ਮੁੱਖ ਮੰਤਰੀ ਵੱਲੋਂ ਫੋਟੋ ਪੱਤਰਕਾਰ ਤਰੁਣ ਸ਼ੰਮੀ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ

ਜਲੰਧਰ/ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਦੇ ਫੋਟੋ ਪੱਤਰਕਾਰ ਤਰੁਣ ਸ਼ੰਮੀ ਦੇ ਬੇਵਕਤੀ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਫੋਟੋ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਦੀ ਵਿੱਤੀ ਸਹਾਇਤਾ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਆਪਣੇ ਸ਼ੋਕ ਸੰਦੇਸ਼ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੱਤਰਕਾਰਤਾ ਦੇ ਖੇਤਰ ਵਿੱਚ ਪੇਸ਼ੇਵਰ ਪਹੁੰਚ ਰੱਖਣ ਵਾਲੇ ਤਰੁਣ ਸ਼ੰਮੀ ਦਾ ਬੇਵਕਤੀ ਦੇਹਾਂਤ ਹੋਣਾ ਆਪਣੇ ਆਪ ਵਿੱਚ ਬਹੁਤ ਦੁਖਦਾਈ ਹੈ। ਉਨ੍ਹਾਂ ਪੱਤਰਕਾਰ ਭਾਈਚਾਰੇ ਨਾਲ ਵੀ ਇਸ ਦੁੱਖ ਨੂੰ ਸਾਂਝਾ ਕੀਤਾ।
ਜ਼ਿਕਰਯੋਗ ਹੈ ਕਿ ਲੰਘੀ 13 ਮਈ ਨੂੰ ਇਹ ਦਰਦਨਾਕ ਹਾਦਸਾ ਉਦੋਂ ਵਾਪਰਿਆ ਜਦੋਂ ਹਿੰਦੀ ਅਖਬਾਰ ਦੈਨਿਕ ਭਾਸਕਰ ਨਾਲ ਕੰਮ ਕਰ ਰਹੇ ਤਰੁਣ ਸ਼ੰਮੀ ਦਾ ਮੋਟਰਸਾਈਕਲ ਐਚ.ਐਮ.ਵੀ ਕਾਲਜ ਨਜ਼ਦੀਕ ਸੜਕ ਵਿਚਲੇ ਡੂੰਘੇ ਟੋਏ ਵਿੱਚ ਫਸ ਜਾਣ ਕਾਰਨ ਡਿੱਗ ਪਿਆ ਅਤੇ ਫੋਟੋ ਪੱਤਰਕਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਫੋਟੋ ਪੱਤਰਕਾਰ ਤਰੁਣ ਸ਼ੰਮੀ ਨੇ ਬੀਤੀ ਰਾਤ ਦਮ ਤੋੜ ਦਿੱਤਾ।
ਇਸੇ ਦੌਰਾਨ ਮੁੱਖ ਮੰਤਰੀ ਵੱਲੋਂ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਨੂੰ ਇਸ ਹਾਦਸੇ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਤਲਬ ਕਰਨ ਲਈ ਨਿਰਦੇਸ਼ ਦਿੱਤੇ ਹਨ ਅਤੇ ਇਸ ਹਾਦਸੇ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਆਖਿਆ ਹੈ ਕਿਉੰ ਜੋ ਨਗਰ ਨਿਗਮ ਦੀ ਪੱਧਰ ‘ਤੇ ਸ਼ਹਿਰ ਦੀਆਂ ਸੜਕਾਂ ਦੇ ਨਿਰਮਾਣ ਤੇ ਮੁਰੰਮਤ ‘ਤੇ  ਕਰੋੜਾਂ ਰੁਪਏ ਖਰਚੇ ਜਾਣ ਦੇ ਬਾਵਜੂਦ ਇਸ ਸੜਕ ਦੇ ਰੱਖ ਰਖਾਵ ਵਿੱਚ ਨਾਕਾਮੀ ਰਹੀ ਹੈ।