ਅਮਰੀਕੀ ਅਥਲੀਟ ਜੈਸੀ ਓਵੇਨਜ਼ ਨੂੰ ਬਰਲਿਨ-1936 ਓਲੰਪਿਕ ‘ਚ ਚਾਰ ਗੋਲਡ ਮੈਡਲ ਜਿੱਤਣ ਸਦਕਾ ਕੌਮਾਂਤਰੀ ਖ਼ਿਤਾਬ ਦਿੱਤਾ ਗਿਆ। ਉਹ ਆਪਣੇ ਸਮੇਂ ਦਾ ਸਭ ਤੋਂ ਵੱਧ ਚਰਚਿਤ ਸਿਆਹਫ਼ਾਮ ਅਥਲੀਟ ਸੀ, ਜਿਸ ਨੂੰ ਈਐਸਪੀਐਨ ਵੱਲੋਂ ਉੱਤਰੀ ਅਮਰੀਕਾ ਦੇ 20ਵੀਂ ਸਦੀ ਦੇ ਛੇ ਮਹਾਨ ਅਥਲੀਟਾਂ ਦੀ ਸੂਚੀ ‘ਚ ਪਹਿਲਾ ਸਥਾਨ ਹਾਸਲ ਹੈ। ਜੈਸੀ ਓਵੇਨਜ਼ ਦਾ ਪਿਤਾ ਵੱਡਾ ਕਬੀਲਦਾਰ ਸੀ ਤੇ ਜਜੈਸੀ ਓਵੇਨਜ਼ ਉਸ ਦੀ ਦਸਵੀਂ ਔਲਾਦ ਸੀ ਜੋ ਤਿੰਨ ਭੈਣਾਂ ਤੇ ਸੱਤ ਭਰਾਵਾਂ ‘ਚੋਂ ਸਭ ਤੋਂ ਛੋਟਾ ਸੀ। ਜੈਸੀ ਓਵੇਨਜ਼ ਦਾ ਜਨਮ 12 ਸਤੰਬਰ 1913 ‘ਚ ਮੈਰੀ ਏਮਾ ਦੀ ਕੁੱਖੋਂ ਅਮਰੀਕਾ ਦੀ ਅਲਬਾਮਾ ਕਾਊਂਟੀ ਦੇ ਓਕਵਿਲੇ ‘ਚ ਹੈਨਰੀ ਓਵੇਨਸ ਦੇ ਘਰ ਹੋਇਆ। ਉਸ ਦਾ ਪਿਤਾ ਸਟੀਲ ਮਿੱਲ ਦਾ ਕਾਮਾ ਸੀ ਜਦਕਿ ਖਿਡਾਰੀ ਬਣਨ ਤੋਂ ਪਹਿਲਾਂ ਜੈਸੀ ਓਵੇਨਜ਼ ਜੁੱਤੀਆਂ ਮੁਰੰਮਤ ਕਰਨ ਵਾਲੀ ਦੁਕਾਨ ‘ਤੇ ਕੰਮ ਕਰਦਾ ਸੀ। ਸਿਗਰਟ ਪੀਣ ਕਾਰਨ ਕੈਂਸਰ ਦਾ ਮਰੀਜ਼ ਹੋਇਆ ਜੈਸੀ ਓਵੇਨਜ਼ 31 ਮਾਰਚ 1980 ‘ਚ 66 ਸਾਲਾ ਉਮਰ ‘ਚ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਉਹ ਪਹਿਲਾ ਸਿਆਹਫ਼ਾਮ ਅਥਲੀਟ ਹੈ, ਜਿਸ ਨੇ ਹਿਟਲਰ ਦੇ ਜਿਉਂਦੇ ਜੀਅ ਜਰਮਨੀ ‘ਚ ਹੋਈਆਂ ਓਲੰਪਿਕ ਖੇਡਾਂ ‘ਚ ਆਪਣੀ ਤਾਕਤ ਦੇ ਡੰਕੇ ਵਜਾ ਕੇ 100, 200, 4ਧ100 ਮੀਟਰ ਰੀਲੇਅ ਤੇ ਲੰਬੀ ਛਾਲ ‘ਚ ਓਲੰਪਿਕ ਚੈਂਪੀਅਨ ਬਣਨ ਸਦਕਾ ਚਾਰ ਸੋਨ ਤਗ਼ਮੇ ਹਾਸਲ ਕੀਤੇ। ਇਹ ਗੱਲ ਹਿਟਲਰ ਨੂੰ ਵੀ ਵਾਰਾ ਨਹੀਂ ਸੀ ਖਾਂਦੀ ਕਿ ਇਕ ਸਿਆਹਫ਼ਾਮ ਖਿਡਾਰੀ ਉਸ ਦੇ ਦੇਸ਼ ‘ਚ ਆਪਣੀ ਧਾਕ ਜਮਾ ਕੇ ਖੇਡਾਂ ਦੀ ਦੁਨੀਆਂ ‘ਚ ਪ੍ਰਸਿੱਧੀ ਹਾਸਲ ਕਰੇ। ਇਸ ਦੇ ਉਲਟ ਅਮਰੀਕੀ ਅਥਲੀਟਾਂ ਵੱਲੋਂ ਜਿੱਤੇ 11 ਸੋਨ ਤਗ਼ਮੇ ‘ਚੋਂ 6 ਸੋਨ ਤਗ਼ਮੇ ਸਿਆਹਫ਼ਾਮ ਖਿਡਾਰੀਆਂ ਦੇ ਹਿੱਸੇ ਆਏ ਸਨ। ਇਨ੍ਹਾਂ 6 ਤਗ਼ਮਿਆਂ ‘ਚ 4 ਸੋਨ ਤਗ਼ਮੇ ਜੇਸੀ ਓਵੇਨਸ ਦੇ ਸਨ। ਇਸੇ ਖੁੰਦਕ ਸਦਕਾ ਸਾਰੇ ਤਗ਼ਮਾ ਜੇਤੂ ਖਿਡਾਰੀਆਂ ਨਾਲ ਹੱਥ ਮਿਲਾਉਣ ਵਾਲੇ ਹਿਟਲਰ ਨੇ ਜੈਸੀ ਓਵੇਨਜ਼ ਨੂੰ ਸਿੱਧਾ ਮਿਲਣ ਤੋਂ ਦੂਰੀ ਬਣਾਈ ਰੱਖੀ। ਸਿਰਫ਼ ਇਕ ਵਾਰ ਜਦੋਂ ਜੇਸੀ ਜੇਤੂ ਮੰਚ ਤੋਂ ਪਰਤ ਰਿਹਾ ਸੀ ਤਾਂ ਹਿਟਲਰ ਨੇ ਜੇਸੀ ਵੱਲ ਵੇਖ ਕੇ ਹੱਥ ਜ਼ਰੂਰ ਹਿਲਾਇਆ, ਜਿਸ ਦਾ ਜਵਾਬ ਵੀ ਜੈਸੀ ਨੇ ਹੱਥ ਹਿਲਾ ਕੇ ਦਿੱਤਾ। ਹਿਟਲਰ ਸਮੇਂ ਜਰਮਨੀ ਵੱਲੋਂ ਅਣਗੌਲੇ ਅਮਰੀਕੀ ਅਥਲੀਟ ਜੈਸੀ ਓਵੇਨਜ਼ ਦੀ ਜਰਮਨ ਵਾਸੀਆਂ ਵੱਲੋਂ ਉਦੋਂ ਕਦਰ ਪਾਈ ਗਈ ਜਦੋਂ 1984 ‘ਚ ਬਰਲਿਨ ਦੀਆਂ ਗਲੀਆਂ ਦੇ ਨਾਮ ਸਿਆਹਫ਼ਾਮ ਖਿਡਾਰੀ ਦੇ ਨਾਮ ਚੜ੍ਹਾ ਦਿੱਤੇ ਗਏ ਤੇ ਬਰਲਿਨ ਓਲੰਪਿਕ ਦੌਰਾਨ ਓਲੰਪਿਕ ਪਿੰਡ ਦੇ ਜਿਸ ਸੈਕਸ਼ਨ ‘ਚ ਜੈਸੀ ਠਹਿਰਿਆ ਸੀ, ਯਾਦਗਾਰ ਵਜੋਂ ਉਸ ਕਮਰੇ ‘ਚ ਜੇਸੀ ਦੀਆਂ ਖੇਡ ਤਸਵੀਰਾਂ ਲਈ ਰਾਖਵਾਂ ਕਰ ਦਿੱਤਾ ਗਿਆ ਹੈ। ਓਲੰਪਿਕ ਚੈਂਪੀਅਨ ਜੈਸੀ ਦੇ ਹਿਟਲਰ ਪ੍ਰਤੀ ਇਸ ਵਤੀਰੇ ਸਦਕਾ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਫ਼ਰੈਂਕਲਿਨ ਡੀ. ਰੂਜ਼ਵੈਲਟ ਨੇ ਆਪਣੇ ਦੇਸ਼ ਦੇ ਅਥਲੀਟ ਜੈਸੀ ਓਵੇਨਜ਼ ਨੂੰ ਵ੍ਹਾਈਟ ਹਾਊਸ ਵੱਲੋਂ ਦਿੱਤੇ ਜਾਂਦੇ ਮਾਣ-ਤਾਣ ਤੋਂ ਵੀ ਵਾਂਝਾ ਰੱਖਿਆ। ਅਮਰੀਕੀ ਰਾਸ਼ਟਰਪਤੀ ਚਾਹੁੰਦਾ ਸੀ ਕਿ ਜੈਸੀ ਆਪਣੀ ਗਲਤੀ ਲਈ ਹਿਟਲਰ ਤੋਂ ਮੁਆਫ਼ੀ ਮੰਗੇ ਪਰ ਜੇਸੀ ਨੂੰ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਸੀ।
ਬਰਲਿਨ-1936 ਓਲੰਪਿਕ ‘ਚ ਜੈਸੀ ਨੇ ਤਿੰਨ ਅਗਸਤ ਨੂੰ 100 ਫ਼ਰਾਟਾ ਦੌੜ ਦਾ ਮੁਕਾਬਲਾ 10.3 ਸੈਕਿੰਡ ਸਮੇਂ ਨਾਲ ਤੈਅ ਕਰਕੇ ਕਾਲਜ ਸਮੇਂ ਦੇ ਆਪਣੇ ਮਿੱਤਰ ਰਾਲਫ਼ ਮੈਟਾਕਾਲਫ਼ੀ ਨੂੰ ਸੈਕਿੰਡ ਦੇ 10ਵੇਂ ਹਿੱਸੇ ਨਾਲ ਮਾਤ ਦਿੰਦਿਆਂ ਕਰੀਅਰ ਦਾ ਪਹਿਲਾ ਸੋਨ ਤਗ਼ਮਾ ਹਾਸਲ ਕੀਤਾ। ਚਾਰ ਅਗਸਤ ਨੂੰ ਜੈਸੀ ਓਵੇਨਜ਼ ਨੇ 8.06 ਮੀਟਰ ਲੰਬੀ ਛਾਲ ਮਾਰਨ ਸਦਕਾ ਦੂਜਾ ਸੋਨ ਤਗ਼ਮਾ ਆਪਣੀ ਝੋਲੀ ਪਾਇਆ। ਇਸ ਮੁਕਾਬਲੇ ‘ਚ ਚਾਂਦੀ ਦਾ ਤਗ਼ਮਾ ਮੇਜ਼ਬਾਨ ਅਥਲੀਟ ਲੁਟਜ਼ ਲਾਂਗ ਨੇ ਜਿੱਤਿਆ। ਪੰਜ ਅਗਸਤ ਨੂੰ ਜੇਸੀ ਨੇ 200 ਮੀਟਰ ਤੇਜ਼ ਦੌੜ 20.7 ਸੈਕਿੰਡ ‘ਚ ਪੂਰੀ ਕਰਕੇ ਓਲੰਪਿਕ ਸੋਨ ਤਗ਼ਮਿਆਂ ਦੀ ਹੈਟਰਿਕ ਪੂਰੀ ਕੀਤੀ, ਜਦਕਿ ਵਿਰੋਧੀ ਦੌੜਾਕ ਮੈਕ ਰੌਬਿਨਸਨ ਦੇ ਹੱਥ ਸਿਲਵਰ ਮੈਡਲ ਆਇਆ। ਨੌਂ ਅਗਸਤ ਨੂੰ ਜੈਸੀ ਓਵੇਨਜ਼ ਨੇ 4ਧ100 ਰੀਲੇਅ ਟੀਮ ਨਾਲ ਓਲੰਪਿਕ ਚੈਂਪੀਅਨ ਬਣ ਕੇ ਗੋਲਡ ਮੈਡਲਾਂ ਦਾ ਚੌਕਾ ਲਾਉਣ ‘ਚ ਕਾਮਯਾਬੀ ਹਾਸਲ ਕੀਤੀ। ਜੈਸੀ ਓਵੇਨਜ਼ ਓਲੰਪਿਕ ਖੇਡਾਂ ਦੇ ਇਤਿਹਾਸ ‘ਚ ਇਕ ਅਡੀਸ਼ਨ ‘ਚ 100, 200, 4ਗ100 ਮੀਟਰ ਰੀਲੇਅ ਤੇ ਲੰਬੀ ਛਾਲ ‘ਚ ਚਾਰ ਸੋਨ ਤਗਮੇ ਜਿੱਤਣ ਵਾਲਾ ਪਲੇਠਾ ਓਲੰਪੀਅਨ ਹੈ, ਜਿਸ ਦੀ 48 ਸਾਲ ਬਾਅਦ ਦੂਜੇ ਅਮਰੀਕੀ ਅਥਲੀਟ ਕਾਰਲ ਲੇਵਿਸ ਨੇ ਲਾਸ ਏਂਜਲਸ-1984 ਓਲੰਪਿਕ ‘ਚ ਇਨ੍ਹਾਂ ਹੀ ਈਵੈਂਟਾਂ ‘ਚ ਚਾਰ ਸੋਨ ਤਗਮੇ ਜਿੱਤ ਕੇ ਬਰਾਬਰੀ ਕੀਤੀ।
ਮਰਹੂਮ ਓਲੰਪੀਅਨ ਜੈਸੀ ਓਵੇਨਜ਼ ਤੋਂ ਬਾਅਦ ਦੁਨੀਆਂ ਦੇ ਤਿੰਨ ਹੋਰ ਅਥਲੀਟਾਂ ਕਾਰਲ ਲੇਵਿਸ ਤੇ ਦੋ ਮਹਿਲਾਵਾਂ ਕ੍ਰਮਵਾਰ ਅਮਰੀਕਾ ਦੀ ਟਿਆਨਾ ਬੋਰਟੋਲੇਤਾ ਤੇ ਜਰਮਨੀ ਦੀ ਹੀਡੀ ਰੋਸੈਂਡਾਹਲ ਨੂੰ ਇਕੋ ਓਲੰਪਿਕ ਟੂਰਨਾਮੈਂਟ ਦੇ 100ਗ4 ਮੀਟਰ ਰੀਲੇਅ ਰੇਸ ਅਤੇ ਲੌਂਗ ਜੰਪ ਦੀਆਂ ਖੇਡ ਵੰਨਗੀਆਂ ‘ਚ ਗੋਲਡ ਮੈਡਲ ਜਿੱਤਣ ਦਾ ਮਾਣ ਹਾਸਲ ਹੋਇਆ ਹੈ।
ਵਿਸ਼ਵ ਖੇਡਾਂ ਦੇ ਹਲਕਿਆਂ ‘ਚ ‘ਬੱਕੇਯੀ ਬੁਲੇਟ’ ਦੇ ਨਾਮ ਨਾਲ ਪ੍ਰਸਿੱਧ ਅਮਰੀਕਨ ਟਰੈਕ ਐਂਡ ਫ਼ੀਲਡ ਅਥਲੀਟ ਜੇਸੀ ਓਵੇਨਸ 25 ਸਾਲ ਲੌਂਗ ਜੰਪ ਦੇ ਆਲਮੀ ਰਿਕਾਰਡ ਦਾ ਮਾਲਕ ਰਿਹਾ। ਜੇਸੀ ਵੱਲੋਂ ਲੰਬੀ ਛਾਲ ‘ਚ 25.5.1953 ਨੂੰ ਸਿਰਜਿਆ ਵਿਸ਼ਵ ਰਿਕਾਰਡ ਉਸ ਦੇ ਹਮਵਤਨੀ ਜੰਪਰ ਰਾਲਫ਼ ਬੋਸਟਨ ਵੱਲੋਂ 12 ਅਗਸਤ 1960 ‘ਚ ਤੋੜਿਆ ਗਿਆ।