ਚੰਡੀਗਡ਼੍ਹ : ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਦਿੱਤੇ ਜਾਣ ਵਾਲੇ ‘ਜੀਵਨ ਰਕਸ਼ਾ ਪਦਕ’ ਲਈ ਪੰਜਾਬ ਸਰਕਾਰ ਵੱਲੋਂ ਯੋਗ ਵਿਅਕਤੀਆਂ ਤੋਂ ਯੋਗ ਪ੍ਰਣਾਲੀ ਰਾਹੀਂ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਸੂਬੇ ਦੇ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਜਾਰੀ ਪੱਤਰ ਵਿਚ ਦੱਸਿਆ ਗਿਆ ਹੈ ਕਿ ਇਸ ਸਨਮਾਨ ਲਈ ਅਜਿਹੇ ਵਿਅਕਤੀ ਆਪਣੀਆਂ ਦਰਖਾਸਤਾਂ ਯੋਗ ਪ੍ਰਣਾਲੀ ਰਾਹੀਂ ਭੇਜ ਸਕਦੇ ਹਨ ਜਿਨ੍ਹਾਂ ਵਿਅਕਤੀਆਂ ਨੇ 1 ਅਕਤੂਬਰ, 2015 ਤੋਂ ਬਾਅਦ ਕਿਸੇ ਮਨੁੱਖ ਦੀ ਹਾਦਸੇ, ਅੱਗ ਲੱਗਣ ਦੀ ਘਟਨਾ, ਡੁੱਬਣ, ਧਰਤੀ ਖਿਸਕਣ, ਜਾਨਵਰਾਂ ਵੱਲੋਂ ਕੀਤੇ ਹਮਲੇ ਜਾਂ ਅਜਿਹੀ ਕਿਸੇ ਹੋਰ ਦੁਰਘਟਨਾ ਵਿਚ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਬਹਾਦਰੀ ਨਾਲ ਪੀਡ਼ਤ ਦੀ ਜਾਨ ਬਚਾਈ ਹੋਵੇ।
‘ਜੀਵਨ ਰਕਸ਼ਾ ਪਦਕ’ ਤਿੰਨ ਵਰਗਾਂ ਵਿਚ ਦਿੱਤੇ ਜਾਣੇ ਹਨ- ‘ਸਰਬੋਤਮ ਜੀਵਨ ਰਕਸ਼ਾ ਪਦਕ’, ‘ਉੱਤਮ ਜੀਵਨ ਰਕਸ਼ਾ ਪਦਕ’ ਅਤੇ ‘ਜੀਵਨ ਰਕਸ਼ਾ ਪਦਕ।’ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਸਹਿਮਤੀ ਦਿੱਤੇ ਜਾਣ ਤੋਂ ਬਾਅਦ ਇਸ ਸਨਮਾਨ ਵਿਚ ਇਕ ਮੈਡਲ, ਸਰਟੀਫਿਕੇਟ ਅਤੇ ਰਾਸ਼ੀ ਡਿਮਾਂਡ ਡਰਾਫਟ ਦੇ ਰੂਪ ਵਿਚ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਨੇ ਇਸ ਸਨਮਾਨ ਲਈ ਦਰਖਾਸਤਕਰਤਾ ਦੀ ਸਿਫਾਰਸ਼ ਵੇਰਵਿਆਂ ਸਹਿਤ ਆਮ ਰਾਜ ਪ੍ਰਬੰਧ ਵਿਭਾਗ ਨੂੰ ਭੇਜਣ ਲਈ 1 ਸਤੰਬਰ, 2017 ਦੀ ਤਾਰੀਖ ਨਿਸ਼ਚਿਤ ਕੀਤੀ ਹੈ ਤਾਂ ਜੋ ਆਈਆਂ ਸਿਫਾਰਸ਼ਾਂ ਸਮੇਂ ਸਿਰ ਕੇਂਦਰ ਸਰਕਾਰ ਨੂੰ ਭੇਜੀਆਂ ਜਾ ਸਕਣ।