ਕੈਪਟਨ ਅਮਰਿੰਦਰ ਵਲੋਂ ਮੌਜੂਦਾ ਉਦਯੋਗਾਂ ਨੂੰ ਨਵੇਂ ਉਦਯੋਗਾਂ ਦੇ ਬਰਾਬਰ ਮੌਕੇ ਮੁਹੱਈਆ ਕਰਵਾਉਣ ਦੇ ਨਿਰਦੇਸ਼

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਸਨਅਤੀ ਨੀਤੀ ਹੇਠ ਪੰਜਾਬ ‘ਚ ਨਵੇਂ ਉਦਯੋਗਾਂ ਨੂੰ ਪੇਸ਼ਕਸ਼ ਕੀਤੀਆਂ ਜਾ ਰਹੀਆਂ ਰਿਆਇਤਾਂ ਦੇ ਬਰਾਬਰ ਹੀ ਮੌਜੂਦਾ ਸਨਅਤਾਂ ਨੂੰ ਰਿਆਇਤਾਂ ਮੁਹੱਈਆਂ ਕਰਵਾਉਣ ਲਈ ਉਦਯੋਗ ਵਿਭਾਗ ਨੂੰ ਆਦੇਸ਼ ਜਾਰੀ ਕੀਤੇ ਹਨ।
ਮੁੱਖ ਮੰਤਰੀ ਨੇ ਇਹ ਆਦੇਸ਼ ਉਸ ਵੇਲੇ ਜਾਰੀ ਕੀਤੇ ਜਦੋਂ ਸੀ.ਆਈ.ਆਈ ਦਾ ਇਕ ਵਫਦ ਉੱਤਰੀ ਖੇਤਰ ਦੇ ਚੇਅਰਮੈਨ ਸੁਮੰਤ ਸਿਨ੍ਹਾ ਦੀ ਅਗਵਾਈ ਵਿੱਚ ਉਨ੍ਹਾਂ ਨੂੰ ਮਿਲਣ ਆਇਆ। ਇਹ ਵਫਦ ਉੱਤਰੀ ਸੂਬਿਆਂ ਖਾਸਕਰ  ਪੰਜਾਬ ਵਿੱਚ ਵਪਾਰ ਨੂੰ ਬੜ੍ਹਾਵਾ ਦੇਣ ਨੂੰ ਸੁਖਾਲਾ ਬਣਾਉਣ ਵਾਸਤੇ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਆਇਆ ਸੀ। ਪੰਜਾਬ ਉਦਯੋਗ ਦੇ ਸਬੰਧ ਵਿੱਚ ਇਸ ਵੇਲੇ 12ਵੇਂ ਸਥਾਨ ‘ਤੇ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਪਾਰ ਦੇ ਸਬੰਧ ਵਿੱਚ ਪੰਜਾਬ ਨੂੰ ਇੱਕ ਨੰਬਰ ਸੂਬਾ ਬਣਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਸੂਬੇ ਵਿੱਚ ਨਿਵੇਸ਼ ਵਾਸਤੇ ਹੋਰ ਜ਼ਿਆਦਾ ਆਕ੍ਰਸ਼ਤ ਪੈਦਾ ਕਰਨ ਵਾਸਤੇ ਸੀ.ਆਈ.ਆਈ ਤੋਂ ਸੁਝਾਅ ਮੰਗੇ।
ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਦਯੋਗ ਅਤੇ ਸੂਬਾ ਸਰਕਾਰ ਵਿਚਕਾਰ ਗੱਲਬਾਤ ਨੂੰ ਜਾਰੀ ਰੱਖਣ ਲਈ ਦੋਵੇਂ ਧਿਰਾਂ ਸਮੂਹਿਕ ਰੂਪ ਵਿੱਚ ਕਾਰਜ ਕਰਨ ਲਈ ਸਹਿਮਤ ਹੋ ਗਈਆਂ ਹਨ। ਪੰਜਾਬ ਸਰਕਾਰ ਇਸ ਵੇਲੇ ਸੂਬੇ ਵਿੱਚ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਸੁਖਾਵਾਂ ਮਾਹੌਲ ਬਣਾਉਣ ਵਾਸਤੇ ਨਵੀਂ ਸਨਅਤੀ ਨੀਤੀ ਉੱਤੇ ਕਾਰਜ ਕਰ ਰਹੀ ਹੈ।
ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ  ਨੇ  ਉਨ੍ਹਾਂ ਸਨਅਤੀ ਗਰੁੱਪਾਂ ਲਈ ਬਰਾਬਰ ਦੇ ਮੌਕੇ ਯਕੀਨੀ ਬਣਾਉਣ ਲਈ ਸੀ.ਆਈ.ਆਈ ਦੇ ਵਫਦ ਦੇ ਸੁਝਾਅ ਨੂੰ ਪ੍ਰਵਾਨ ਕਰ ਲਿਆ ਜੋ ਪਿਛਲੀ ਸਰਕਾਰ ਦੀਆਂ ਵਿਪਰੀਤ ਨੀਤੀਆਂ ਦੇ ਬਾਵਜੂਦ ਸੂਬੇ ਨੂੰ ਛੱਡ ਕੇ ਨਹੀ ਗਏ। ਮੁੱਖ ਮੰਤਰੀ ਨੇ ਨਵੀ ਸਨਅਤੀ ਨੀਤੀ ਵਿੱਚ ਇਸ ਨੂੰ ਸ਼ਾਮਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਜਿਸ ਦੇ ਵਾਸਤੇ ਉਦਯੋਗਿਕ ਵਿਭਾਗ ਇਸ ਵੇਲੇ ਕੰਮ ਕਰ ਰਿਹਾ ਹੈ ਅਤੇ ਵਿਭਾਗ ਨੂੰ ਸੀ.ਆਈ.ਏ ਵਲੋਂ ਸੂਬੇ ਵਿੱਚ ਸਨਅਤ ਨੂੰ ਬੜ੍ਹਾਵਾ ਦੇਣ ਲਈ ਸੁਝਾਅ ਦਿੱਤੇ ਜਾ ਰਹੇ ਹਨ।
ਸੀ.ਆਈ.ਆਈ ਨੇ ਸੂਬੇ ਵਿੱਚ ਐਗਰੋ ਅਧਾਰਿਤ ਫੂਡ ਪ੍ਰੋਸੈਸਿੰਗ ਉਦਯੋਗ ਅਤੇ ਲਘੂ ਸਨਅਤੀ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ। ਵਫਦ ਨੇ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਉਣ, ਬੁਨਿਆਦੀ ਢਾਂਚਿਆਂ ਦੇ ਵਿਕਾਸ ਅਤੇ ਹਵਾਈ ਸੰਪਰਕ ਵਿੱਚ ਵਾਧਾ ਕਰਨ ਲਈ ਵੀ ਸੁਝਾਅ ਦਿੱਤਾ। ਵਫਦ ਨੇ ਸੂਬੇ ਦੇ ਸਨਅਤੀ ਧੁਰੇ ਲੁਧਿਆਣਾ ਨਾਲ ਹਵਾਈ ਸੰਪਰਕ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਬਿਨ੍ਹਾਂ ਕਿਸੇ ਅੜਚਣ ਤੋਂ ਹਵਾਈ ਉਡਾਨਾਂ ਨੂੰ ਉਤਰਨ ਨੂੰ ਯਕੀਨੀ ਬਣਾਉਣ ਲਈ ਆਈ.ਐਲ.ਐਸ ਦੀ ਸਥਾਪਤੀ ਨਾਲ ਇਸ ਸ਼ਹਿਰ ਲਈ ਉਡਾਨਾਂ ਦੀ ਗਿਣਤੀ ਵੀ ਵਧਾਉਣ ਦਾ ਸੁਝਾਅ ਦਿੱਤਾ।
ਬਿਜਲੀ ਦੇ ਮੰਦੇ ਵਿਤਰਣ ਦੇ ਕਾਰਨ ਲੋਡ ਦੇ ਵਾਰ-ਵਾਰ ਘੱਟਣ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਸੀ.ਆਈ.ਆਈ ਦੇ ਵਫਦ ਨੇ ਸਨਅਤ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮਹੱਈਆ ਕਰਵਾਉਣ ਵੱਲ ਨੂੰ ਪੇਸ਼ਕਦਮੀ ਲਈ ਸੂਬਾ ਸਰਕਾਰ ਦਾ ਸਵਾਗਤ ਕੀਤਾ। ਮੁੱਖ ਮੰਤਰੀ ਨੇ ਵਫਦ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਬਿਜਲੀ ਵੇਚਣ ਦੇ ਉਨ੍ਹਾਂ ਦੇ ਪ੍ਰਸਤਾਵ ਉੱਤੇ ਹਾਂਪੱਖੀ ਹੁੰਗਾਰਾ ਭਰਿਆ ਹੈ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਨਾਲ ਹੋਰ ਵਪਾਰਿਕ ਸੰਭਾਵਨਾਵਾਂ ਉੱਤੇ ਗੌਰ ਕਰਨ ਲਈ ਵੀ ਪੰਜਾਬ ਨੂੰ ਸੰਕੇਤ ਦਿੱਤਾ ਹੈ।
