ਮੌਸਮ ਹੋਇਆ ਖੁਸ਼ਗਵਾਰ, ਹਿਮਾਚਲ ਪ੍ਰਦੇਸ਼ ‘ਚ ਤਾਜ਼ਾ ਬਰਫਬਾਰੀ ਕਾਰਨ ਆਵਾਜਾਈ ਪ੍ਰਭਾਵਿਤ

ਸ਼ਿਮਲਾ— ਸੂਬੇ ‘ਚ ਮੌਸਮ ਨੇ ਇਕ ਵਾਰ ਫਿਰ ਕਰਵਟ ਬਦਲ ਲਈ ਹੈ। ਉਪਰੀ ਇਲਾਕਿਆਂ ‘ਚ ਵਰਖਾ ਅਤੇ ਉੱਚੀਆਂ ਚੋਟੀਆਂ ‘ਤੇ ਹੋ ਰਹੀ ਬਰਫਬਾਰੀ ਕਾਰਨ ਰਾਜਧਾਨੀ ‘ਚ ਠੰਡ ਵਧ ਗਈ ਹੈ। ਬੀਤੀ ਰਾਤ ਹੋਈ ਵਰਖਾ ਨਾਲ ਠੰਡ ਹੋਰ ਵਧ ਗਈ ਹੈ। ਹਾਲਾਂਕਿ ਸਵੇਰੇ ਮੌਸਮ ਕੁਝ ਖੁਲ੍ਹਾ ਸੀ, ਪਰ ਫਿਰ ਅਚਾਨਕ ਬੱਦਲ ਛਾ ਗਏ ਅਤੇ ਫਿਰ ਰੁਕ-ਰੁਕ ਕੇ ਵਰਖਾ ਹੋਣ ਲੱਗੀ। ਓਧਰ ਉਚਾਈ ਵਾਲੇ ਇਲਾਕਿਆਂ ‘ਚ ਬੀਤੀ ਰਾਤ ਬਰਫਬਾਰੀ ਵੀ ਹੋਈ। ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਜ਼ਿਲੇ ਦੇ ਸਟਿੰਗਰੀ ਇਲਾਕੇ ‘ਚ ਤਾਜ਼ਾ ਬਰਫਬਾਰੀ ਹੋਈ ਹੈ, ਜਿਸ ਕਾਰਨ ਮਨਾਲੀ ਲੇਹ ਸੜਕੀ ਰਾਸਤੇ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ।
ਪਿਛਲੇ 24 ਘੰਟਿਆਂ ਦੌਰਾਨ ਲਾਹੌਲ ਸਪਿਤੀ ਦੇ ਕੇਲਾਂਗ ‘ਚ 3 ਸੈਂਟੀਮੀਟਰ ਅਤੇ ਰੋਹਤਾਂਗ ‘ਚ 3 ਇੰਚ ਤੱਕ ਬਰਫਬਾਰੀ ਦਰਜ ਕੀਤੀ ਗਈ ਹੈ। ਸ਼ਿਮਲਾ ‘ਚ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ, ਸੁੰਦਰਨਗਰ ‘ਚ 2.7, ਭੁੰਤਰ ‘ਚ 0.8, ਕਲਪਾ ‘ਚ 3.2 ਨਾਹਨ ‘ਚ 5.0, ਸੋਲਨ ‘ਚ 2.4, ਮਨਾਲੀ ‘ਚ 5.0 ਕੇਲੰਗ ‘ਚ 5.0 ਅਤੇ ਮੰਡੀ ‘ਚ 7.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਉੱਚੀਆਂ ਚੋਟੀਆਂ ‘ਤੇ ਹੋਈ ਬਰਫਬਾਰੀ ਅਤੇ ਹੇਠਲੇ ਇਲਾਕਿਆਂ ‘ਚ ਹੋਈ ਵਰਖਾ ਨਾਲ ਰਾਜਧਾਨੀ ਸਮੇਤ ਹੋਰ ਇਲਾਕਿਆਂ ‘ਚ ਤਾਪਮਾਨ ਹੇਠਾਂ ਆ ਗਿਆ ਹੈ ਅਤੇ ਠੰਡ ਵਧ ਗਈ ਹੈ। ਮੌਸਮ ‘ਚ ਬਦਲਾਅ ਕਾਰਨ ਲੋਕਾਂ ਨੂੰ ਗਰਮ ਕੱਪੜੇ ਤੱਕ ਕੱਢਣੇ ਪੈ ਰਹੇ ਹਨ।