ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਭਾਸ਼ਾ ‘ਚ ਵਿਧਾਇਕ ਵਜੋਂ ਸਹੁੰ ਚੁੱਕੀ

ਨਵੀਂ ਦਿੱਲੀ  : ਰਜੋਰੀ ਗਾਰਡਨ ਵਿਧਾਨ ਸਭਾ ਹਲਕੇ ਦੇ ਨਵੇਂ ਚੁਣੇ ਗਏ ਵਿਧਾਇਕ ਸ਼੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਵਿਧਾਨ ਸਭਾ ਦੇ ਮੈਂਬਰ ਵਜੋਂ ਪੰਜਾਬੀ ਭਾਸ਼ਾ ਵਿਚ ਸਹੁੰ ਚੁੱਕ ਕੇ ਇਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸ਼੍ਰੀ ਰਾਮ ਨਿਵਾਸ ਗੋਇਲ ਨੇ ਉਨਾਂ ਨੂੰ ਵਿਧਾਇਕ ਵਜੋਂ ਸਹੁੰ ਚੁਕਾਈ ਹੈ। ਸ਼੍ਰੀ ਮਨਜਿੰਦਰ ਸਿੰਘ ਸਿਰਸਾ ਨੇ 9 ਅਪ੍ਰੈਲ ਨੂੰ ਹੋਈ ਰਜੋਰੀ ਗਾਰਡਨ ਵਿਧਾਨ ਸਭਾ ਹਲਕੇ ਦੇ ਜਿਮਨੀ ਚੋਣ ਭਾਰੀ ਫਰਕ ਨਾਲ ਜਿੱਤੀ ਸੀ।
ਸਹੁੰ ਚੁੱਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਰਜੋਰੀ ਗਾਰਡਨ ਵਿਧਾਨ ਸਭਾ ਹਲਕੇ ਦੇ ਲੋਕਾਂ ਦੇ ਧੰਨਵਾਦੀ ਹਨ, ਜਿਨਾਂ ਨੇ ਉਨਾਂ ‘ਤੇ ਵਿਸ਼ਵਾਸ਼ ਕੀਤਾ ਅਤੇ ਉਨਾਂ ਨੂੰ ਭਰੋਸਾ ਦਵਾਉਂਦੇ ਹਨ ਕਿ ਉਹ ਲੋਕਾਂ ਦੀਆਂ ਇਛਾਵਾਂ ਤੇ ਆਸਾਂ ਦੀ ਪੂਰਤੀ ਲਈ ਡਟ ਕੇ ਕੰਮ ਕਰਨਗੇ। ਉਨਾਂ ਕਿਹਾ ਕਿ ਰਜੋਰੀ ਗਾਰਡਨ ਹਲਕੇ ਦੀ ਚੋਣ ਦਾ ਫਤਵਾ ਇਲਾਕੇ ਦੇ ਵਿਕਾਸ ਲਈ ਫਤਵਾ ਹੈ। ਉਨਾਂ ਕਿਹਾ ਕਿ ਉਹ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਲੋਕਾਂ ਦੀ ਭਲਾਈ ਸਮੇਤ ਲੋਕਾਂ ਨਾਲ ਸਬੰਧਤ ਹਰ ਤਰਾਂ ਦੇ ਜਨਤਕ ਮਸਲੇ ਉਠਾਉਂਦੇ ਰਹਿਣਗੇ। ਸ਼੍ਰੀ ਸਿਰਸਾ ਨੇ ਹੋਰ ਕਿਹਾ ਕਿ ਇਸ ਚੋਣ ਨੇ ਉਨਾਂ ਨੂੰ ਆਮ ਆਦਮੀ ਪਾਰਟੀ ਦੀ ਨਾਕਸ ਕਾਰਗੁਜ਼ਾਰੀ ਅਤੇ ਅਰਵਿੰਦ ਕੇਜਰੀਵਾਲ ਤੇ ਉਨਾਂ ਦੀ ਟੀਮ ਵਲੋਂ ਲੋਕਾਂ ਨਾਲ ਕੀਤੇ ਝੂਠੇ ਤੇ ਗੁੰਮਰਾਹਕੁੰਨ ਵਾਅਦੇ ਪੂਰੇ ਨਾ ਕਰਨ ਦਾ ਮਾਮਲਾ ਉਠਾਉਣ ਦਾ ਮੌਕਾ ਪ੍ਰਦਾਨ ਕੀਤਾ ਹੈ। ਉਨਾਂ ਕਿਹਾ ਕਿ ਉਨਾਂ ਦੀ ਚੋਣ ਵਿਚ ਅਤੇ ਐਮ. ਸੀ. ਦੀਆਂ ਚੋਣਾਂ ਜਿਸ ਦਾ ਨਤੀਜਾ ਕਲ ਘੋਸ਼ਿਤ ਹੋਣਾ ਹੈ ਵਿਚ ‘ਆਪ’ ਦੀ ਨਮੋਸ਼ੀ ਭਰੀ ਹਾਰ ਤੋਂ ਬਾਅਦ ਲੋਕ ਹੁਣ ਦਿੱਲੀ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸਥਾਪਿਤ ਹੋਈ ਦੇਖਣਾ ਚਾਹੁੰਦੇ ਹਨ ਅਤੇ ਇਸ ਲਈ ਮਧਕਾਲੀ ਚੋਣਾਂ ਦੀ ਉਡੀਕ ਵਿਚ ਹਨ।
ਇਸ ਮੌਕੇ ਦਿੱਲੀ ਵਿਧਾਨ ਸਭਾ ਦੇ ਨੇਤਾ ਅਤੇ ਰੋਹਿਨੀ ਦੇ ਵਿਧਾਇਕ ਸ਼੍ਰੀ ਵਿਜੇਦਰ ਗੁਪਤਾ, ਭਾਜਪਾ ਵਿਧਾਇਕ ਸ਼੍ਰੀ ਜਗਦੀਸ਼ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਮਨਜੀਤ ਸਿੰਘ ਜੀ. ਕੇ., ਕਾਰਜਕਾਰਨੀ ਮੈਂਬਰ ਸ਼੍ਰੀ ਪਰਮਜੀਤ ਸਿੰਘ ਚੰਢੋਕ ਅਤੇ ਕਈ ਹੋਰ ਪ੍ਰਮੁੱਖ ਭਾਜਪਾ ਤੇ ਅਕਾਲੀ ਆਗੂ ਮੌਜੂਦ ਸਨ।