”ਮੈਂ ਬੜੀ ਮਿਹਨਤ ਕੀਤੀ ਸੀ। ਪਾਪਾ ਨੇ ਮੈਨੂੰ ਬਹੁਤ ਔਖੇ ਹੋ ਕੇ ਇੱਕ ਮਹਿੰਗੀ ਅਕੈਡਮੀ ‘ਚੋਂ ਕੋਚਿੰਗ ਦਿਵਾਈ ਪਰ ਮੈਂ ਪੀ. ਐਮ. ਟੀ. ਨਹੀਂ ਕਲੀਅਰ ਕਰ ਸਕੀ। ਮੇਰੀ ਦੋ ਸਾਲ ਦੀ ਮਿਹਨਤ ਬੇਕਾਰ ਗਈ। ਮੈਂ ਬਹੁਤ ਮਾਯੂਸ ਹਾਂ। ਮੇਰਾ ਕੁਝ ਵੀ ਕਰਨ ਨੂੰ ਉੱਕਾ ਹੀ ਦਿਲ ਨਹੀਂ ਕਰਦਾ। ਮੈਨੂੰ ਕੋਈ ਰਾਹ ਦਿਖਾਈ ਨਹੀਂ ਦਿੰਦਾ।” ਇਹ ਸ਼ਬਦ ਉਸ ਕੁੜੀ ਦੇ ਹਨ ਜੋ ਮੈਡੀਕਲ ਵਿੱਚ ਦਾਖਲਾ ਲੈਣ ਵਿੱਚ ਅਸਫ਼ਲ ਰਹੀ ਅਤੇ ਹੁਣ ਘੋਰ ਉਦਾਸੀ ਦੇ ਆਲਮ ਵਿੱਚ ਚਲੀ ਗਈ। ਉਸਦੇ ਪਿਤਾ ਉਸ ਲੜਕੀ ਨੂੰ ਮੇਰੇ ਕੋਲ ਲੈ ਕੇ ਆਏ ਤਾਂ ਕਿ ਮੈਂ ਉਸਨੂੰ ਸਮਝਾ ਸਕਾਂ। ਇਸ ਤਰ੍ਹਾਂ ਦੀ ਮਾਨਸਿਕ ਹਾਲਤ ਵਿੱਚੋਂ ਇਹ ਇੱਕੱਲੀ ਕੁੜੀ ਨਹੀਂ ਸਗੋਂ ਸੈਂਕੜੇ ਵਿਦਿਆਰਥੀ ਗੁਜ਼ਰ ਰਹੇ ਹਨ, ਖਾਸ ਤੌਰ ‘ਤੇ ਇਹਨਾਂ ਦਿਨਾਂ ਵਿੱਚ ਜਦੋਂ ਨਤੀਜੇ ਨਿਕਲਦੇ ਹਨ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਵੱਡੀ ਗਿਣਤੀ ਵਿੱਚ ਅਸਫ਼ਲ ਵਿਦਿਆਰਥੀ ਆਤਮ-ਹੱਤਿਆ ਵਰਗਾ ਘਿਨਾਉਣਾ ਕਦਮ ਵੀ ਚੁੱਕ ਲੈਂਦੇ ਹਨ। ਵਿਦਿਆਰਥੀਆਂ ਦੀ ਖੁਦਕੁਸ਼ੀ ਦੇ ਕੇਸ ਹਿੰਦੁਸਤਾਨ ਵਿੱਚ ਸਭ ਤੋਂ ਜ਼ਿਆਦਾ ਹੁੰਦੇ ਹਨ। ਚੰਗੇ ਮਾਪੇ ਅਤੇ ਅਧਿਆਪਕ ਵਿਦਿਆਰਥੀਆਂ ਨੂੰ ਸਫ਼ਲਤਾ ਦੀ ਪ੍ਰੇਰਨਾ ਦੇ ਨਾਲ-ਨਾਲ ਅਸਫ਼ਲਤਾ ਨੂੰ ਸਹਿਣ ਕਰਨ ਲਈ ਸਹਿਜ ਅਤੇ ਸੰਜਮ ਦਾ ਪਾਠ ਵੀ ਪੜ੍ਹਾਉਂਦੇ ਹਨ।
