ਲੁਧਿਆਣਾ ‘ਚ ਸਿਲਕ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ

ਲੁਧਿਆਣਾ : ਇਥੋਂ ਦੇ ਮੇਹਰਬਾਨ ਇਲਾਕੇ ‘ਚ ਸਥਿਤ ਇਕ ਸਿਲਕ ਦੀ ਫੈਕਟਰੀ ਨੂੰ ਸੋਮਵਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਦੇ ਅੰਦਰ ਸਟਾਕ ਕਰਕੇ ਰੱਖਿਆ ਸਾਰਾ ਕੱਚਾ ਅਤੇ ਤਿਆਰ ਮਾਲ ਸੜ ਕੇ ਸੁਆਹ ਹੋ ਗਿਆ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਪਹੁੰਚ ਚੁੱਕੀਆਂ ਹਨ, ਜੋ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਅੱਗ ਕੱਪੜਿਆਂ ਦੇ ਢੇਰ ‘ਚ ਲੱਗੀ ਹੋਣ ਕਰਕੇ ਅਜੇ ਤੱਕ ਅੱਗ ‘ਤੇ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਪਾ ਜਾ ਸਕਿਆ ਹੈ। ਉਂਝ ਇਸ ਅੱਗ ‘ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਲੱਖਾਂ ਰੁਪਏ ਦੀ ਕੀਮਤ ਦਾ ਸਟਾਕ ਸੜ ਕੇ ਸੁਆਹ ਹੋ ਗਿਆ ਹੈ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਇਹ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ ਪਰ ਅੱਗ ਦੇ ਅਸਲੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗਾਇਆ ਜਾ ਰਿਹਾ ਹੈ।