ਚੰਡੀਗਡ਼ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੰਵਰਪਾਲ ਸਿੰਘ ਰਾਣਾ ਨੇ ਵਿਸ਼ੇਸ਼ ਅਧਿਕਾਰ ਉਲੰਘਣਾ ਦੇ ਮਾਮਲੇ ਵਿਚ ਸਬੰਧੀ ਗੁਰਦਾਸਪੁਰ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਅਸ਼ੀਸ਼ ਕੁਮਾਰ ਅਗਰਵਾਲ ਨੂੰ ਨਿੱਜੀ ਤੋਰ ਤੇ 02-05-2017 ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਸ. ਬਰਿੰਦਰਮੀਤ ਸਿੰਘ ਪਾਹਡ਼ਾ ਨੇ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਨ੍ਹਾਂ ਮਿਲਕ ਪਲਾਂਟ ਗੁਰਦਾਸਪੁਰ ਦੇ ਜਨਰਲ ਮੈਨੇਜਰ ਅਸ਼ੀਸ਼ ਕੁਮਾਰ ਅਗਰਵਾਲ ਤੋਂ ਪਲਾਂਟ ਦੇ ਕੰਮਕਾਰ ਸਬੰਧੀ ਜਾਣਕਾਰੀ ਲੈਣੀ ਚਾਹੀ ਤਾਂ ਅਸ਼ੀਸ਼ ਕੁਮਾਰ ਵੱਲੋਂ ਨਾ ਸਿਰਫ ਇਨਕਾਰ ਕੀਤਾ ਗਿਆ ਸਗੋਂ ਵਿਧਾਇਕ ਨਾਲ ਬਣਦੇ ਪ੍ਰੋਟੋਕੋਲ ਅਨੁਸਾਰ ਵਿਵਹਾਰ ਵੀ ਨਹੀਂ ਕੀਤਾ ਅਤੇ ਉਸ ਦੀ ਅਥਾਰਟੀ ‘ਤੇ ਵੀ ਸੁਆਲ ਚੁੱਕੇ ਗਏ।
ਬੁਲਾਰੇ ਨੇ ਦੱਸਿਆ ਕਿ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਇਸ ਮਾਮਲੇ ਨੂੰ ਪੰੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰਾਂ ਸਬੰਧੀ ਕਮੇਟੀ ਨੂੰ ਸੋਪਣ ਤੋਂ ਪਹਿਲਾਂ ਅਧਿਕਾਰੀ ਦਾ ਪੱਖ ਸੁਨਣਾ ਚਾਹੁੰਦੇ ਹਨ ਜਿਸ ਲਈ ਸਬੰਧਿਤ ਅਧਿਕਾਰੀ ਨੂੰ ਨਿੱਜੀ ਤੋਰ ਤੇ 02-05-2017 ਨੂੰ ਪੰਜਾਬ ਵਿਧਾਨ ਸਭਾ ਵਿਖੇ ਪੇਸ਼ ਹੋਣ ਲਈ ਹੁਕਮ ਦਿੱਤਾ ਹੈ।