ਚੰਡੀਗਡ਼੍ਹ : ਪਠਾਨਕੋਟ ਦੇ ਸ਼ਹੀਦ ਕੁਲਵੰਤ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਉਪਰ ਹੋਏ ਹਮਲੇ ਸਬੰਧੀ ਪੰਜਾਬ ਪੁਲਿਸ ਨੇ ਆਪਣੀ ਵਿਸਤ੍ਰਤ ਰਿਪੋਰਟ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਭਗੌਡ਼ੇ ਦੋਸ਼ੀਆਂ ਨੂੰ ਫਡ਼ਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਐਤਵਾਰ ਨੂੰ ਸੋਸ਼ਲ ਮੀਡੀਆ ਉੱਤੇ ਇਹ ਘਟਨਾ ਵਾਇਰਲ ਹੋਣ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਘਟਨਾ ਬਾਰੇ ਜਾਂਚ ਲਈ ਤੁਰੰਤ ਡੀ.ਜੀ.ਪੀ ਨੂੰ ਨਿਰਦੇਸ਼ ਜਾਰੀ ਕੀਤੇ ਅਤੇ ਉਨ੍ਹਾਂ ਨੂੰ ਸ਼ਹੀਦ ਹਵਲਦਾਰ ਦੇ ਪਰਿਵਾਰ ਦੀ ਪੂਰੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ।
ਮੁੱਖ ਮੰਤਰੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਡੀ.ਜੀ.ਪੀ ਨੇ ਇਸ ਮਾਮਲੇ ਦੀ ਤੁਰੰਤ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ। ਜਾਂਚ ਟੀਮ ਦੀ ਸਾਹਮਣੇ ਇਹ ਗੱਲ ਆਈ ਕਿ ਕੁਲਵੰਤ ਸਿੰਘ ਦੇ ਭਰਾ ਹਰਦੀਪ ਨੇ ਇਕ ਏਜੰਟ ਗੁਰਨਾਮ ਸਿੰਘ, ਚੱਕ ਸ਼ਰੀਫ ਨੂੰ ਨੌ ਲੱਖ ਰੁਪਏ ਸਾਲ 2015 ਵਿਚ ਅਮਰੀਕਾ ਜਾਣ ਲਈ ਦਿੱਤੇ ਸਨ। ਹਰਦੀਪ ਸਿੰਘ ਨੂੰ ਅਮਰੀਕਾ ਭੇਜਣ ਵਿਚ ਨਾਕਾਮ ਰਹਿਣ ਤੋਂ ਬਾਅਦ ਏਜੰਟ ਨੇ ਉਸ ਨੂੰ 3.4 ਲੱਖ ਰੁਪਏ ਮੋਡ਼ ਦਿੱਤੇ, 1.6 ਲੱਖ ਰੁਪਏ ਦੀ ਖਰਚੇ ਵਜੋਂ ਕਟੌਤੀ ਕਰ ਲਈ ਜਦਕਿ ਬਾਕੀ ਰਹਿੰਦੀ ਚਾਰ ਲੱਖ ਰੁਪਏ ਦੀ ਰਕਮ ਉਸ ਨੇ ਤੈਅ ਸਮੇਂ ਵਿਚ ਮੋਡ਼ਨ ਦਾ ਵਾਅਦਾ ਕਰਦੇ ਹੋਏ ਇਕ ਹਲਫੀਆ ਬਿਆਨ ਉੱਤੇ ਹਸਤਾਖਰ ਕੀਤੇ।
ਮੁੱਖ ਮੰਤਰੀ ਨੂੰ ਪੇਸ਼ ਕੀਤੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਏਜੰਟ ਬਾਕੀ ਰਕਮ ਮੋਡ਼ਨ ਦੀ ਬਜਾਏ ਇਕ ਤੋਂ ਬਾਅਦ ਇਕ ਬਹਾਨਾ ਲਾ ਰਿਹਾ ਸੀ ਜਿਸ ਕਰਕੇ ਹਰਦੀਪ ਨੇ ਉਸ ਵਿਰੁੱਧ ਪੁਲਿਸ ‘ਚ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ ਸੀ। ਇਸ ਮਸਲੇ ਨੂੰ ਹੱਲ ਕਰਵਾਉਣ ਲਈ ਚੱਕ ਸ਼ਰੀਫ ਪਿੰਡ ਦੇ ਸਰਪੰਚ ਨੇ ਵੀ ਦਖਲ ਦਿੱਤਾ ਸੀ ਪਰ ਉਹ ਨਾਕਾਮ ਰਿਹਾ ਸੀ। ਇਸ ਕਰਕੇ ਦੋਵਾਂ ਧਿਰਾਂ ਵਿਚ ਤਿੱਖੀ ਬਹਿਸਬਾਜ਼ੀ ਚਲਦੀ ਰਹੀ ਜਿਸ ਕਰਕੇ ਸਰਪੰਚ ਨੇ ਹਰਦੀਪ ਨੂੰ ਇਹ ਮਾਮਲਾ ਪੁਲਿਸ ਦੇ ਧਿਆਨ ਗੋਚਰੇ ਲਿਆਉਣ ਦੀ ਸਲਾਹ ਦਿੱਤੀ ਸੀ।