ਇਹ ਗੱਲ ਸਮਝਾਉਣੀ ਬਹੁਤ ਜ਼ਰੂਰੀ ਹੈ ਕਿ ਅਸਫ਼ਲਤਾਵਾਂ ਤਾਂ ਸਫ਼ਲਤਾ ਦੀ ਪੌੜੀ ਹੁੰਦੀਆਂ ਹਨ। ਹਾਰਾਂ ਤੋਂ ਬਾਅਦ ਹੀ ਜਿੱਤ ਹੁੰਦੀ ਹੈ। ਹਾਰ ਤੋਂ ਬਾਅਦ ਮਾਯੂਸ ਅਤੇ ਉਦਾਸ ਹੋਣਾ ਅਤੇ ਹਾਰ ਦੇ ਡਰੋਂ ਨਾ ਖੇਡਣਾ ਵੀ ਤੁਹਾਡੀ ਸ਼ਖਸੀਅਤ ਦੀ ਇੱਕ ਵੱਡੀ ਕਮਜ਼ੋਰੀ ਹੁੰਦੀ ਹੈ। ਨਕਾਰਾਤਮਕ ਸੋਚ ਵਾਲੀ ਸ਼ਖਸੀਅਤ ਜਾਂ ਤਾਂ ਅਸਫ਼ਲ ਹੋਣ ਦੇ ਡਰ ਕਾਰਨ ਖੇਡਦੀ ਹੀ ਨਹੀਂ ਅਤੇ ਜਾਂ ਫ਼ਿਰ ਹਾਰ ਤੋਂ ਬਚਣ ਲਈ ਖੇਡਦੀ ਹੈ। ਨਤੀਜੇ ਵਜੋਂ ਹਾਰ ਹੋਈ ਨਿਸ਼ਚਿਤ ਹੁੰਦੀ ਹੈ। ਕਦੇ ਕੋਈ ਬੱਚਾ ਪਹਿਲੇ ਦਿਨ ਹੀ ਦੌੜਨ ਲੱਗਦਾ ਹੈ? ਪਹਿਲਾਂ ਰੁੜਦਾ ਹੈ। ਫ਼ਿਰ ਤੁਰਨਾ ਸਿੱਖਦਾ ਹੈ। ਕਦਮ ਕਦਮ ‘ਤੇ ਡਿੱਗਦਾ ਹੈ, ਫ਼ਿਰ ਉਠਦਾ ਹੈ। ਫ਼ਿਰ ਉਹੀ ਬੱਚਾ ਉਹਨਾਂ ਹੀ ਪੈਰਾਂ ਨਾਲ ਹਿਮਾਲਾ ਦੀ ਚੋਟੀ ਸਰ ਕਰ ਲੈਂਦਾ ਹੈ। ਹਾਰਾਂ ਅਤੇ ਅਸਫ਼ਲਤਾਵਾਂ ਤੋਂ ਘਬਰਾਉਣ ਵਾਲੇ ਲੋਕ ਸਫ਼ਲ ਨਹੀਂ ਹੋ ਸਕਦੇ। ਵਿਸ਼ਵ ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਨਾਮ ਸੁਨਹਿਰੀ ਅੱਖਰਾਂ ਵਿੱਚ ਉਕਰੇ ਮਿਲਦੇ ਹਨ, ਜਿਹਨਾਂ ਨੇ ਅਨੇਕਾਂ ਅਸਫ਼ਲਤਾਵਾਂ ਤੋਂ ਬਾਅਦ ਜਿੱਤ ਦਾ ਪਰਚਮ ਲਹਿਰਾਇਆ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਹੇ ਵਿਨਸਟਨ ਚਰਚਿਲ ਆਪਣੀ ਹੀ ਪਾਰਟੀ ਦੇ ਲੋਕਾਂ ਹੱਥੋਂ ਨੁੱਕਰੇ ਲੱਗੇ ਰਹੇ ਅਤੇ ਇਸ ਸਥਿਤੀ ਵਿੱਚ ਉਹਨਾਂ 1929 ਤੋਂ 1939 ਤੱਕ ਤਕੜਾ ਸੰਘਰਸ਼ ਕੀਤਾ ਪਰ ਮੈਦਾਨ ਛੱਡਣ ਬਾਰੇ ਨਹੀਂ ਸੋਚਿਆ। ਅੰਤ ਵਿੱਚ ਉਹਨਾਂ ਦੀ ਜਿੱਤ ਹੋਈ ਅਤੇ ਉਹ ਪ੍ਰਧਾਨ ਮੰਤਰੀ ਬਣੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡਿਕ ਚੇਨੀ ਨੂੰ ਯੇਲ ਯੂਨੀਵਰਸਿਟੀ ਤੋਂ ਕੱਢ ਦਿੱਤਾ ਗਿਆ ਸੀ ਪਰ ਉਹ ਲਗਾਤਾਰ ਸੰਘਰਸ਼ ਕਰਦੇ ਰਹੇ ਅਤੇ ਅੰਤ ਵਿੱਚ ਸਫ਼ਲ ਹੋਏ। ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਚੀਜ਼ਾਂ ਦੀ ਖੋਜ ਕਰਨ ਵਾਲੇ ਸ਼ਖਸ ਥਾਮਸ ਐਡੀਸਨ ਨੂੰ ਸਕੂਲ ਵਿੱਚ ਅਧਿਆਪਕਾਂ ਵੱਲੋਂ ਨਲਾਇਕ ਵਿਦਿਆਰਥੀ ਮੰਨਿਆ ਜਾਂਦਾ ਸੀ। ਐਡੀਸਨ ਨੇ ਕਿਸੇ ਦੀ ਪਰਵਾਹ ਕੀਤੇ ਬਿਨਾਂ ਆਪਣੇ ਲਕਸ਼ ਦਾ ਪਿੱਛਾ ਕਰਦੇ ਹੋਏ ਸਫ਼ਲਤਾ ਪ੍ਰਾਪਤ ਕੀਤੀ। ਬਲਬ ਦੀ ਖੋਜ ਉਪਰ ਕੰਮ ਕਰਦੇ ਹੋਏ ਥਾਮਸ ਐਡੀਸਨ ਤਕਰੀਬਨ 10 ਹਜ਼ਾਰ ਵਾਰੀ ਅਸਫ਼ਲ ਹੋਇਆ। ਸਭ ਤੋਂ ਅਮੀਰ ਅਤੇ ਪ੍ਰਭਾਵਸ਼ਾਲੀ ਅਫ਼ਰੀਕੀ ਅਮਰੀਕਨ ਔਰਤ ਉਪਰਾ ਬਿਨਫ਼੍ਰੇ ਦੀ ਜੀਵਨ ਕਥਾ ਦੇ ਮੁਢਲੇ 20 ਸਾਲ ਇੰਨੇ ਜ਼ਿਆਦਾ ਔਕੜਾਂ ਅਤੇ ਮੁਸੀਬਤਾਂ ਭਰੇ ਸਨ, ਜਿਹਨਾਂ ਦਾ ਮੁਕਾਬਲਾ ਕੋਈ ਵੱਡੇ ਜਿਗਰੇ ਵਾਲਾ ਹੀ ਕਰ ਸਕਦਾ ਸੀ। 1954 ਵਿੱਚ ਕੰਵਾਰੀ ਮਾਂ ਦੇ ਢਿੱਡੋਂ ਜੰਮੀ ਉਪਰੇ ਮਿਲਵਾਕੀ ਵਿਖੇ ਗਰੀਬੀ ਦੀ ਦਲਦਲ ਵਿੱਚ ਪਲ ਰਹੀ ਸੀ ਕਿ 9 ਵਰ੍ਹਿਆਂ ਦੀ ਉਮਰ ਵਿੱਚ ਬਲਾਤਕਾਰ ਦਾ ਸ਼ਿਕਾਰ ਹੋ ਗਈ। 14 ਵਰ੍ਹਿਆਂ ਦੀ ਉਮਰ ਵਿੱਚ ਉਹ ਗਰਭਵਤੀ ਹੋ ਗਈ ਪਰ ਉਸਦਾ ਬੱਚਾ ਗਰਭ ਵਿੱਚ ਹੀ ਮਰ ਗਿਆ ਸੀ। 