ਸੀ.ਆਈ.ਆਈ ਦੇ ਵਫਦ ਨੇ ਕੇਂਦਰ ਸਰਕਾਰ ਦੇ ਪ੍ਰਸਤਾਵਿਤ ਜ਼ੀਰੋ ਲਿਕਵਿਡ ਡਿਸਚਾਰਜ ਪਾਲਿਸੀ ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਉਦਯੋਗ ਉੱਤੇ ਬੁਰਾ ਪ੍ਰਭਾਵ ਪਾਵੇਗੀ। ਮੁੱਖ ਮੰਤਰੀ ਨੇ ਮੀਂਹ ਦੇ ਪਾਣੀ ਦੀ ਰਿਹਾਇਸ਼ੀ ਇਲਾਕਿਆਂ ਵਿੱਚ ਸੰਭਾਲ ਨੂੰ ਬੜ੍ਹਾਵਾ ਦੇਣ ਦਾ ਸੁਝਾਅ ਦਿੱਤਾ ਕਿਉਂਕਿ ਸੀ.ਆਈ.ਆਈ ਦੇ ਦੱਸਿਆ ਕਿ ਉਦਯੋਗ ਨੂੰ ਤਰਲ ਦੇ ਵਹਾਅ ਦੀ ਡੰਪਿੰਗ ਦੇ ਡਰੋਂ ਮੀਂਹ ਦੇ ਪਾਣੀ ਨੂੰ ਸੰਭਾਲਣ ਦੀ ਆਗਿਆ ਨਹੀਂ ਹੈ। ਉਨ੍ਹਾਂ ਨੇ ਉਦਯੋਗ ਵਿਭਾਗ ਨੂੰ ਆਖਿਆ ਕਿ ਉਹ ਉਦਯੋਗ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਸਬੰਧੀ ਮਾਮਲੇ ਤੇ ਗੌਰ ਕਰਨ ਕਿ ਇਹ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਪ੍ਰਮੱਖ ਸਕੱਤਰ ਮੁੱਖ ਮੰਤਰੀ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਉਦਯੋਗ ਤੇ ਕਮਰਸ ਡੀ.ਪੀ ਰੈਡੀ ਅਤੇ ਸੀ.ਈ.ਓ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ  ਡੀ. ਕੇ ਤਿਵਾੜੀ ਵੀ ਹਾਜ਼ਰ ਸਨ।
ਸੀ.ਆਈ.ਆਈ ਦੇ ਵਫਦ ਵਿੱਚ ਸੀ.ਆਈ.ਆਈ ਦੇ ਉੱਤਰੀ ਖੇਤਰ ਦੇ ਚੇਅਰਮੈਨ ਸਮੰਤ ਸਿਨ੍ਹਾ, ਸੀ.ਆਈ.ਆਈ ਦੇ ਉੱਤਰੀ ਖੇਤਰ ਦੇ ਡਿਪਟੀ ਚੇਅਰਮੈਨ ਸੱਚਿਤ ਜੈਨ, ਸੀ.ਆਈ.ਆਈ ਪੰਜਾਬ ਸੂਬਾਈ  ਕਾਉਂਸਲ ਦੇ ਚੇਅਰਮੈਨ ਗੁਰਮੀਤ ਭਾਟਿਆ, ਸੀ.ਆਈ.ਆਈ. ਪੰਜਾਬ ਸੂਬਾਈ  ਕਾਉਂਸਲ ਦੇ ਉੱਪ ਚੇਅਰਮੈਨ ਸਰਵਜੀਤ ਸਮਰਾ, ਸੀ.ਆਈ.ਆਈ ਪੰਜਾਬ ਸੂਬਾਈ ਕਾਉਂਸਲ ਦੇ ਸੰਦੀਪ ਜੈਨ, ਸੀ.ਆਈ.ਆਈ ਉੱਤਰੀ ਖੇਤਰ ਦੇ ਖੇਤਰੀ ਡਾਇਰੈਕਟਰ ਬਾਬੂ ਖਾਨ, ਸੀ.ਆਈ.ਆਈ ਪੰਜਾਬ ਰਾਜ ਦੇ ਹੈਡ ਭੁਪਿੰਦਰ ਪਾਲ ਕੌਰ ਅਤੇ ਕਾਰਜਕਾਰੀ ਅਧਿਕਾਰੀ ਸੀ.ਆਈ.ਆਈ. ਜਗਮੀਤ ਸਿੰਘ ਬੇਦੀ ਸ਼ਾਮਲ ਸਨ।