ਚੰਡੀਗਡ਼੍ਹ- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਹਾਰੇ ਤੇ ਬੌਖਲਾਏ ਹੋਏ ਆਗੂਆਂ ਨੂੰ ਧੀਰਜ ਰੱਖਣ ਅਤੇ ਅੰਦਰਝਾਤ ਮਾਰਨ ਦੀ ਸਲਾਹ ਦਿੰਦਿਆਂ ਪੰਜਾਬ ਦੇ ਸਿੰਜਾਈ ਅਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਗਠਜੋਡ਼ ਦੇ ਆਗੂਆਂ ਨੂੰ ਕਿਹਾ ਕਿ ਅਕਾਲੀ-ਭਾਜਪਾ ਵੱਲੋਂ ਹੱਦੋਂ ਵੱਧ ਤਬਾਹ ਅਤੇ ਬਰਬਾਦ ਕੀਤੇ ਗਏ ਪੰਜਾਬ ਨੂੰ ਮੁਡ਼ ਲੀਹ ‘ਤੇ ਲਿਆਉਣ ਵਿੱਚ ਵਕਤ ਤਾਂ ਲੱਗੇਗਾ ਹੀ।
ਰਾਣਾ ਗੁਰਜੀਤ ਸਿੰਘ ਨੇ ਅੱਜ ਇਥੇ ਜਾਰੀ ਇੱਕ ਬਿਆਨ ਰਾਹੀਂ ਅਕਾਲੀ-ਭਾਜਪਾ ਗਠਜੋਡ਼ ਦੇ ਆਗੂਆਂ ਵੱਲੋਂ ਸਰਕਾਰ ਦੀ ਕੀਤੀ ਜਾ ਰਹੀ ਅਲੋਚਨਾ ਦਾ ਜਵਾਬ ਦਿੰਦਿਆਂ ਕਿਹਾ, ”120 ਮਹੀਨਿਆਂ ਵਿੱਚ ਕੀਤੀ ਗਈ ਗਡ਼ਬਡ਼ ਯਕੀਨੀ ਤੌਰ ‘ਤੇ ਸਿਰਫ 2 ਮਹੀਨਿਆਂ ਅੰਦਰ ਠੀਕ ਨਹੀਂ ਕੀਤੀ ਜਾ ਸਕਦੀ ਇਸ ਲਈ ਤੁਹਾਨੂੰ ਸਾਡੇ ਨਾਲ ਇਸ ਸਥਿਤੀ ਨੂੰ ਉਦੋਂ ਤੱਕ ਸਹਿਣ ਕਰਨਾ ਹੋਵੇਗਾ ਜਦੋਂ ਤੱਕ ਅਸੀਂ ਇਸ ਨੂੰ ਸੁਧਾਰ ਨਹੀਂ ਦਿੰਦੇ।”
ਰਾਣਾ ਗੁਰਜੀਤ ਸਿੰਘ ਨੇ ਵਿਅੰਗ ਕੱਸਦਿਆਂ ਕਿਹਾ, ”ਤੁਹਾਡੀਆਂ ਗੈਰ-ਕਾਨੂੰਨੀ ਤੌਰ ‘ਤੇ ਚੱਲਦੀਆਂ ਬੱਸਾਂ ਸਡ਼ਕਾਂ ਤੋਂ ਗਾਇਬ ਹੋ ਗਈਆਂ ਹਨ, ਸੂਬੇ ਦੇ ਸਰੋਤਾਂ ਜਿਵੇਂ ਕਿ ਰੇਤਾ-ਬੱਜਰੀ ਦੀ ਗੈਰ-ਕਾਨੂੰਨੀ ਲੁੱਟ ਬੰਦ ਹੋ ਗਈ ਹੈ ਅਤੇ ਸ਼ਰਾਬ ਦਾ ਵਪਾਰ ਵੀ ਤੁਹਾਡੇ ਹੱਥਾਂ ਵਿੱਚ ਨਾ ਰਹਿਣ ਕਾਰਨ ਤੁਹਾਡੀ ਬੌਖਲਾਹਟ ਨੂੰ ਸਮਝਿਆ ਜਾ ਸਕਦਾ ਹੈ। ਬੀਤੇ 2 ਮਹੀਨਿਆਂ ਦੌਰਾਨ ਜੋ ਤੁਹਾਨੂੰ ਵੱਡਾ ‘ਨੁਕਾਸਨ’ ਸਹਿਣਾ ਪਿਆ ਹੈ ਉਸ ਲਈ ਸਾਡੀ ਤੁਹਾਡੇ ਨਾਲ ਪੂਰੀ ‘ਹਮਦਰਦੀ’ ਹੈ।”