ਪੁਲਿਸ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਹਰਦੀਪ ਅਤੇ ਉਸ ਦੀ ਪਤਨੀ ਉੱਤੇ ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਉਹ ਪੁਲਿਸ ਥਾਣੇ ਨੂੰ ਜਾਂਦੇ ਹੋਏ ਰਾਹ ਵਿਚ ਆਪਣਾ ਫੋਨ ਰੀਚਾਰਜ ਕਰਨ ਲਈ ਰੁਕੇ। ਗੁਰਨਾਮ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ ਨੇ ਹਰਦੀਪ ਅਤੇ ਉਸ ਦੀ ਪਤਨੀ ਨੂੰ ਦੁਕਾਨ ਵਿਚ ਹੀ ਕੁੱਟਿਆ ਜਿਸ ਦੀ ਸੀ.ਸੀ.ਟੀ.ਵੀ ਕੈਮਰੇ ਵਿਚ ਰਿਕਾਰਡਿੰਗ ਹੋ ਗਈ।
ਮੁੱਖ ਮੰਤਰੀ ਨੂੰ ਦੱਸਿਆ ਗਿਆ ਹੈ ਕਿ ਇਸ ਸਬੰਧ ਵਿਚ ਭੈਣੀ ਮੀਆਂ ਖਾਨ ਪੁਲਿਸ ਥਾਣੇ ਵਿਚ ਆਈ.ਪੀ.ਸੀ. ਦੀ ਧਾਰਾ 323, 341, 354, 148 ਅਤੇ 149 ਹੇਠ 14 ਮਈ, 2017 ਨੂੰ ਐਫ.ਆਈ.ਆਰ ਦਰਜ਼ ਕੀਤੀ ਗਈ ਹੈ। ਐਫ.ਆਈ.ਆਰ ਵਿਚ ਹਰਦੀਪ ਦੀ ਪਤਨੀ ਕੁਲਵਿੰਦਰ ਕੌਰ ਦੇ ਬਿਆਨ ‘ਤੇ ਅਧਾਰਤ 10 ਦੋਸ਼ੀਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਸਾਰੇ ਦੋਸ਼ੀ ਭਗੌਡ਼ੇ ਹੋ ਗਏ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਟੀਮਾਂ ਭੇਜੀਆਂ ਗਈਆਂ ਹਨ।
ਮੁੱਖ ਮੰਤਰੀ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਹੇਠ ਲਿਆਉਣ ਲਈ ਯਕੀਨੀ ਬਣਾਉਣ ਵਾਸਤੇ ਡੀ.ਜੀ.ਪੀ ਨੂੰ ਸਾਰੇ ਕਦਮ ਚੁੱਕਣ ਲਈ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਦੀ ਬਦਅਮਨੀ ਵਾਲੀ ਕੋਈ ਵੀ ਗੱਲ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਡੀ.ਜੀ.ਪੀ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਬੇ ਵਿਚ ਸਾਰੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਇਸੇ ਸੇਧ ਵਿਚ ਕੰਮ ਕਰਨ ਲਈ ਸਖ਼ਤ ਸੰਕੇਤ ਦੇਣ।
ਮੁੱਖ ਮੰਤਰੀ ਨੇ ਵੀ.ਆਈ.ਪੀ ਸੁਰੱਖਿਆ ਵਿਚ ਕਟੌਤੀ ਸਣੇ ਗੈਰ-ਜ਼ਰੂਰੀ ਡਿਊਟੀਆਂ ਤੋਂ ਪੁਲਿਸ ਮੁਲਾਜ਼ਮਾਂ ਨੂੰ ਹਟਾਉਣ ਲਈ ਪਹਿਲਾਂ ਹੀ ਕਈ ਲਡ਼ੀਵਾਰ ਕਦਮ ਚੁੱਕੇ ਹਨ ਤਾਂ ਜੋ ਇਹ ਪੁਲਿਸ ਮੁਲਾਜ਼ਮ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਉੱਤੇ ਆਪਣਾ ਧਿਆਨ ਲਾ ਸਕਣ ਕਿਉਂਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਕਾਨੂੰਨ ਵਿਵਸਥਾ ਦਾ ਮਾਮਲਾ ਬਹੁਤ ਹੇਠਾਂ ਵਲ ਚਲਾ ਗਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਵਿਚ ਵੱਖ-ਵੱਖ ਪੱਧਰਾਂ ਉੱਤੇ 4000 ਆਸਾਮੀਆਂ ਭਰਨ ਲਈ ਤੁਰੰਤ ਕਦਮ ਚੁੱਕਣ ਵਾਸਤੇ ਹਾਲ ਹੀ ਵਿਚ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੇਵਾ-ਮੁਕਤੀ ਕਾਰਨ ਖਾਲੀ ਹੁੰਦੀਆਂ ਆਸਾਮੀਆਂ ਪੁਰ ਕਰਨ ਲਈ ਸਾਲਾਨਾ 2000 ਮੁਲਾਜ਼ਮਾਂ ਦੀ ਭਰਤੀ ਕਰਨ ਲਈ ਵੀ ਆਖਿਆ ਹੈ।