ਸੱਤਾ ‘ਚ ਆਉਣ ‘ਤੇ ਬੁਖਲਾਈ ਕਾਂਗਰਸ ਪਾਰਟੀ : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਜ਼ੀਰਕਪੁਰ ਪੁਲਿਸ ਵੱਲੋਂ 1 ਮਈ ਦੀ ਸਵੇਰ ਨੂੰ ਨਗਰ ਕੌਂਸਲ ਫਰੀਦਕੋਟ ਦੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਚਾਰ ਕੌਂਸਲਰਾਂ ਨੂੰ ਗੈਰ ਕਾਨੂੰਨੀ ਤੌਰ ‘ਤੇ ਹਿਰਾਸਤ ਵਿਚ ਰੱਖਣ ਤੇ ਜ਼ਲੀਲ ਕਰਨ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਜਲਦ ਤੋਂ ਜਲਦ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ ਅਤੇ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਵੀ ਮੰਗ ਕੀਤੀ ਹੈ। ਪਾਰਟੀ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਬੁਖਲਾ ਗਈ ਹੈ ਤੇ ਰਾਜ ਭਰ ਵਿਚ ਬਦਲਾਖੋਰੀ ਦੀ ਰਾਜਨੀਤੀ ‘ਤੇ ਉਤਰ ਆਈ ਹੈ। ਇਕ ਪਾਸੇ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਸਿਆਸੀ ਕਤਲ ਕੀਤੇ ਜਾ ਰਹੇ ਹਨ ਜਦਕਿ ਦੂਜੇ ਪਾਸੇ ਚੁਣੇ ਹੋਏ ਪ੍ਰਤੀਨਿਧਾਂ, ਨਗਰ ਕੌਂਸਲਾਂ, ਸਹਿਕਾਰਤਾ ਸੰਸਥਾਵਾਂ ਤੇ ਟਰੱਕ ਯੂਨੀਅਨਾਂ ਦੇ ਮੁਖੀਆਂ ਨੂੰ ਜਬਰੀ ਲਾਂਭੇ ਕੀਤਾ ਜਾ ਰਿਹਾ ਹੈ। ਇਹ ਸਾਰਾ ਕੁਝ ਮੁੱਖ ਮੰਤਰੀ ਦੇ ਪੂਰੇ ਧਿਆਨ ਵਿਚ ਹੈ ਤੇ ਇਹ ਬਹੁਤ ਹੀ ਨਿਖੇਧੀਯੋਗ ਗੱਲ ਹੈ ਕਿ ਇਕ ਤੋਂ ਬਾਅਦ ਇਕ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਦੇ ਨਾਲ ਹੀ ਇਹ ਬੇਹੱਦ ਚਿੰਤਾ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਅਤੇ ਪੁਲਿਸ ਵਿਰੋਧੀਆਂ ਨੂੰ ਨਿਆਂ ਦੇਣ ਵਾਸਤੇ ਆਜ਼ਾਦਾਨਾ ਤੌਰ ‘ਤੇ ਕੰਮ ਕਰਨ ਵਿਚ ਅਸਫਲ ਹੈ ਤੇ ਉਹ ਸੱਤਾਧਾਰੀਆਂ ਦੇ ਇਸ਼ਾਰੇ ‘ਤੇ ਚੱਲਣ ਵਾਸਤੇ ਮਜਬੂਰ ਹੈ।
ਇਥੇ ਪਾਰਟੀ ਦੇ ਮੁੱਖ ਦਫਤਰ ਵਿਖੇ ਕਾਹਲੀ ਨਾਲ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸਕੱਤਰ ਤੇ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਉਸ ਘਟਨਾ ਦੇ ਵੇਰਵੇ ਦਿੰਦਿੰਆਂ ਜੀਰਕਪੁਰ ਦੇ ਇੱਕ ਹੋਟਲ ਏ1 ਦੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਵੀ ਜਾਰੀ ਕੀਤੀ ਹੈ। ਇਸ ਮੌਕੇ  ਪਾਰਟੀ ਦੇ ਸੀਨੀਅਰ ਯੂਥ ਆਗੂ ਅਤੇ ਐਸ.ਓ.ਆਈ ਦੇ ਕੋਆਰਡੀਨੇਟਰ ਸ. ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਡਾ. ਚੀਮਾ ਦੇ ਨਾਲ ਸਨ।