19 ਸਾਲ ਦੀ ਉਮਰ ਉਹ ਐਂਕਰ ਬਣੀ। ਫ਼ਿਰ ਉਹ ਅਮਰੀਕੀ ਮੀਡੀਆ ਟਾਕ ਸ਼ੋਅ ਦੀ ਮੇਜ਼ਬਾਨ ਦੇ ਤੌਰ ‘ਤੇ ਪ੍ਰਸਿੱਧ ਹੋਈ। ਉਪਰਾ ਬਿਨਫ਼੍ਰੇ ਅਭਿਨੇਤਰੀ, ਨਿਰਮਾਤਾ ਅਤੇ ਲਿਪੀਕਾਰ ਬਣੀ। ਇਹ ਤਾਂ ਹੀ ਸੰਭਵ ਹੋ ਸਕਿਆ ਜੇ ਉਹ ਆਪਣੀਆਂ ਅਸਫ਼ਲਤਾਵਾਂ, ਮੁਸੀਬਤਾਂ ਅਤੇ ਔਕੜਾਂ ਸਾਹਮਣੇ ਡਟੀ ਰਹੀ।
”ਮਨੁੱਖ ਦਾ ਮਹਾਨ ਗੌਰਵ ਕਦੇ ਵੀ ਡਿੱਗਣ ਵਿੱਚ ਨਹੀਂ ਹੈ ਸਗੋਂ ਹਰ ਵਾਰ ਉੱਠ ਖੜ੍ਹਨ ਵਿੱਚ ਹੈ।” ਚੀਨ ਦੇ ਪ੍ਰਸਿੱਧ ਵਿਚਾਰਕ ਕਨਫ਼ਿਊਸ਼ੀਅਸ ਦੀ ਉਕਤ ਟਿੱਪਣੀ ਮਿੱਕੀ ਮਾਊਸ ਅਤੇ ਡੋਨਾਲਡ ਡਕ ਦੇ ਰਚੇਤਾ ਅਤੇ ਡਿਜ਼ਨੀਲੈਂਡ ਦੇ ਸੰਸਥਾਪਕ ਵਾਲਟ ਡਿਜ਼ਨੀ ਸਮੇਤ ਅਨੇਕਾਂ ਲੋਕਾਂ ‘ਤੇ ਪੂਰੀ ਢੁੱਕਦੀ ਹੈ, ਜਿਹਨਾਂ ਨੇ ਜ਼ਿੰਦਗੀ ਵਿੱਚ ਹਾਰ ਮੰਨਣ ਤੋਂ ਇਨਕਾਰ ਕੀਤਾ। ਡਿਜ਼ਨੀਲੈਂਡ ਦੀ ਸਥਾਪਨਾ ਤੋਂ ਪਹਿਲਾਂ ਵਾਲਟ ਡਿਜ਼ਨੀ ਬਹੁਤ ਵਾਰ ਅਸਫ਼ਲ ਹੋਇਆ ਸੀ ਪਰ ਹਾਰ ਨਾ ਮੰਨਣ ਦੀ ਜਿੱਦ ਨੇ ਉਸ ਨੂੰ ਅੰਤ ਵਿਚ ਬੇਹੱਦ ਸਲਫ਼ਤਾ ਬਖ਼ਸ਼ੀ। ਹਾਲੀਵੁੱਡ ਵਿੱਚ ਲੀਜੈਂਡ ਮੰਨੇ ਜਾਂਦੇ ਫ਼ਰੈਡ ਐਸਟਰ ਨੂੰ ਆਪਣੇ ਪਹਿਲੇ ਸਕਰੀਨ ਟੈਸਟ ਵਿੱਚ ਅਸਫ਼ਲਤਾ ਦਾ ਸਾਹਮਣਾ ਕਰਨਾ ਪਿਆ ਸੀ। ਚਿੱਤਰਕਲਾ ਦੀ ਦੁਨੀਆਂ ਵਿੱਚ ਮਹਾਨ ਨਾਮ ਵਾਨ ਗਾਗ ਦੀ ਕਲਾ ਦਾ ਮੁੱਲ ਉਸਦੇ ਜਿਉਂਦੇ ਜੀ ਨਹੀਂ ਪਿਆ ਸੀ। ‘ਲਿੰਕਨ’ ਫ਼ਿਲਮ ਲਈ ਆਸਕਰ ਐਵਾਰਡ ਜਿੱਤਣ ਵਾਲੇ ਸਟੀਵਨ ਸਪੀਬਰਗ ਨੂੰ ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਵੱਲੋਂ ਸਿਨੇਮਾ ਆਰਟਸ ਦੇ ਕੋਰਸ ਲਈ ਦੋ ਵਾਰ ਫ਼ੇਲ੍ਹ ਹੋਣਾ ਪਿਆ ਸੀ। ਦੁਨੀਆਂ ਦੀ ਡਿਪਾਰਟਮੈਂਟ ਸਟੋਰਾਂ ਦੀ ਸਭ ਤੋਂ ਵੱਡੀ ਚੇਨ ਦੇ ਸੰਸਥਾਪਕ ਆਰ. ਐਚ. ਮੈਸੀ ਨੂੰ ਆਪਣੀ ਜ਼ਿੰਦਗੀ ਦੇ ਆਰੰਭਕ ਦੌਰ ਵਿੱਚ ਅਸਫ਼ਲਤਾਵਾਂ ਨਾਲ ਬੁਰੀ ਤਰ੍ਹਾਂ ਜੂਝਣਾ ਪਿਆ ਅਤੇ ਬਾਅਦ ਵਿੱਚ ਉਹ ਰਿਟੇਲ ਕਿੰਗ ਕੁਹਾਇਆ। ਜਪਾਨੀ ਉਦਮੀ ਸੋਬਚਿਰੋ ਹੌਂਡਾ ਨੂੰ ਮੁਢਲੇ ਦੌਰ ਵਿੱਚ ਜਾਪਾਨੀ ਬਿਜਨਸ ਭਾਈਚਾਰੇ ਵੱਲੋਂ ਤੋੜ-ਵਿਛੋੜਾ ਕਰਕੇ ਭਾਈਚਾਰੇ ਵਿੱਚੋਂ ਕੱਢ ਦਿੱਤਾ ਗਿਆ ਸੀ ਪਰ ਉਸੇ ਹੌਂਡਾ ਦੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨੇ ਆਟੋ ਮੋਬਾਇਲ ਦੇ ਖੇਤਰ ਵਿੱਚ ਅਜਿਹੀ ਕ੍ਰਾਂਤੀ ਲਿਆਂਦੀ ਕਿ ਸਾਰੇ ਜਪਾਨੀ ਉਸ ਉਪਰ ਮਾਣ ਕਰਨ ਲੱਗੇ। 60 ਵਰ੍ਹਿਆਂ ਤੋਂ ਵੀ ਵੱਡੀ ਉਮਰ ਦੇ ਹਾਰਲੈਂਡ ਡੇਵਿਡ ਸੈਂਡਰਸ ਨੇ ਥੋੜ੍ਹੇ ਜਿਹੇ ਧਨ ਨਾਲ ਕੇ. ਐਫ਼. ਸੀ. ਫ਼ੂਡ ਚੇਨ ਸ਼ੁਰੂ ਕੀਤੀ ਸੀ। ਜ਼ਿੰਦਗੀ ਦੀਆਂ ਹਾਰਾਂ ਤੋਂ ਭੰਨੇ ਹੋਏ ਸੈਂਡਰ ਦਾ ਚਿਕਨ ਕੋਈ ਖਰੀਦਣ ਨੂੰ ਤਿਆਰ ਨਹੀਂ ਸੀ ਪਰ ਉਹ ਲੱਗਿਆ ਰਿਹਾ। ਉਸਨੇ ਹਿੰਮਤ ਨਹੀਂ ਹਾਰੀ। ਅੱਜ ਦੁਨੀਆਂ ਵਿੱਚ ਕੇ. ਐਫ਼. ਸੀ. ਦਾ ਵੱਡਾ ਨਾਮ ਹੈ। ਵਿਗਿਆਨ ਦੀ ਦੁਨੀਆਂ ਵਿੱਚ ਕ੍ਰਾਂਤੀ ਲਿਆਉਣ ਵਾਲੇ ਨਿਊਟਨ ਨੂੰ ਸਕੂਲੋਂ ਇਸ ਕਰਕੇ ਹਟਾ ਲਿਆ ਗਿਆ ਸੀ ਕਿ ਉਹ ਹੁਸ਼ਿਆਰ ਵਿਦਿਆਰਥੀ ਨਹੀਂ ਸੀ। ਚੀਨੀ ਮੂਲ ਦੀ ਅਮਰੀਕਾ ਵਿੱਚ ਰਹਿ ਰਹੀ ਫ਼ੈਸ਼ਨ ਡਿਜ਼ਾਇਨਰ ਵੇਰਾ ਵੈਂਗ ਵੀ ਸਖਤ ਘਾਲਣਾ ਕਰਕੇ ਆਪਣਾ ਨਾਮ ਬਣਾਉਣ ਵਿੱਚ ਕਾਮਯਾਬ ਹੋਈ। ਭਾਰਤ ਵਿੱਚ ਰਿਲਾਇੰਸ ਕੰਪਨੀ ਦੇ ਸੰਸਥਾਪਕ ਧੀਰੂ ਭਾਈ ਅੰਬਾਨੀ ਨੇ 1959 ਵਿੱਚ ਸਿਰਫ਼ 15 ਹਜ਼ਾਰ ਦੀ ਪੂੰਜੀ ਨਾਲ ਵਪਾਰ ਆਰੰਭ ਕੀਤਾ ਸੀ ਅਤੇ ਅੱਜ ਇਸ ਪਰਿਵਾਰ ਕੋਲ ਹਿੰਦੋਸਤਾਨ ਦੀ ਸਭ ਤੋਂ ਵਧ ਪੂੰਜੀ ਹੈ। ਇਸੇ ਤਰ੍ਹਾਂ 1894 ਵਿੱਚ ਪੈਦਾ ਹੋਇਆ ਘਣਦਾਸ ਬਿਰਲਾ ਵੀ ਉਹਨਾਂ ਲੋਕਾਂ ਵਿੱਚੋਂ ਸੀ, ਜੋ ਆਪਣੀ ਮਿਹਨਤ, ਆਤਮ ਵਿਸ਼ਵਾਸ ਅਤੇ ਦ੍ਰਿੜ੍ਹ ਇਰਾਦੇ ਨਾਲ ਜ਼ੀਰੋ ਤੋਂ ਹੀਰੋ ਬਣਿਆ ਸੀ।
ਹਿੰਦੋਸਤਾਨ ਦੀ ਫ਼ਿਲਮ ਇੰਡਸਟਰੀ ਵਿੱਚ ਓਮ ਪੁਰੀ, ਨਸੀਰੂਦੀਨ ਸ਼ਾਹ, ਅਕਸ਼ੈ ਕੁਮਾਰ, ਸ਼ਾਹਰੁਖ ਖਾਨ, ਧਰਮਿੰਦਰ, ਰਜਨੀਕਾਂਤ, ਰਾਜ ਕੁਮਾਰ, ਅਨੁਪਮ ਖੇਰ, ਸਦੀਕੀ ਵਰਗੇ ਅਨੇਕਾਂ ਕਲਾਕਾਰ ਲੰਮੇ ਸੰਘਰਸ਼ ਅਤੇ ਅਸਫ਼ਲਤਾਵਾਂ ਦਾ ਮੁਕਾਬਲਾ ਕਰਦੇ ਹੋਏ ਸਫ਼ਲ ਅਦਾਕਾਰਾਂ ਦੀ ਸੂਚੀ ਵਿੱਚ ਨਾਮ ਦਰਜ ਕਰਾਉਣ ਦੇ  ਕਾਬਲ ਬਣੇ। ਇਸ ਤਰ੍ਹਾਂ ਗਜ਼ਲ ਗਾਇਕ ਜਗਜੀਤ ਵੀ ਲੰਮੀ ਜੱਦੋ-ਜਹਿਦ ਬਾਅਦ ਸਥਾਪਤ ਹੋਇਆ ਸੀ। 18 ਜ਼ੁਬਾਨਾਂ ਵਿੱਚ ਗੀਤ ਗਾਉਣ ਵਾਲਾ ਬਾਲੀਵੁੱਡ ਸਿੰਗਰ ਕੈਲਾਸ਼ ਖੇਰ ਚਾਹੁੰਦਾ ਹੋਇਆ ਵੀ ਕਾਲਜ ਅਤੇ ਯੂਨੀਵਰਸਿਟੀ ‘ਚ ਨਹੀਂ ਪੜ੍ਹ ਸਕਿਆ। ਦਲਜੀਤ ਦੁਸਾਂਝ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ।
