ਜਲੰਧਰ/ਵਾਸ਼ਿੰਗਟਨ— ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੇ ਚੰਗੇ ਕੰਮਾਂ ਕਰ ਕੇ ਜਾਣੇ ਜਾਂਦੇ ਹਨ ਅਤੇ ਦੁਨੀਆ ‘ਚ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ। ਆਪਸੀ ਸਾਂਝ ਤੇ ਮਿਲਵਰਤਨ ਦੀ ਭਾਵਨਾ ਇਕ ਦੇਸ਼ ਹੀ ਨਹੀਂ ਸਗੋਂ ਕਿ ਲੋਕਾਂ ਨੂੰ ਜੋੜਨ ਦਾ ਕੰਮ ਵੀ ਕਰਦੀ ਹੈ। ਕੁਝ ਅਜਿਹਾ ਹੀ ਹੈ ਇਹ ਗੁਰਸਿੱਖ ਨੌਜਵਾਨ, ਜਿਸ ਦਾ ਨਾਂ ਹੈ ਸਵਰਣਜੀਤ ਸਿੰਘ ਖਾਲਸਾ, ਜੋ ਕਿ ਪੰਜਾਬ ਦੇ ਜਲੰਧਰ ਤੋਂ ਹੈ। ਖਾਲਸਾ ਨੂੰ ਵਾਸ਼ਿੰਗਟਨ ਸਥਿਤ ਸੰਘੀ ਜਾਂਚ ਏਜੰਸੀ (ਐੱਫ. ਬੀ. ਆਈ.) ਦੇ ਹੈੱਡਕੁਆਰਟਰ ‘ਚ ਸਨਮਾਨਤ ਕੀਤਾ ਗਿਆ।
ਸਰਵਣਜੀਤ ਸਿੰਘ ਖਾਲਸਾ ਨੂੰ ਹੈੱਡਕੁਆਰਟਰ ਦੇ ਡਾਇਰੈਕਟਰ ਜੇਮਸ ਬੀ ਕੋਮਈ ਨੇ ‘ਡਾਇਰੈਕਟਰ ਕਮਿਊਨਿਟੀ ਲੀਡਰਸ਼ਿਪ ਐਵਾਰਡ’ ਨਾਲ ਸਨਮਾਨਤ ਕੀਤਾ। ਖਾਸਲਾ ਨੂੰ ਇਹ ਐਵਾਰਡ ਨਸਲਵਾਦ ਵਿਰੋਧੀ ਅਤੇ ਹਿਊਮਨ ਰਾਈਟਰਸ ਦੇ ਹੱਕ ‘ਚ ਚਲਾਈ ਗਈ ਮੁਹਿੰਮ ਲਈ ਦਿੱਤਾ ਗਿਆ। ਸਰਵਣਜੀਤ ਸਿੰਘ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਅਮਰੀਕਾ ਯੂਨਿਟ ਦੇ ਪ੍ਰਧਾਨ ਹਨ। ਖਾਲਸਾ ਦਾ ਮਿਸ਼ਨ ਸਹਿਣਸ਼ੀਲਤਾ ਦੇ ਮੁੱਦੇ ਨੂੰ ਲੈ ਕੇ ਲੋਕਾਂ ਨੂੰ ਸਿੱਖਿਅਤ ਕਰਨਾ ਹੈ। ਇਸ ਤੋਂ ਇਲਾਵਾ ਉਹ ਨਫਰਤ ਭਰੇ ਵਿਚਾਰਧਾਰਾ ਦੇ ਬਿਨਾਂ ਇਕ ਸ਼ਾਂਤੀਪੂਰਨ ਸਮਾਜ ‘ਚ ਰਹਿਣ ਦੇ ਤਰੀਕਿਆਂ, ਮਤਭੇਦਾਂ ਨੂੰ ਭੁੱਲਾ ਕੇ ਇਕ-ਦੂਜੇ ਪ੍ਰਤੀ ਸਨਮਾਨ ਲਈ ਲੋਕਾਂ ਨੂੰ ਸਿੱਖਿਅਤ ਕਰਦੇ ਹਨ। ਉਨ੍ਹਾਂ ਦਾ ਜ਼ਿਆਦਾਤਰ ਧਿਆਨ ਆਪਣੇ ਸਿੱਖ ਧਰਮ ਦੀਆਂ ਸਿੱਖਿਆਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਖਾਲਸਾ ਇਸ ਸਮੇਂ ਅਮਰੀਕਾ ਦੇ ਨਿਊ ਹੈਵਨ ‘ਚ ਰਹਿ ਰਹੇ ਹਨ।