ਵਿਸਤਾਰਾ ਨੇ ਪੰਜਾਬ ਤੋਂ ਹੋਰ ਉਡਾਨਾਂ ਸ਼ੁਰੂ ਕਰਨ ਦੀ ਪ੍ਰਗਟਾਈ ਇੱਛਾ

ਚੰਡੀਗੜ੍ਹ -ਅੱਜ ਸੂਬੇ ਵਿੱਚ ਨਿਵੇਸ਼ ਲਿਆਉਣ ਲਈ ਪੰਜਾਬ ਸਰਕਾਰ ਦੇ ਯਤਨਾਂ ਨੂੰ ਇੱਕ ਹੋਰ ਹੁੰਗਾਰਾ ਮਿਲਿਆ ਕਿਉਂਕਿ ਵਿਸਤਾਰਾ ਵੱਲੋਂ ਹੋਰ ਉੁਡਾਨਾਂ ਸ਼ੁਰੂ ਕਰਨ ਅਤੇ ਸੂਬਾ ਸਰਕਾਰ ਨਾਲ ਇਕ ਸਮਝੌਤੇ ਰਾਹੀਂ ਤਾਜ ਹੋਟਲਾਂ ਨਾਲ ਭਾਈਵਾਲੀ ਬਣਾ ਕੇ ਕੰਮ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਨਾਲ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ।
ਵਿਸਤਾਰਾ ਦੇ ਸੀ.ਈ.ਓ. ਫੇਅ ਟੇਕ ਯੋਹ ਨੇ ਆਪਣੇ ਸਲਾਹਕਾਰ ਗੁਰਜੋਤ ਸਿੰਘ ਮੱਲ੍ਹੀ ਨਾਲ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਕੀਤਾ।
ਮੀਟਿੰਗ ਉਪਰੰਤ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਿਸਤਾਰਾ ਦੀ ਟੀਮ ਨੇ ਪੰਜਾਬ ਨੂੰ ਸੈਰ ਸਪਾਟੇ ਦੇ ਧੁਰੇ ਵਜੋਂ ਉਭਾਰਨ ਲਈ ਸੂਬਾ ਸਰਕਾਰ ਨਾਲ ਕੀਤੇ ਜਾਣ ਵਾਲੇ ਕੰਮ ਦਾ ਪ੍ਰਸਤਾਵ ਪੇਸ਼ ਕੀਤਾ ਅਤੇ ਇਸ ਸਬੰਧ ਵਿੱਚ ਇਕ ਸਮਝੌਤਾ ਸਹੀਬੰਦ (ਐਮ.ਓ.ਯੂ.) ਕਰਨ ਦਾ ਸੁਝਾਅ ਪੇਸ਼ ਕੀਤਾ।
ਸੀ.ਈ.ਓ. ਨੇ ਦੱਸਿਆ ਕਿ ਟਾਟਾ ਅਤੇ ਸਿੰਗਾਪੁਰ ਏਅਰਲਾਈਨਜ਼ ਦਰਮਿਆਨ ਵਿਸਤਾਰਾ ਇਕ ਸਾਂਝਾ ਉੱਦਮ ਹੈ ਜੋ ਟਾਟਾ ਗਰੁੱਪ ਦੀ ਮਾਲਕੀ ਵਾਲੇ ਤਾਜ ਹੋਟਲਾਂ ਨਾਲ ਕੰਮ ਕਰ ਸਕਦੀ ਹੈ ਤਾਂ ਕਿ ਪੰਜਾਬ ਵਿੱਚ ਵੱਡੀ ਪੱਧਰ ‘ਤੇ ਸੈਰ ਸਪਾਟੇ ਨੂੰ ਉਤਸ਼ਾਹਤ ਕੀਤਾ ਜਾ ਸਕੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਕ ਸਮਝੌਤਾ ਸਹੀਬੰਦ ਹੋਣ ਨਾਲ ਹੋਰਨਾਂ ਵਿਦੇਸ਼ੀ ਏਅਰਲਾਈਨ’ਜ਼ ਤੱਕ ਪਹੁੰਚ ਬਣਾਈ ਜਾ ਸਕੇਗੀ ਜਿਸ ਨਾਲ ਵਿਦੇਸ਼ੀ ਮੁਲਕਾਂ ਵਿੱਚ ਵੀ ਪੰਜਾਬ ਦਾ ਨਾਮ ਉਭਾਰਿਆ ਜਾ ਸਕੇਗਾ।
ਮੁੱਖ ਮੰਤਰੀ ਨੇ ਸੂਬੇ ਨੂੰ ਸੈਰ ਸਪਾਟੇ ਦੇ ਧੁਰੇ ਵਜੋਂ ਉਭਾਰਨ ਲਈ ਵਿਸਤਾਰਾ ਵੱਲੋਂ ਦਿਖਾਈ ਦਿਲਚਸਪੀ ਦਾ ਸੁਆਗਤ ਕਰਦਿਆਂ ਉਸ ਦੇ ਸੁਝਾਅ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਿਆ।
ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਚੰਡੀਗੜ੍ਹ ਤੋਂ ਸਿੰਗਾਪੁਰ ਤੋਂ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਜਿਸ ਨਾਲ ਦੱਖਣੀ ਪੂਰਬੀ ਏਸ਼ੀਆਈ ਖਿੱਤੇ ਨੂੰ ਸਫਰ ਦੀ ਸਹੂਲਤ ਹਾਸਲ ਹੋ ਸਕੇ ਕਿਉਂ ਜੋ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਇਸ ਖਿੱਤੇ ਵੱਲ ਸਫਰ ਕਰਦੇ ਹਨ। ਵਿਸਤਾਰਾ ਦੀ ਟੀਮ ਨੇ ਕਿਹਾ ਕਿ ਅਜਿਹੀ ਉਡਾਨ ਨੂੰ ਸ਼ੁਰੂ ਕਰਨ ਲਈ ਸੰਭਾਵਨਾ ਤਲਾਸ਼ਣ ਵਿੱਚ ਉਨ੍ਹਾਂ ਨੂੰ ਖੁਸ਼ੀ ਹੋਵੇਗੀ।
ਵਿਸਤਾਰਾ ਦੇ ਬੇੜੇ ਵਿੱਚ ਪੰਜ ਹੋਰ ਜਹਾਜ਼ ਹੋਣ ਨਾਲ ਕੰਪਨੀ ਵੱਲੋਂ ਪੰਜਾਬ ਨੂੰ ਕਈ ਮੁਲਕਾਂ ਤੇ ਸ਼ਹਿਰਾਂ ਨਾਲ ਜੋੜਨ ਦੀ ਵੱਡੀ ਸੰਭਾਵਨਾ ਦੇਖੀ ਜਾ ਰਹੀ ਹੈ। ਇਸ ਵੇਲੇ ਸਿਰਫ ਦਿੱਲੀ ਤੋਂ ਅੰਮ੍ਰਿਤਸਰ ਵਿਚਕਾਰ ਹਵਾਈ ਸੇਵਾ ਚਾਲੂ ਹੈ।
ਵਿਸਤਾਰਾ ਦੀ ਟੀਮ ਨੇ ਪੰਜਾਬ ਵਿੱਚ ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਰੋਡਵੇਜ਼ ਤੇ ਰੇਲਵੇ ਨਾਲ ਤਾਲਮੇਲ ਲਈ ਏਅਰਲਾਈਨਜ਼ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਕਿਉਂ ਜੋ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਹਰੇਕ ਸਾਲ ਲੱਖਾਂ ਲੋਕ ਪਹੁੰਚਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਵਿਸਤਾਰਾ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਆਰਥਿਕ ਵਿਕਾਸ ਨੂੰ ਸੁਰਜੀਤ ਕਰਨ ਲਈ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਦੀ ਇੱਛਾ ਰੱਖੀ ਹੈ। ਉਨ੍ਹਾਂ ਨੇ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਸੂਬੇ ਦੇ ਹਿੱਤ ਵਿੱਚ ਕਿਸੇ ਵੀ ਯੋਜਨਾ ਨੂੰ ਲਾਗੂ ਕਰਨ ਵਿੱਚ ਵਿਸਤਾਰਾ ਨੂੰ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।