ਜਲੰਧਰ — ਜੇਲ ‘ਚ ਬੰਦ ਸ਼ਿਵ ਲਾਲ ਡੋਡਾ ਨਾਲ ਐਕਸਾਈਜ਼ ਵਿਭਾਗ ਦੇ ਇਕ ਉੱਚ ਅਧਿਕਾਰੀ ਵਲੋਂ ਜੇਲ ‘ਚ ਮੁਲਾਕਾਤ ਕਰਨ ਦਾ ਮਾਮਲਾ ਭਖ ਗਿਆ ਹੈ ਅਤੇ ਹੁਣ ਇਹ ਮਾਮਲਾ ਜਲਦੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ‘ਚ ਪਹੁੰਚਣ ਜਾ ਰਿਹਾ ਹੈ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਇਸ ਮਾਮਲੇ ਨੂੰ ਅਗਲੇ ਹਫਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਉਠਾ ਕੇ ਸਬੰਧਿਤ ਐਕਸਾਈਜ਼ ਅਧਿਕਾਰੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾਏਗੀ। ਅਧਿਕਾਰੀਆਂ ਵਲੋਂ ਜੇਲਾਂ ‘ਚ ਬੰਦ ਅਪਰਾਧਿਕ ਲੋਕਾਂ ਨਾਲ ਸਬੰਧਾਂ ‘ਤੇ ਰੋਕ ਲਾਉਣ ਸਬੰਧੀ ਕੈਪਟਨ ਅਮਰਿੰਦਰ ਸਿੰਘ ਨਾਲ ਚਰਚਾ ਹੋਵੇਗੀ।
ਐਕਸਾਈਜ਼ ਵਿਭਾਗ ਦੇ ਫਿਰੋਜ਼ਪੁਰ ਸਥਿਤ ਇਕ ਉੱਚ ਅਧਿਕਾਰੀ ਵਲੋਂ ਜੇਲ ‘ਚ ਸ਼ਰਾਬ ਮਾਫੀਆ ਨਾਲ ਜੁੜੇ ਡੋਡਾ ਨਾਲ ਮੁਲਾਕਾਤ ਕਰਨ ਪਿਛੋਂ ਸਬੰਧਤ ਅਧਿਕਾਰੀਆਂ ਵਲੋਂ ਭਾਵੇਂ ਇਹ ਦਲੀਲ ਦਿੱਤੀ ਗਈ ਸੀ ਕਿ ਉਹ ਸ਼ਰਾਬ ਦੇ ਕਾਰੋਬਾਰ ਨੂੰ ਲੈ ਕੇ ਡੋਡਾ ਨਾਲ ਮੁਲਾਕਾਤ ਕਰਨ ਲਈ ਗਿਆ ਸੀ ਪਰ ਇਸ ਸਬੰਧੀ ਜਾਖੜ ਦਾ ਮੰਨਣਾ ਹੈ ਕਿ ਡੋਡਾ ਦੀ ਕਿਸੇ ਵੀ ਫਰਮ ਕੋਲ ਇਸ ਸਮੇਂ ਸ਼ਰਾਬ ਦੇ ਠੇਕੇ ਨਹੀਂ ਹਨ ਪਰ ਜੇ ਉਸ ਦੀਆਂ ਬੇਨਾਮੀ ਫਰਮਾਂ ਕੋਲ ਸ਼ਰਾਬ ਦੇ ਠੇਕੇ ਹਨ ਤਾਂ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਹਨ ਕਿ ਕਿਸੇ ਵੀ ਤਰ੍ਹਾਂ ਦੇ ਬੇਨਾਮੀ ਕਾਰੋਬਾਰ ਨੂੰ ਕੇਂਦਰ ਸਰਕਾਰ ਚੱਲਣ ਨਹੀਂ ਦੇਵੇਗੀ ਜਦੋਂਕਿ ਭਾਜਪਾ ਨਾਲ ਸਬੰਧਤ ਕੁਝ ਨੇਤਾ ਹੀ ਬੇਨਾਮੀ ਕਾਰੋਬਾਰ ਨੂੰ ਹੱਲਾਸ਼ੇਰੀ ਦੇਣ ‘ਚ ਲੱਗੇ ਹੋਏ ਹਨ।
ਸੰਪਰਕ ਕਰਨ ‘ਤੇ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਗੈਂਗਸਟਰਜ਼ ‘ਤੇ ਸ਼ਿਕੰਜਾ ਕੱਸਣ ਦਾ ਪੱਕਾ ਇਰਾਦਾ ਬਣਾ ਚੁੱਕੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਮਾਮਲਾ ਉਠਾਏ ਜਾਣ ਪਿੱਛੋਂ ਉਹ ਸਖਤ ਕਾਰਵਾਈ ਕਰਨਗੇ।
ਇਸ ਦੌਰਾਨ ਜਾਖੜ ਨੇ ਉਪਰੋਕਤ ਅਧਿਕਾਰੀ ਦੀ ਜੇਲ ‘ਚ ਡੋਡਾ ਨਾਲ ਹੋਈ ਬੈਠਕ ਨੂੰ ਲੈ ਕੇ ਪੰਜਾਬ ਦੇ ਪੁਲਸ ਮੁਖੀ ਨੂੰ ਇਕ ਚਿੱਠੀ ਲਿਖੀ ਹੈ ਜਿਸ ਵਿਚ ਇਸ ਮੁਲਾਕਾਤ ਨੂੰ ਲੈ ਕੇ ਤਿੱਖਾ ਇਤਰਾਜ਼ ਪ੍ਰਗਟ ਕੀਤਾ ਹੈ। ਪੰਜਾਬ ਕਾਂਗਰਸ ਚਾਹੁੰਦੀ ਹੈ ਕਿ ਜੇਲਾਂ ‘ਚ ਬੰਦ ਗੈਂਗਸਟਰਜ਼ ਜਾਂ ਅਪਰਾਧਿਕ ਸਰਗਰਮੀਆਂ ‘ਚ ਸ਼ਾਮਲ ਲੋਕਾਂ ਨਾਲ ਅਧਿਕਾਰੀਆਂ ਜਾਂ ਹੋਰਨਾਂ ਵਿਅਕਤੀਆਂ ਦੀ ਮੁਲਾਕਾਤ ‘ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਬੀਤੇ ਸਮੇਂ ਵਿਚ ਵੀ ਜੇਲਾਂ ‘ਚ ਬੈਠ ਕੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਦੀਆਂ ਕਈ ਯੋਜਨਾਵਾਂ ਬਣ ਚੁੱਕੀਆਂ ਹਨ।