ਸਿੰਜਾਈ ਤੇ ਊਰਜਾ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਆਗੂਆਂ ਅੰਦਰ ਨਿਰਾਸ਼ਾ ਦਾ ਆਲਮ ਇਸ ਲਈ ਵੀ ਹੈ ਕਿਉਂਕਿ ਉਹ ਇਹ ਵਿਸ਼ਵਾਸ ਨਹੀਂ ਕਰ ਪਾ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਨਾ ਸਿਰਫ ਕਣਕ ਦੀ ਸਮੇਂ ਸਿਰ ਖਰੀਦ ਯਕੀਨੀ ਬਣਾਈ ਬਲਕਿ 24 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਅਦਾਇਗੀ ਵੀ ਕੀਤੀ ਗਈ।
”ਇਸੇ ਤਰ੍ਹਾਂ ਨਸ਼ੇ ਵੇਚਣ ਵਾਲੇ, ਨਸ਼ਾ ਨਿਰਮਾਤਾ ਅਤੇ ਨਸ਼ਾ ਤਸਕਰ ਸੂਬਾ ਛੱਡ ਕੇ ਭੱਜ ਰਹੇ ਹਨ, ਜਦੋਂ ਕਿ ਆਰਥਿਕਤਾ ਨੂੰ ਮੁਡ਼ ਲੀਹ ‘ਤੇ ਲਿਆਂਦਾ ਜਾ ਰਿਹਾ ਹੈ”, ਇਹ ਕਹਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁੱਟੇ ਗਏ ਇਨ੍ਹਾਂ ਸੱਭ ਕਦਮ ਇੰਨੇ ਪਰਤੱਖ ਹਨ ਕਿ ਸੂਬੇ ਦੇ ਲੋਕ ਮੁਡ਼ ਖੁਸ਼ਹਾਲੀ ਮਹਿਸੂਸ ਕਰਨ ਲੱਗੇ ਹਨ।
ਅਕਾਲੀ ਦਲ ਦੇ ਆਗੂਆਂ ਵੱਲੋਂ ਬੀਤੇ 10 ਸਾਲ ਦੌਰਾਨ ਕਿਸ ਤਰ੍ਹਾਂ ਤਾਕਤ ਦੀ ਵਰਤੋਂ ਕਰਦਿਆਂ ਵਿਰੋਧੀ ਧਿਰ ਦੇ ਵਰਕਰਾਂ ਅਤੇ ਆਗੂਆਂ ਨਾਲ ਜੋ ਜਿਆਦਤੀਆਂ ਕੀਤੀਆਂ ਗਈਆਂ ਦਾ ਜ਼ਿਕਰ ਕਰਦਿਆਂ, ਰਾਣਾ ਗੁਰਜੀਤ ਸਿੰਘ ਨੇ ਕਿਹਾ, ”ਤੁਹਾਡੇ ਵਾਂਗ ਕਾਂਗਰਸ ਸਰਕਾਰ ਪੱਖਪਾਤ ਜਾਂ ਬਦਲਾਖੋਰ ਨਾਲ ਕੰਮ ਨਹੀਂ ਕਰਦੀ ਬਲਕਿ ਉਹੀ ਫੈਸਲੇ ਲੈਂਦੀ ਹੈ ਜੋ ਸਹੀ ਹੋਣ।”
ਇੱਕ ਉਦਾਹਰਣ ਦਾ ਹਵਾਲਾ ਦਿੰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅਕਾਲੀਆਂ ਵੱਲੋਂ ਬੀਤੇ 10 ਸਾਲਾਂ ਦੌਰਾਨ ਆਪਣੇ ਚਹੇਤਿਆਂ ਨੂੰ 65000 ਟਿਊਬਵੈੱਲ ਕੁਨੈਕਸ਼ਨ ਵੰਡੇ ਗਏ ਜਦੋਂ ਕਿ ਬਹੁਤ ਸਾਰੇ ਅਜਿਹੇ ਕਿਸਾਨ ਵੀ ਹਨ ਜੋ 1992 ਤੋਂ ਟਿਊਬਵੈੱਲ ਕੁਨੈਕਸ਼ਨ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਇੰਨਾ ਨੇ ਤਾਂ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਨੂੰ ਵੀ ਇੰਨੇ ਸਾਲਾਂ ਦੌਰਾਨ ਟਿਊਬਵੈੱਲ ਕੁਨੈਕਸ਼ਨ ਨਹੀਂ ਦਿੱਤੇ, ਜੋ ਹੁਣ ਅਸੀਂ ਦੇ ਰਹੇ ਹਾਂ।