ਮਾਨਸਾ – ਉਤਰ ਪ੍ਰਦੇਸ਼ ਵਿਚ ਪੈਟਰੋਲ ਪੰਪਾਂ ‘ਤੇ ਚਿੱਪ ਲਾਕੇ ਹੇਰਾ-ਫੇਰੀਆਂ ਕਰਨ ਦੇ ਮਾਮਲੇ ਤੋਂ ਬਾਅਦ ਅਨੇਕਾਂ ਪੰਪ ਸੀਲ ਕਰਨ ਅਤੇ ਕੇਂਦਰ ਤੇ ਯੂਪੀ ਸਰਕਾਰ ਵੱਲੋਂ ਪੰਪ ਮਾਲਕਾਂ ਦੇ ਖਿਲਾਫ਼ ਕਾਰਵਾਈ ਕੀਤੇ ਜਾਣ ਦੇ ਮਾਮਲੇ ਦੀਆਂ ਤਾਰਾਂ ਕਰੀਬ ਚਾਰ ਸਾਲ ਪਹਿਲਾਂ ਮਾਨਸਾ ਪੁਲੀਸ ਵੱਲੋਂ ਫੜੇ ਗਏ ਗਿਰੋਹ ਨਾਲ ਜੁੜਦੀਆਂ ਦਿਖ ਰਹੀਆਂ ਹਨ। ਮਾਨਸਾ ਪੁਲੀਸ ਵੱਲੋਂ ਕਰੀਬ ਤਿੰਨ ਸਾਲ ਪਹਿਲਾਂ ਪੰਪਾਂ ਦੀਆਂ ਡਿਸਪੈਂਸਿੰਗ ਮਸ਼ੀਨਾਂ ਵਿਚ ਚਿੱਪਾਂ ਲਾਕੇ ਹੇਰਾ-ਫੇਰੀਆਂ ਕਰਨ ਦੇ ਕਰੋੜਾਂ ਰੁਪਏ ਦੇ ਲਾਏ ਜਾਂਦੇ ਚੂਨੇ ਨੂੰ ਜੇਕਰ ਉਸ ਸਮੇਂ ਕੇਂਦਰ ਤੇ ਯੂਪੀ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੁੰਦਾ ਹੈ ਤਾਂ ਯੂਪੀ ਦਾ ਇਹ ਘੁਟਾਲਾ ਬਹੁਤ ਸਮਾਂ ਪਹਿਲਾਂ ਸਾਹਮਣੇ ਆ ਜਾਂਦਾ।
ਸਾਲ ੨੦੧੩ ਵਿਚ ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਡਾ. ਨਰਿੰਦਰ ਭਾਰਗਵ ਨੇ ਪੈਟਰੋਲ ਪੰਪਾਂ ਦੀਆਂ ਮਸ਼ੀਨਾਂ ਵਿਚ ਚਿੱਪਾਂ ਲਾਕੇ ਹੇਰਾ-ਫੇਰੀਆਂ ਕਰਨ ਦੇ ਮਾਮਲੇ ਨੂੰ ਲੈਕੇ ਉਸ ਸਮੇਂ ਸਥਾਨਕ ਅਤੇ ਯੂਪੀ ਦੇ ਕੁਝ ਮਕੈਨਿਕਾਂ ਅਤੇ ਇੰਜੀਨੀਅਰਾਂ ਨੂੰ ਕਾਬੂ ਕੀਤਾ ਸੀ। ਇਸ ਤੋਂ ਬਾਅਦ ਹੇਰਾ-ਫੇਰੀਆਂ ਦੇ ਅਨੇਕਾਂ ਮਾਮਲੇ ਮਾਨਸਾ, ਅੰਮ੍ਰਿਤਸਰ, ਜਲੰਧਰ, ਮੁਕਤਸਰ, ਬਰਨਾਲਾ ਤੇ ਹੋਰ ਜ਼ਿਲ੍ਹਿਆਂ ਵਿਚ ਸਾਹਮਣੇ ਆਏ ਸਨ। ਡਾ. ਭਾਰਗਵ ਦੀ ਬਦਲੀ ਤੋਂ ਬਾਅਦ ਬੇਸ਼ੱਕ ਇਸ ਮਾਮਲੇ ਦੇ ਦੋਸ਼ੀ ਜ਼ਮਾਨਤਾਂ ਜਾਂ ਰਿਹਾਈ ਕਰਵਾਕੇ ਫਿਰ ਅਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦੇਣ ਲੱਗੇ ਹਨ, ਪਰ ਇਸ ਖੇਤਰ ਦੀ ਪੁਲੀਸ ਨੇ ਪਿੱਛੋਂ ਅਜਿਹੇ ਕਸੂਰਵਾਰਾਂ ਦੀ ਨੱਪੀ ਹੋਈ ਪੈੜ ਢਿੱਲੀ ਛੱਡ ਦਿੱਤੀ ਹੈ।
