ਅੰਮ੍ਰਿਤਸਰ,  ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 29 ਮਈ ਨੂੰ ਅੰਮ੍ਰਿਤਸਰ ਪਹੁੰਚ ਰਹੇ ਹਨ। ਇਸ ਦਿਨ ਉਹ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ, ਉਥੇ ਉਹ ਜਲਿਆਂਵਾਲਾ ਬਾਗ ਤੇ ਹੋਰ ਧਾਰਮਿਕ ਅਸਥਾਨਾਂ ‘ਤੇ ਵੀ ਆਪਣਾ ਸਜਦਾ ਕਰਨ ਉਪਰੰਤ ਪੰਜਾਬ ਇਕਾਈ ਦੀ ਇਕ ਉੱਚ ਪੱਧਰੀ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ। ਸੂਤਰਾਂ ਅਨੁਸਾਰ ਪਿਛਲੇ ਕਈ ਮਹੀਨਿਆਂ ਤੋਂ ਮੁਸ਼ਕਿਲਾਂ ‘ਚੋਂ ਨਿਕਲਦੇ ਆ ਰਹੇ ਸ਼੍ਰੀ ਕੇਜਰੀਵਾਲ ਨੂੰ ਅੰਮ੍ਰਿਤਸਰ ਤੋਂ ਹੀ ਸਭ ਤੋਂ ਵੱਡੀ ਠਾਰ ਮਿਲਣ ਵਾਲੀ ਹੈ। ਇਕ ਤੋਂ ਬਾਅਦ ਇਕ ਆਪਣੇ ਹੀ ਆਗੂਆਂ ਦੇ ਦੋਸ਼ਾਂ ‘ਚ ਘਿਰੇ ਕੇਜਰੀਵਾਲ ਅੰਮ੍ਰਿਤਸਰ ‘ਚ ਵਲੰਟੀਅਰਾਂ ਨਾਲ ਸਿੱਧਾ ਰਾਬਤਾ ਬਣਾਉਣਾ ਚਾਹੁੰਦੇ ਹਨ।
ਉਨ੍ਹਾਂ ਦੇ ਇਸ ਇਕ ਦਿਨਾ ਦੌਰੇ ਦੌਰਾਨ ਰੁੱਸਿਆਂ ਨੂੰ ਮਨਾਉਣ ਅਤੇ ਪਾਰਟੀ ਛੱਡ ਗਏ ਲੀਡਰਾਂ ਨਾਲ ਨੇੜਤਾ ਵਧਾਉਣ ‘ਤੇ ਵੀ ਜ਼ੋਰ ਦਿੱਤੇ ਜਾਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ‘ਚ 22 ਮਈ ਨੂੰ ਪੰਜਾਬ ਇਕਾਈ ਦੇ ਸਹਿ-ਪ੍ਰਧਾਨ ਅਮਨ ਅਰੋੜਾ ਵੀ ਇਕ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ, ਜਿਸ ‘ਚ ਵਲੰਟੀਅਰਾਂ ਨੂੰ ਮਿਲਣ ਤੋਂ ਇਲਾਵਾ ਜਥੇਬੰਦਕ ਢਾਂਚੇ ਦੇ ਪੁਨਰਗਠਨ ਲਈ ਵੀ ਉਨ੍ਹਾਂ ਦੇ ਵਿਚਾਰ ਲਏ ਜਾਣੇ ਹਨ। ਆਰਟ ਗੈਲਰੀ ‘ਚ ਹੋ ਰਹੀ ਇਸ ਮੀਟਿੰਗ ਨੂੰ ਲੈ ਕੇ ਜ਼ਿਲਾ ਇਕਾਈ ਤੇ 29 ਮਈ ਨੂੰ ਅਰਵਿੰਦ ਕੇਜਰੀਵਾਲ ਦੇ ਦੌਰੇ ਨੂੰ ਲੈ ਕੇ ਪੰਜਾਬ ਇਕਾਈ ਨੱਠ-ਭੱਜ ਕਰਦੀ ਨਜ਼ਰ ਆ ਰਹੀ ਹੈ। ਪਾਰਟੀ ਦੇ ਜ਼ਿਲਾ ਪ੍ਰਧਾਨ ਕੁਲਜੀਤ ਸਿੰਘ ‘ਸਿੰਘ ਬ੍ਰਦਰਜ਼’ ਦੇ ਦੱਸਿਆ ਕਿ 22 ਮਈ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 29 ਮਈ ਨੂੰ ਅਰਵਿੰਦ ਕੇਜਰੀਵਾਲ ਦੇ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਪਾਰਟੀ ਵੱਲੋਂ ਅਜੇ ਉਨ੍ਹਾਂ ਤੱਕ ਪੁੱਜਦਾ ਨਹੀਂ ਕੀਤੀ ਗਈ। ਉਨ੍ਹਾਂ ਇਸ਼ਾਰਾ ਕੀਤਾ ਕਿ ਇਸ ਦਿਨ ਸਾਰੇ ਪੰਜਾਬ ਦੀ ਇਕਾਈ ਦੀ ਉੱਚ ਪੱਧਰੀ ਪਬਲਿਕ ਮੀਟਿੰਗ ਵੀ ਹੋ ਸਕਦੀ ਹੈ, ਜਿਸ ਨੂੰ ਕੇਜਰੀਵਾਲ ਸੰਬੋਧਨ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ‘ਚ ਪਾਰਟੀ ਮਜ਼ਬੂਤੀ ਨਾਲ ਉਭਰ ਰਹੀ ਹੈ, ਵਿਰੋਧੀ ਹੀ ਉਨ੍ਹਾਂ ਵਿਰੁੱਧ ਗਲਤ ਪ੍ਰਚਾਰ ਕਰ ਰਹੇ ਹਨ। ਇਕ-ਇਕ ਵਲੰਟੀਅਰ ਅੱਜ ਵੀ ਪਾਰਟੀ ਦੇ ਨਾਲ ਹੈ ਅਤੇ ਕੇਜਰੀਵਾਲ ਦੇ ਅੰਮ੍ਰਿਤਸਰ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਕਨਵੀਨਰ ਤੋਂ ਹਟਾਏ ਗਏ ਗੁਰਪ੍ਰੀਤ ਸਿੰਘ ਘੁੱਗੀ ਵੱਲੋਂ ਅਰਵਿੰਦ ਕੇਜਰੀਵਾਲ ‘ਤੇ ਇਹ ਦੋਸ਼ ਮੁੱਖ ਤੌਰ ‘ਤੇ ਲਾਇਆ ਗਿਆ ਸੀ ਕਿ ਉਹ ਪੰਜਾਬ ਚੋਣਾਂ ਬਾਅਦ ਇਕ ਵਾਰ ਵੀ ਲੋਕਾਂ ਦਾ ਧੰਨਵਾਦ ਕਰਨ ਪੰਜਾਬ ਨਹੀਂ ਆਏ। ਲੱਗਦਾ ਹੈ ਕਿ ਘੁੱਗੀ ਦੇ ਸੁਝਾਅ ਨੂੰ ਮੰਨਦਿਆਂ ਹੀ ਕੇਜਰੀਵਾਲ 29 ਮਈ ਨੂੰ ਪੰਜਾਬ ਆ ਰਹੇ ਹਨ।