ਉਕਤ ਚਰਚਾ ਤੋਂ ਸਪਸ਼ਟ ਹੈ ਕਿ ਅਸਫ਼ਲਤਾ ਤਾਂ ਸਫ਼ਲਤਾ ਲਈ ਇੱਕ ਸਬਕ ਹੁੰਦੀ ਹੈ। ਸਫ਼ਲ ਹੋਣ ਲਈ ਸਫ਼ਲਤਾ ਦੀ ਇੱਛਾ ਅਸਫ਼ਲਤਾ ਦੇ ਡਰ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਜ਼ਿਆਦਾਤਰ ਮਹਾਨ ਲੋਕਾਂ ਨੇ ਆਪਣੀ ਸਭ ਤੋਂ ਵੱਡੀ ਸਫ਼ਲਤਾ ਆਪਣੀ ਸਭ ਤੋਂ ਵੱਡੀ ਅਸਫ਼ਲਤਾ ਤੋਂ ਇੱਕ ਕਦਮ ਅੱਗੇ ਹਾਸਲ ਕੀਤੀ ਹੈ। ਸਫ਼ਲ ਲੋਕ ਜਿੱਤ ਦੇ ਵਿਸ਼ਵਾਸ ਨਾਲ ਸੰਘਰਸ਼ ਕਰਦੇ ਹਨ। ਉਹ ਸੰਘਰਸ਼ ਕਰਦੇ ਹਨ, ਮੰਜ਼ਿਲ ਵੱਲ ਵਧਦੇ ਰਹਿੰਦੇ ਹਨ। ਡਿੱਗ ਵੀ ਪੈਂਦੇ ਹਨ ਪਰ ਹੋਰ ਹੌਸਲੇ ਨਾਲ ਉਠ ਕੇ ਫ਼ਿਰ ਤੁਰ ਪੈਂਦੇ ਹਨ। ਉਹ ਮੈਦਾਨ ਛੱਡਣ ਤੋਂ ਨਾਂਹ ਕਰ ਦਿੰਦੇ ਹਨ। ਉਹ ਹਰ ਹਾਲਤ ਵਿੱਚ ਜਿੱਤਣਾ ਚਾਹੁੰਦੇ ਹਨ ਪਰ ਜੇ ਹਾਰ ਦੀ ਸੰਭਾਵਨਾ ਨਾ ਹੋਵੇ ਤਾਂ ਜਿੱਤ ਦਾ ਕੋਈ ਅਰਥ ਨਹੀਂ ਹੈ। ਵਾਰ-ਵਾਰ ਅਸਫ਼ਲ ਹੋਣ ਨਾਲ ਵੀ ਉਤਸ਼ਾਹ ਨਾ ਖੌਣਾ ਹੀ ਸਫ਼ਲਤਾ ਹੈ। ਸਫ਼ਲਤਾ ਦੀ ਚਾਹਤ ਰੱਖਣ ਵਾਲੇ ਲੋਕ ਤਾਂ ਹਾਰਾਂ ਅਤੇ ਅਸਫ਼ਲਤਾਵਾਂ ਨੂੰ ਜਿੱਤਣ ਦੀ ਪੌੜੀ ਦੇ ਡੰਡੇ ਸਮਝਦੇ ਹਨ। ਅਜਿਹੇ ਲੋਕ ਇਹ ਸ਼ੇਅਰ ਗੁਣਗੁਣਾਉਂਦੇ ਸੁਣੇ ਜਾ ਸਕਦੇ ਹਨ:
ਯੇ ਕਹ ਕੇ ਦਿਲ ਨੇ ਮੇਰੇ, ਹੌਸਲੇ ਬੜ੍ਹਾਏ ਹੈਂ
ਗਮੋਂ ਕੀ ਧੂਪ ਕੇ ਆਗੇ, ਖੁਸ਼ੀ ਕੇ ਸਾਏ ਹੈਂ।