ਉਸ ਵੇਲੇ ਮਾਨਸਾ ਪੁਲੀਸ ਨੇ ਪੈਟਰੋਲ ਪੰਪਾਂ ਦੀਆਂ ਮਸ਼ੀਨਾਂ ਵਿਚ ਚਿੱਪਾਂ ਲਾਕੇ ੬ ਰੁਪਏ ਪ੍ਰਤੀ ਲੀਟਰ ਕੁੰਡੀ ਲਾਉਣ ਨੂੰ ਲੈਕੇ ਕੁਝ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ ਅਤੇ ਇਸ ਨੂੰ ਲੈਕੇ ਸੂਬੇ ਅੰਦਰ ੭ ਪੈਟਰੋਲ ਪੰਪ ਸੀਲ ਕੀਤੇ ਗਏ ਸਨ ਅਤੇ ੧੫੦ ਦੇ ਕਰੀਬ ਪੈਟਰੋਲ ਪੰਪ ਸ਼ੱਕ ਦੇ ਘੇਰੇ ਵਿਚ ਆ ਗਏ ਸਨ। ਡਾ. ਭਾਰਗਵ ਨੇ ਉਸ ਸਮੇਂ ਦੱਸਿਆ ਸੀ ਕਿ ਪੈਟਰੋਲ ਪੰਪ ਮਾਲਕਾਂ ਨੂੰ ਇਹ ਚਿੱਪ ਤੇ ਰਿਮੋਟ ਕਰੀਬ ੪੦ ਹਜ਼ਾਰ ਵਿਚ ਯੂਪੀ ਦੇ ਕੁਝ ਵਿਅਕਤੀਆਂ ਵੱਲੋਂ ਵੇਚਿਆ ਜਾਂਦਾ ਹੈ। ਉਸ ਸਮੇਂ ਯੂਪੀ ਵਾਸੀ ਅਭਿਸ਼ੇਕ ਕੁਮਾਰ ਤੇ ਵਿਨੋਦ ਕੁਮਾਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਇਸ ਮਾਮਲੇ ਦਾ ਮਾਸਟਰ ਮਾਈਂਡ ਅੰਕੁਰ ਵਰਮਾ (ਕਾਨਪੁਰ), ਸੁਨੀਲ ਕੁਮਾਰ (ਯੂਪੀ) ਪੁਲੀਸ ਦੇ ਹੱਥੇ ਚੜ੍ਹਿਆ ਸਨ। ਉਨ੍ਹਾਂ ਵੱਲੋਂ ਜਲੰਧਰ, ਫਿਰੋਜ਼ਪੁਰ, ਅੰਮ੍ਰਿਤਸਰ, ਸ੍ਰੀ ਮੁਕਤਸਰ ਸਾਹਿਬ ਵਿਖੇ ਮਸ਼ੀਨਾਂ ਸੀਲ ਕਰਕੇ ਹੇਰਾ-ਫੇਰੀਆਂ ਕਰਨ ਦੇ ਮਾਮਲੇ ਦਰਜ ਕੀਤੇ ਗਏ ਸਨ। ਡਾ. ਭਾਰਗਵ ਨੇ ਦੱਸਿਆ ਕਿ ਇਸ ਦੀ ਸੂਚਨਾ ਉਸ ਵੇਲੇ ਯੂਪੀ ਪੁਲੀਸ ਨੂੰ ਭੇਜ ਦਿੱਤੀ ਗਈ ਸੀ। ੧੨ਵੀਂ ਪਾਸ ਅੰਕੁਰ ਕੁਮਾਰ ਯੂਪੀ ਦੀ ਕਾਨੁਪੁਰ ਇੱਕ ਕੰਪਨੀ ਵਿਚ ਸਿਰਫ਼ ਇਸੇ ਕਰਕੇ ਨੌਕਰੀ ਕਰਦਾ ਸੀ ਕਿ ਉਸ ਵੱਲੋਂ ਇਹ ਚਿੱਪਾਂ ਤਿਆਰ ਕੀਤੀਆਂ ਜਾਂਦੀਆਂ ਸਨ। ਕਾਨਪੁਰ ਦੀ ਫੈਕਟਰੀ ਛੱਡਣ ਤੋਂ ਬਾਅਦ ਉਸ ਨੇ ਯੂਪੀ ਦੇ ਹੋਰ ਜ਼ਿਲ੍ਹਿਆਂ ਦੇ ਸੇਲਜ਼ਮੈਨਾਂ ਨਾਲ ਸੰਪਰਕ ਕਰਕੇ ਚਿੱਪਾਂ ਵੇਚਣ ਦਾ ਆਪਣਾ ਨੈਟਵਰਕ ਤਿਆਰ ਕੀਤਾ ਸੀ। ਡਾ. ਨਰਿੰਦਰ ਭਾਰਗਵ ਨੇ ਉਸ ਸਮੇਂ ਦੱਸਿਆ ਸੀ ਕਿ ਅੰਕੁਰ ਕੁਮਾਰ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਨ੍ਹਾਂ ਚਿੱਪਾਂ ਦਾ ਯੂਪੀ ਵਿਚ ਵੱਡੇ ਪੱਧਰ ‘ਤੇ ਪ੍ਰਚਲਨ ਹੈ ਅਤੇ ਇਸ ਦਾ ਗੋਰਖਧੰਦਾ ਧੜੱਲੇ ਨਾਲ ਚੱਲ ਰਿਹਾ ਹੈ, ਪਰ ਉਸ ਸਮੇਂ ਮਾਨਸਾ ਪੁਲੀਸ ਵੱਲੋਂ ਕੀਤੀ ਗਈ ਇਸ ਕਾਰਵਾਈ ਅਤੇ ਯੂਪੀ ਦੇ ਕੁਝ ਵਿਅਕਤੀਆਂ ਦੇ ਅੜਿੱਕੇ ਆਉਣ ਤੋਂ ਬਾਅਦ ਉਸ ਨੂੰ ਯੂਪੀ ਦੇ ਕੇਂਦਰ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ। ਹੁਣ ਯੂਪੀ ਵਿਚ ਪੈਟਰੋਲ ਪੰਪਾਂ ਦੀਆਂ ਮਸ਼ੀਨਾਂ ਵਿਚ ਚਿੱਪਾਂ ਲਾਕੇ ਹੇਰਾ-ਫੇਰੀਆਂ ਕਰਨ ਨੂੰ ਲੈਕੇ ਵੱਡੇ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ, ਜਿਸ ਤੋਂ ਬਾਅਦ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਯੂਪੀ ਦੇ ਪੰਪਾਂ ਦਾ ਨਿਰੀਖਣ ਕੀਤਾ।
ਐਸਐਸਪੀ ਮਾਨਸਾ ਪਰਮਬੀਰ ਸਿੰਘ ਪਰਮਾਰ ਦਾ ਕਹਿਣਾ ਹੈ ਕਿ ੨੭ ਫਰਵਰੀ ੨੦੧੩ ਨੂੰ ਕੋਟਧਰਮੂੰ ਤੇ ੨੮ ਫਰਵਰੀ ੨੦੧੩ ਨੂੰ ਬੁਢਲਾਡਾ ਵਿਖੇ ਪੈਟਰੋਲ ਪੰਪਾਂ ਦੀਆਂ ਚਿੱਪਾਂ ਮਾਮਲੇ ਵਿਚ ਛੇ ਵਿਅਕਤੀਆਂ ਦੇ ਖਿਲਾਫ਼ ਧੋਖਾਧੜੀ ਅਤੇ ੭ ਏਸੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਸੀ, ਜਿੰਨ੍ਹਾਂ ਦਾ ਕੇਸ ਇਸ ਵੇਲੇ ਵੀ ਸਰਦੂਲਗੜ੍ਹ ਤੇ ਬੁਢਲਾਡਾ ਦੀਆਂ ਅਦਾਲਤਾਂ ਵਿਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਮਾਮਲਿਆਂ ਵਿਚ ਦੋ ਵਿਅਕਤੀ ਯੂਪੀ ਤੋਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਮਾਨਸਾ ਪੁਲੀਸ ਇਸ ਦੀ ਰਿਪੋਰਟ ਅੱਗੇ ਭੇਜੇਗੀ।