਿੱਚ ਨਾਕਾਮ ਰਹਿੰਦੀ ਹੈ, ਅਤੇ ਆਪਣੇ ਤੀਸਰੇ ਸਥਾਨ ਤੋਂ ਉੱਪਰ ਉੱਠ ਕੇ ਸ਼੍ਰੇਸ਼ਠ ਸਥਾਨ ਹਾਸਿਲ ਨਹੀਂ ਕਰ ਪਾਂਦੀ ਤਾਂ ਇਸ ਦੇ ਵੀ ਅਨੇਕਾਂ ਸੰਭਾਵੀ ਕਾਰਨ ਹੋ ਸਕਦੇ ਹਨ।
ਵੱਖਰੀ ਨਸਲ ਜਾਂ ਧਰਮ ਤੋਂ ਤਾਂ ਚਲੋ ਰਹਿਣ ਦਿਓ, ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਤੋਂ ਵੀ ਕੋਈ ਉਮੀਦਵਾਰ ਅੱਜ ਤਕ ਕਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਨਹੀਂ ਬਣਿਆ। ਸ਼ਾਇਦ ਇਸ ਦਾ ਕਾਰਨ ਇਹੀ ਹੋਵੇ ਕਿ ਕੈਨੇਡੀਅਨ ਲੋਕ ਸੱਚਮੁੱਚ ਹੀ ਦਾੜ੍ਹੀ ਵਾਲੇ ਲੋਕਾਂ ਨੂੰ ਆਪਣੇ ਲੀਡਰ ਦੇ ਤੌਰ ‘ਤੇ ਪਸੰਦ ਨਹੀਂ ਕਰਦੇ। ਇਹ ਦੇਖਣ ਲਈ ਕਿ ਕੈਨੇਡਾ ਦੇ ਲੋਕ ਕਿਸੇ ਗ਼ੈਰ-ਗੋਰੇ ਨੂੰ ਆਪਣੀ ਰਾਸ਼ਟਰੀ ਪਾਰਟੀ ਦਾ ਲੀਡਰ ਚੁਣਨ ਲਈ ਕਿੰਨੇ ਕੁ ਤਿਆਰ ਹਨ, ਸਾਨੂੰ ਇਹ ਦੇਖਣਾ ਪਵੇਗਾ ਕਿ ਸਿੱਖਾਂ ਤੋਂ ਛੁੱਟ ਕਿਸੇ ਹੋਰ ਧਰਮ ਜਾਂ ਨਸਲ ਨਾਲ ਸਬੰਧਤ ਕਿੰਨੇ ਕੁ ਲੋਕ ਇਸ ਪਿੜ ਵਿੱਚ ਕੁਦਦੇ ਹਨ, ਜਿਵੇਂ ਕਿ ਚੀਨੀ, ਕਾਲੇ ਜਾਂ ਮੁਸਲਮਾਨ ਭਾਈਚਾਰੇ। ਕਿਸੇ ਮਹਾਨ ਬਹੁਸਭਿਆਚਾਰਕ ਰਾਸ਼ਟਰ ਦੀ ਬਹੁਲਤਾ ਦੀ ਝਲਕ ਉਸ ਮੁਲਕ ਦੀ ਰਾਸ਼ਟਰੀ ਲੀਡਰਸ਼ਿਪ ਤੋਂ ਵੀ ਤਾਂ ਪੈਣੀ ਚਾਹੀਦੀ ਹੈ। (ਸਟੋਰੀ ਆਈਡੀਆ ਐਰੋਨ ਵ੍ਹੈਰੀ, CBC ਨਿਊਜ਼)