ਨਗਰ ਕੌਂਸਲ ਪ੍ਰਧਾਨ ਨੇ ਕਰੋੜਾਂ ਦੇ ਵਿਕਾਸ ਪ੍ਰਾਜੈਕਟਾਂ ਦੀ ਫਾਈਲ ਨਵਜੋਤ ਸਿੱਧੂ ਨੂੰ ਸੌਂਪੀ

ਬਟਾਲਾ,  – ਨਗਰ ਕੌਂਸਲ ਬਟਾਲਾ ਵਲੋਂ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸ਼ਹਿਰ ਦੇ ਵਿਕਾਸ ਲਈ ਪ੍ਰਾਜੈਕਟਾਂ ਵਾਲੀ ਫਾਈਲ ਸੌਂਪ ਕੇ ਮੰਗ ਕੀਤੀ ਗਈ, ਜਿਸ ‘ਤੇ ਸਿੱਧੂ ਨੇ ਵੀ ਭਰੋਸਾ ਦਿਵਾਇਆ ਕਿ ਸੇਖੜੀ ਦੇ ਸਹਿਯੋਗ ਨਾਲ ਬਟਾਲਾ ਦਾ ਪੂਰਨ ਵਿਕਾਸ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ ਨੇ ਦੱਸਿਆ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ 13 ਕਰੋੜ ਦੇ ਵੱਖ-ਵੱਖ ਪ੍ਰਾਜੈਕਟ, ਜਿਸ ‘ਚ ਸ਼ਨੀਦੇਵ ਮੰਦਰ ਗਲੀ, ਟਰੱਕ ਯੂਨੀਅਨ, ਸਕੂਰਲਰ ਰੋਡ, ਬੀਯੂਸੀ ਕਾਲਜ ਤੋਂ ਜਲੰਧਰ ਰੋਡ ਦੀਆਂ ਸੜਕਾਂ ਆਦਿ ਦਾ ਕੰਮ ਹੈ ਅਤੇ ਨਾਲ ਹੀ ਕਰੀਬ 7 ਕਰੋੜ ਦੇ ਹੋਰ ਕੰਮ, ਜਿਨ੍ਹਾਂ ‘ਚ ਸ਼ਹਿਰ ‘ਚ ਗਲੀਆਂ-ਨਾਲੀਆਂ ਦਾ ਕੰਮ ਹੋਣ ਵਾਲਾ ਹੈ। ਇਸ ਤੋਂ ਇਲਾਵਾ ਗਰੀਨ ਸਿਗਨਲ ਲਾਈਟ ਸਮੇਤ ਵੱਖ-ਵੱਖ ਸੜਕਾਂ ਦੀ ਵਾਈਂਡਿੰਗ ਦੇ ਕੰਮ ਕਰਵਾਉਣ ਦੀ ਮੰਗ ਰੱਖੀ ਗਈ ਹੈ। ਨਰੇਸ਼ ਮਹਾਜਨ ਨੇ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਕਾਰਨ ਨਗਰ ਕੌਂਸਲ ਨੂੰ ਮਨਜ਼ੂਰ ਹੋਏ ਪੈਸੇ ਨਹੀਂ ਸੀ ਮਿਲ ਸਕੇ ਪਰ ਆਸ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਇਸ ਵਾਰ ਨਗਰ ਕੌਂਸਲ ਨੂੰ ਫੰਡ ਜ਼ਰੂਰ ਪ੍ਰਦਾਨ ਕਰੇਗੀ, ਜਿਸ ਨਾਲ ਸ਼ਹਿਰ ‘ਚ ਵੱਖ-ਵੱਖ ਪ੍ਰਕਾਰ ਦੇ ਕੰਮ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਮੰਤਰੀ ਸਿੱਧੂ ਕੋਲ ਜਦੋਂ ਵੀ ਜ਼ਰੂਰਤ ਹੋਵੇਗੀ ਤਾਂ ਸ਼ਹਿਰ ਦੇ ਭਲੇ ਲਈ ਜਾਣਗੇ ਅਤੇ ਬਟਾਲਾ ਦੀਆਂ ਸਮੱਸਿਆਵਾਂ ਦੂਰ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ। ਕੌਂਸਲਰ ਵਲੋਂ ਸਿੱਧੂ ਨੂੰ ਤਲਵਾਰ ਅਤੇ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਕੇਸ਼ ਕੁਮਾਰ ਮਹਾਜਨ, ਆਂਸ਼ੂ ਹਾਂਡਾ, ਕੌਂਸਲਰ ਵਿਨੇ ਮਹਾਜਨ, ਕੌਂਸਲਰ ਰਾਜ ਕੁਮਾਰ ਫੈਜ਼ਪੁਰਾ, ਕੌਂਸਲਰ ਰਾਜ ਕੁਮਾਰ ਕਾਲੀ, ਕੌਂਸਲਰ ਸੁਖਦੇਵ ਮਹਾਜਨ ਆਦਿ ਸਿੱਧੂ ਨੂੰ ਮਿਲੇ।