ਸੱਚਮੁਚ ਹੀ ਸੰਸਾਰ ਦੀ ਇਹ ਰੀਤ ਹੈ ਕਿ ‘ਹਾਰ ਕੇ ਆਗੇ ਜੀਤ ਹੈ’। ਸੋ ਸਾਨੂੰ ਹਾਰਾਂ ਤੋਂ ਅਤੇ ਅਸਫ਼ਲਤਾਵਾਂ ਤੋਂ ਨਹੀਂ ਘਬਰਾਉਣਾ ਚਾਹੀਦਾ। ਜੇ ਕੋਈ ਦੁਕਾਨ ਖੋਲ੍ਹੀ ਹੈ, ਕੋਈ ਵਪਾਰ ਸ਼ੁਰੂ ਕੀਤਾ ਹੈ, ਕੋਈ ਕੰਪਨੀ ਖੋਲ੍ਹ ਕੇ ਕੰਮ ਸ਼ੁਰੂ ਕੀਤਾ ਹੈ। ਹੁੰਗਾਰਾ ਤੁਹਾਡੀ ਆਸ ਮੁਤਾਬਕ ਨਹੀਂ ਤਾਂ ਵੀ ਘਬਰਾਉਣ ਦੀ ਜ਼ਰੂਰਤ ਨਹੀਂ। ਮਾਯੂਸ ਹੋਣ ਦੀ ਜ਼ਰੂਰਤ ਨਹੀਂ। ਉਦਾਸ ਹੋਣ ਦੀ ਲੋੜ ਨਹੀਂ। ਸ਼ਾਇਰ ਵਜਾਹਤ ਅਲੀ ਸੰਦੇਲਵੀ ਦਾ ਆਹ ਯਾਦ ਰੱਖੋ:
ਯਕੀਂ ਕੇ ਨੂਰ ਸੇ, ਰੌਸ਼ਨ ਹੈਂ ਰਾਸਤੇ ਅਪਨੇ
ਯੇ ਵੋ ਚਿਰਾਗ ਹੈਂ, ਤੂਫ਼ਾਂ ਜਿਨੇਂ ਬੁਝਾ ਨਾ ਸਕਾ।
ਸੋ, ਜਿੱਤਣ ਦੇ ਵਿਸ਼ਵਾਸ ਨਾਲ ਜ਼ਿੰਦਗੀ ਦੀ ਹਰ ਖੇਡ ਖੇਡਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਅਹਿਸਾਸ ਸਾਨੂੰ ਆਪਣੇ ਬੱਚਿਆਂ ਤੇ ਨੌਜਵਾਨਾਂ ਵਿੱਚ ਜਗਾਉਣੇ ਚਾਹੀਦੇ ਹਨ। ਕਈ ਵਾਰ ਕਈ ਕਾਰਨਾਂ ਕਰਕੇ ਮਨ ਇੱਛਤ ਨਤੀਜੇ ਨਹੀਂ ਨਿਕਲਦੇ, ਇਸ ਦਾ ਮਤਲਬ ਦਿਲ ਛੱਡ ਕੇ ਬੈਠਣਾ ਉੱਕਾ ਹੀ ਨਹੀਂ ਹੁੰਦਾ। ਜੇ ਸਫ਼ਲ ਨਹੀਂ ਹੋ ਸਕੇ ਤਾਂ ਕੋਈ ਗੱਲ ਨਹੀਂ, ਹੋਰ ਹਿੰਮਤ ਨਾਲ ਮੁੜ ਤੁਰੋ ਅਤੇ ਜਿੱਤਣ ਤੁਰੋ। ਮੰਜ਼ਿਲ ‘ਤੇ ਪਹੁੰਚਣ ਲਈ ਤੁਰੋ। ਜਗਤਾਰ ਨੇ ਲਿਖਿਆ ਸੀ:
ਜੇ ਘਰਾਂ ਤੋਂ ਤੁਰ ਪਏ ਹੋ ਦੋਸਤ।
ਮੁਸ਼ਕਿਲਾਂ ਤੇ ਔਕੜਾਂ ਤੋਂ ਨਾ ਡਰੋ।
ਜਦ ਰੁਕੋ ਤਾਂ ਨਕਸ਼ ਬਣਕੇ ਹੀ ਰੁਕੋ,
ਜਦ ਤੁਰੋ ਤਾਂ ਰੌਸ਼ਨੀ ਵਾਂਗੂੰ ਤੁਰੋ।
ਸਫ਼ਲ ਲੋਕ ਜਿੱਤ ਦੇ ਵਿਸ਼ਵਾਸ ਨਾਲ ਸੰਘਰਸ਼ ਕਰਦੇ ਹਨ। ਉਹ ਸੰਘਰਸ਼ ਕਰਦੇ ਹਨ, ਮੰਜ਼ਿਲ ਵੱਲ ਵਧਦੇ ਰਹਿੰਦੇ ਹਨ।