ਜਲੰਧਰ -ਆਮ ਆਦਮੀ ਪਾਰਟੀ ਦੇ ਪੰਜਾਬ ਦੇ ਉਪ ਪ੍ਰਧਾਨ ਅਮਨ ਅਰੋੜਾ ਨੇ ਬੀਤੇ ਦਿਨ ਆਪਣੀ ਪ੍ਰੈੱਸ ਕਾਨਫਰੰਸ ‘ਚ ਕਿਹਾ ਸੀ ਕਿ ਉਹ ਪੰਜਾਬ ‘ਚ ਆਪ ਦੇ ਵੱਡੇ ਚਿਹਰੇ ਰਹੇ ਤੇ ਹੁਣ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਸੁੱਚਾ ਸਿੰਘ ਛੋਟੇਪੁਰ, ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਨੂੰ ਵਾਪਸ ‘ਆਪ’ ਪਾਰਟੀ ‘ਚ ਲਿਆਉਣ ਲਈ ਕੋਸ਼ਿਸ਼ ਕਰਨਗੇ। ਇਸ ਦੇ ਬਾਅਦ ਤੋਂ ਹੀ ਪੰਜਾਬ ਦੇ ਸਿਆਸੀ ਹਲਕਿਆਂ ‘ਚ ਚਰਚਾ ਸ਼ੁਰੂ ਹੋ ਗਈ ਸੀ ਕਿ ਕੀ ਆਪ ਨਵੀਆਂ ਨੀਤੀਆਂ ਨਾਲ ਜ਼ਮੀਨੀ ਪੱਧਰ ‘ਤੇ ਵਾਪਸ ਪੰਜਾਬ ‘ਚ ਆਪਣੇ ਪੈਰ ਜਮਾ ਸਕੇਗੀ ਤੇ ਕੀ ਅਸਲ ‘ਚ ਇਹ ਤਿੰਨੋ ਵੱਡੇ ਚਿਹਰੇ ਵਾਪਸ ਪਾਰਟੀ ‘ਚ ਦਿਖਾਈ ਦੇ ਸਕਣਗੇ। ਇਸ ਬਾਰੇ ਭਾਵੇਂ ਅਮਨ ਅਰੋੜਾ ਪੱਤਰਕਾਰਾਂ ਦੇ ਸਾਹਮਣੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਰਹੇ ਪਰ ਹੁਣ ਸਾਰੇ ਮਾਮਲੇ ਦੀ ਹਕੀਕਤ ਜਾਣਨ ਲਈ ਅਸੀਂ ਛੋਟੇਪੁਰ, ਡਾ. ਗਾਂਧੀ ਤੇ ਖਾਲਸਾ ਨਾਲ ਗੱਲ ਕੀਤੀ ਤਾਂ ਜਵਾਬ ਕੁਝ ਇਸ ਤਰ੍ਹਾਂ ਸੁਣਨ ਨੂੰ ਮਿਲੇ-
ਦਿੱਲੀ ਵਾਲਿਆਂ ਦੇ ਬੂਟਾਂ ‘ਚ ਪਾਣੀ ਪੀਣ ਵਾਲੇ ਸਾਡੇ ਬਾਰੇ ਬਿਆਨਬਾਜ਼ੀ ਨਾ ਕਰਨ
ਡਾ. ਗਾਂਧੀ ਮਾਮਲੇ ਬਾਰੇ ਆਪ ਦੇ ਸੰਸਦ ਮੈਂਬਰ ਰਹੇ ਡਾ. ਧਰਮਵੀਰ ਸਿੰਘ ਗਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਬਿਆਨ ਆਪ ਪਾਰਟੀ ਦੇ ਨੇਤਾ ਅਮਨ ਅਰੋੜਾ ਦੇ ਰਹੇ ਹਨ ਉਹ ਅਸਲ ‘ਚ ਆਪਣੀ ਪੰਜਾਬ ‘ਚ ਖਤਮ ਹੋ ਰਹੀ ਪਾਰਟੀ ਤੇ ਵਰਕਰਾਂ ਦੇ ਡਿੱਗਦੇ ਜਾ ਰਹੇ ਹੌਸਲੇ ਨੂੰ ਇਕ ਉਮੀਦ ਦੇਣ ਲਈ ਝੂਠੀਆਂ ਅਫਵਾਹਾਂ ਫੈਲਾਉਣ ਦੇ ਬਰਾਬਰ ਹੈ। ਗਾਂਧੀ ਨੇ ਕਿਹਾ ਕਿ ਪਾਰਟੀ ਨਿਰਾਸ਼ਾ ਨਾਲ ਭਰੀ ਪਈ ਹੈ। ਉਨ੍ਹਾਂ ਕਿਹਾ ਕਿ ਆਪ ਨੇਤਾਵਾਂ ਨੂੰ ਇਹ ਅਧਿਕਾਰ ਹੀ ਨਹੀਂ ਹੈ ਕਿ ਉਹ ਸਾਡੇ ਬਾਰੇ ਕੋਈ ਬਿਆਨ ਦੇਣ ਕਿਉਂਕਿ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਮੈਨੂੰ, ਖਾਲਸਾ ਤੇ ਛੋਟੇਪੁਰ ਨੂੰ ਪਾਰਟੀ ‘ਚੋਂ ਬਾਹਰ ਕੱਢਣ ਲਈ ਹਾਮੀ ਭਰੀ ਸੀ।
ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਨਾਲ ਧੋਖਾ ਕੀਤਾ, ਪੰਜਾਬ ਚੋਣਾਂ ‘ਚ ਟਿਕਟਾਂ ਵਿਕਦੀਆਂ ਦੇਖ ਚੁੱਪ ਰਹੇ, ਪੰਜਾਬ ‘ਚ ਔਰਤਾਂ ਦੀਆਂ ਇੱਜ਼ਤਾਂ ‘ਤੇ ਹਮਲੇ ਹੁੰਦੇ ਦੇਖ ਚੁੱਪ ਰਹੇ ਤੇ ਦਿੱਲੀ ਵਾਲਿਆਂ ਦੇ ਬੂਟਾਂ ‘ਚ ਪਾਣੀ ਪੀ ਕੇ ਆਪਣੇ ਅਹੁਦੇ ਸੁਰੱਖਿਅਤ ਰੱਖੇ ਤੇ ਪੰਜਾਬ ਨਾਲ ਧੋਖਾ ਕੀਤਾ। ਉਹ ਕੀ ਮੈਨੂੰ ਪਾਰਟੀ ‘ਚ ਵਾਪਸ ਲਿਆਉਣਗੇ।
ਜਿਨ੍ਹਾਂ ਨੇ ਮੇਰੇ ਕਤਲ ਦੀ ਸਾਜ਼ਿਸ਼ ਰਚੀ ਉਹ ਹੀ ਅੱਜ ਜਾਨ ਬਚਾਉਣ ਦੀ ਗੱਲ ਕਰਦੇ ਹਨ
ਛੋਟੇਪੁਰ ਮਾਮਲੇ ਬਾਰੇ ਆਪ ਪਾਰਟੀ ਦੇ ਸਾਬਕਾ ਕਨਵੀਨਰ ਰਹੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅਜੇ ਤੱਕ ਪਾਰਟੀ ਦੇ ਕਿਸੇ ਨੇਤਾ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੋ ਪਾਰਟੀ ਨੇਤਾ ਮੈਨੂੰ ਵਾਪਸ ਲਿਆਉਣ ਦੇ ਬਿਆਨ ਦੇ ਰਹੇ ਹਨ ਇਹ ਉਹੀ ਨੇਤਾ ਹਨ ਜਿਨ੍ਹਾਂ ਨੇ ਮੇਰੇ ‘ਤੇ ਝੂਠੇ ਦੋਸ਼ ਲਗਾ ਕੇ ਮੈਨੂੰ ਪਾਰਟੀ ‘ਚੋਂ ਬਾਹਰ ਕੱਢਣ ਦੇ ਲੈਟਰ ‘ਤੇ ਸਾਈਨ ਕੀਤੇ ਸਨ। ਹੁਣ ਇਹ ਕਿਸ ਮੂੰਹ ਨਾਲ ਮੈਨੂੰ ਵਾਪਸ ਲਿਆਉਣ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਮੈਨੂੰ ਮਾਰਨ ਲਈ ਦਿੱਲੀ ਵਾਲਿਆਂ ਨੂੰ ਹਥਿਆਰ ਫੜਾ ਰਹੇ ਸਨ ਉਹ ਅੱਜ ਜਾਨ ਬਚਾਉਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਸਿਰਫ ਮਜ਼ਾਕ ਹੈ।
ਯੂ. ਪੀ., ਬਿਹਾਰ ਵਾਲਿਆਂ ਨੇ ਪਾਰਟੀ ‘ਚ ਆ ਕੇ ਗੰਦ ਪਾਇਆ ਤੇ ਪਾਰਟੀ ਦੀ ਭਰੂਣ ਹੱਤਿਆ ਕੀਤੀ
ਖਾਲਸਾ ਮਾਮਲੇ ਬਾਰੇ ਆਪ ਪਾਰਟੀ ਦੇ ਸੰਸਦ ਮੈਂਬਰ ਰਹੇ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਨਾ ਤਾਂ ਅੱਜ ਤੱਕ ਆਪ ਪਾਰਟੀ ਦੇ ਕਿਸੇ ਨੇਤਾ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਨਾ ਹੀ ਕੁੱਝ ਵੀ ਅਜਿਹਾ ਹੋਣਾ ਹੈ। ਆਪ ਨੇਤਾ ਅਸਲ ‘ਚ ਫਰਾਡ ਖੇਡ ਰਹੇ ਹਨ ਤੇ ਅਜਿਹੇ ਝੂਠੇ ਬਿਆਨ ਦੇ ਕੇ ਲੋਕਾਂ ‘ਚ ਆਪਣੀ ਖਰਾਬ ਹੀ ਚੁੱਕੀ ਇਮੇਜ ਵਾਪਸ ਬਣਾਉਣ ਲਈ ਇਹ ਸਭ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਨਗਰ ਨਿਗਮ ਚੋਣਾਂ ‘ਚ ਆਪਣਾ ਆਧਾਰ ਬਣਾਉਣ ਲਈ ਆਪ ਨੇਤਾ ਖੇਡ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਪਾਰਟੀ ਦਾ ਨੇਤਾ ਤਾਂ ਕੀ ਕੁੱਤਾ ਵੀ ਉਦੋਂ ਤੋਂ ਮੇਰੇ ਘਰ ਨਹੀਂ ਆਇਆ ਜਦੋਂ ਤੋਂ ਮੈਂ ਪਾਰਟੀ ਛੱਡੀ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੀ ਭਰੂਣ ਹੱਤਿਆ ਹੋ ਚੁੱਕੀ ਹੈ। ਪੰਜਾਬੀਆਂ ਨੇ ਪਾਰਟੀ ‘ਤੇ ਅੰਨ੍ਹਾ ਵਿਸ਼ਵਾਸ ਕਰ ਕੇ 4 ਸੰਸਦ ਮੈਂਬਰ ਜਿਤਾਏ, ਪੰਜਾਬ ‘ਚ ਸਰਕਾਰ ਬਣਾਉਣ ਲਈ ਜ਼ਮੀਨ ਦਿੱਤੀ ਪਰ ਪਾਰਟੀ ਨੇ ਯੂ. ਪੀ. ਬਿਹਾਰ ਵਾਲਿਆਂ ਦੇ ਚੱਕਰ ‘ਚ ਪਾਰਟੀ ਦਾ ਸੱਤਿਆਨਾਸ਼ ਕਰ ਦਿੱਤਾ।