ਅਕਾਲੀ ਆਗੂਆਂ ਨੇ ਦੱਸਿਆ ਕਿ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਇਸ਼ਾਰੇ ‘ਤੇ ਹੀ  ਗਠਜੋੜ ਦੇ ਚਾਰ ਕੌਂਸਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਵਿਧਾਇਕ ਚਾਹੁੰਦੇ ਸਨ ਕਿ ਇਹ ਕੌਂਸਲਰ ਫਰੀਦਕੋਟ ਨਗਰ ਕੌਂਸਲ ਦੇ ਮੁਖੀ ਸ੍ਰੀਮਤੀ ਊਮਾ ਗਰੋਵਰ ਦੇ ਖਿਲਾਫ ਕਾਂਗਰਸ ਵੱਲੋਂ ਪੇਸ਼ ਬੇਵਿਸਾਹੀ ਮਤੇ ਦੀ ਹਮਾਇਤ ਕਰਨ।
ਪੁਲਿਸ ਦੀ ਕਹਾਣੀ ਨੂੰ ਝੁਠਲਾਉਂਦਿਆਂ  ਡਾ. ਚੀਮਾ ਨੇ ਦੱਸਿਆ ਕਿ ਪੁਲਿਸ ਝੂਠ ਬੋਲ ਰਹੀ ਹੈ ਕਿ ਇਹਨਾਂ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਕਿਸੇ ਗੁਪਤ ਸੂਚਨਾ ਦੇ ਆਧਾਰ ‘ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਫਿਰ ਫਰੀਦਕੋਟ ਦੇ ਕਾਂਗਰਸ ਦੇ ਕੌਂਸਲਰ ਵਿੱਕੀ ਬਰਾੜ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਦੇ ਪੀ ਏ ਸ. ਕਰਮਜੀਤ ਸਿੰਘ ਪਿੰਡ ਟਹਿਣਾ ਮੌਕੇ ‘ਤੇ ਕਿਵੇਂ ਮੌਜੂਦ ਸਨ ? ਉਹਨਾਂ ਕਿਹਾ ਕਿ ਸੀ ਸੀ ਟੀ ਵੀ ਫੁਟੇਜ ਵਿਚ ਦੋਵੇਂ ਸਪਸ਼ਟ ਨਜ਼ਰ ਆ ਰਹੇ ਹਨ। ਪੁਲਿਸ ਦੇ ਨਾਲ ਆ ਕੇ ਉਹਨਾਂ ਨੇ ਕੌਂਸਲਰਾਂ ਦੀ ਸ਼ਨਾਖ਼ਤ ਕੀਤੀ ਤੇ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੂਜਾ ਪੁਲਿਸ ਥਾਣੇ ਪਹੁੰਚਣ ‘ਤੇ ਇਲਾਕੇ ਦੇ ਐਸ. ਐਚ. ਓ. ਨੇ ਕੁਸ਼ਲਦੀਪ ਸਿੰਘ ਢਿੱਲੋਂ ਨਾਲ ਫੋਨ ‘ਤੇ ਸੰਪਰਕ ਬਣਾਇਆ ਤੇ ਚਾਰੋਂ ਕੌਂਸਲਰਾਂ ‘ਤੇ ਉਹਨਾਂ ਨਾਲ ਗੱਲਬਾਤ ਕਰਨ ਲਈ ਦਬਾਅ ਪਾਇਆ। ਇਸ ਤੋਂ ਸਪਸ਼ਟ ਹੈ ਕਿ ਪੁਲਿਸ ਆਪਣੇ ਦਾਇਰੇ ਤੋਂ ਬਾਹਰ ਹੋ ਕੇ ਕੰਮ ਕਰ ਰਹੀ ਹੈ ਤੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਸਿਆਸੀ ਸਾਜ਼ਿਸ਼ਾਂ ਰਚ ਕੇ ਚੁਣੇ ਹੋਏ ਨਗਰ ਕੌਂਸਲ ਮੁਖੀ ਨੂੰ ਲਾਹੁਣ ਵਾਸਤੇ ਮਦਦ ਦੇ ਰਹੀ ਹੈ।
ਅਕਾਲੀ ਦਲ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਇਹ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਕੀਤੇ ਜਾਣ ਤੇ ਫਰੀਦਕੋਟ ਨਗਰ ਕੌਂਸਲ ਦੇ ਚਾਰੋਂ ਕੌਂਸਲਰਾਂ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਣ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।