10 ਪੰਚਾਇਤੀ ਸੰਸਥਾਵਾਂ ਨੇ ਕੌਮੀ ਪੁਰਸਕਾਰ ਹਾਸਿਲ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ : ਬਾਜਵਾ

ਚੰਡੀਗੜ  -ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੌਮੀ ਪੱਧਰ ‘ਤੇ ਪੰਜਾਬ ਦੀਆਂ ਛੇ ਪੰਚਾਇਤਾਂ, ਤਾਮਕੋਟ ਪਿੰਡ ਦੀ ਗਰਾਮ ਸਭਾ, ਦੋ ਬਲਾਕ ਸਮਿਤੀਆਂ ਅਤੇ ਇੱਕ ਜ਼ਿਲਾ ਪ੍ਰੀਸ਼ਦ ਸਮੇਤ 10 ਪੰਚਾਇਤੀ  ਸੰਸਥਾਵਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਕੌਮੀ ਪੁਰਸਕਾਰ ਮਿਲਣ ‘ਤੇ ਵਧਾਈ ਦਿੱਤੀ ਹੈ। ਸ. ਬਾਜਵਾ ਨੇ ਕਿਹਾ ਹੈ ਕਿ ਇਨਾਂ ਪੰਚਾਇਤੀ ਸੰਸਥਾਵਾਂ ਨੇ ਜਿੱਥੇ ਦੇਸ਼ ਵਿੱਚ ਪੰਜਾਬ ਦਾ ਨਾਂ ਉੱਚਾ ਕੀਤਾ ਹੈ, ਉੱਥੇ ਇਹ ਦੂਜੀਆਂ ਪੰਚਾਇਤੀ ਸੰਸਥਾਵਾਂ ਲਈ ਮਾਡਲ ਵਜੋਂ ਕੰਮ ਕਰਨਗੀਆਂ। ਉਨਾਂ ਕਿਹਾ ਕਿ ਚੰਗਾ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਭਵਿੱਖ ਵਿੱਚ ਵੀ ਪੂਰਾ ਸਨਮਾਨ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਅੱਜ 24 ਅਪਰੈਲ ਨੂੰ ਲਖਨਊ ਵਿਖੇ ਕੌਮੀ ਪੰਚਾਇਤੀ ਰਾਜ ਦਿਵਸ ‘ਤੇ ਦੇਸ਼ ਦੀਆਂ ਵਧੀਆ ਕਾਰਗੁਜ਼ਾਰੀ ਵਾਲੀਆਂ ਵੱਖ-ਵੱਖ ਰਾਜਾਂ ਦੀਆਂ ਪੰਚਾਇਤੀ ਸੰਸਥਾਵਾਂ ਨੂੰ ਵਿਸੇਸ਼ ਸਮਾਗਮ ਦੌਰਾਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਸਨਮਾਨ ਵਧੀਆ ਕਾਰਗੁਜ਼ਾਰੀ ਦਿਖਾਉੁਣ ਵਾਲੀਆਂ ਦੇਸ਼ ਭਰ ਦੀਆਂ ਪੰਚਾਈਤੀ ਸੰਸਥਾਵਾਂ ਨੂੰ ਕੇਂਦਰੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਰਾਜ ਮੰਤਰੀ ਪ੍ਰਸ਼ੋਤਮ ਰੁਪਾਲਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਅਤੇ ਉੱਤਰ ਪ੍ਰਦੇਸ਼ ਦੇ ਪੰਚਾਇਤ ਮੰਤਰੀ ਕੇਸ਼ਵ ਪ੍ਰਸ਼ਾਦ ਦੀ ਹਾਜ਼ਰੀ ਵਿਚ ਪ੍ਰਦਾਨ ਕੀਤੇ ਗਏ। ਪੰਜਾਬ ਵੱਲੋਂ ਐਸ.ਆਈ.ਆਰ.ਡੀ ਦੇ ਮੁਖੀ ਅਤੇ ਪ੍ਰੋਫੈਸਰ ਡਾ. ਰੋਜ਼ੀ ਵੈਦ ਦੀ ਅਗਵਾਈ ਹੇਠ ਪੰਚਾਇਤੀ ਸੰਸਥਾਵਾਂ ਨੇ ਇਹ ਪੁਰਸਕਾਰ ਹਾਸਲ ਕੀਤੇ।
ਇਨਾਂ ਪੰਚਾਇਤਾਂ ਵਿੱਚ ਪੰਜਾਬ ਦੀਆਂ ਛੇ ਪੰਚਾਇਤਾਂ ਗੁਰੂਸਰ ਮਹਿਰਾਜ ਬਲਾਕ ਫੂਲ ਜ਼ਿਲਾ ਬਠਿੰਡਾ, ਨਗਲ ਗੜੀਆਂ ਬਲਾਕ ਮਾਜਰੀ ਜ਼ਿਲਾ ਮੋਹਾਲੀ, ਕੋਟ ਕਰੋੜ ਖੁਰਦ ਬਲਾਕ ਘੱਲ ਕਲਾਂ ਜ਼ਿਲਾ ਫਿਰੋਜ਼ਪੁਰ, ਦੋਬੁਰਜੀ ਬਲਾਕ ਦੋਰਾਹਾ ਜ਼ਿਲਾ ਲੁਧਿਆਣਾ, ਚੱਕ ਜਾਨੀਸਰ ਬਲਾਕ ਜਲਾਲਾਬਾਦ ਜ਼ਿਲਾ ਫਾਜ਼ਿਲਕਾ, ਅਤੇ ਟੂਟ ਸ਼ੇਰ ਸਿੰਘ ਬਲਾਕ ਸ਼ਾਹਕੋਟ ਜ਼ਿਲਾ ਜਲੰਧਰ ਸ਼ਾਮਲ ਹਨ। ਜਿਹੜੀਆਂ ਦੋ ਬਲਾਕ ਸਮਿਤੀਆਂ ਨੂੰ ਇਹ ਪੁਰਸਕਾਰ ਮਿਲਿਆ ਹੈ, ਉਨਾਂ ਵਿੱਚ ਰੂਪਨਗਰ ਅਤੇ ਭਗਤਾ ਭਾਈ ਕਾ (ਜ਼ਿਲਾ ਬਠਿੰਡਾ) ਸ਼ਾਮਲ ਹਨ। ਗਰਾਮ ਸਭਾ ਤਾਮਕੋਟ ਜ਼ਿਲਾ ਮਾਨਸਾ ਨੂੰ ਵੀ ਕੌਮੀ ਪੱਧਰ ਦਾ ਪੁਰਸਕਾਰ ਗਰਾਮ ਸਭਾ ਦੇ ਖੇਤਰ ਵਿੱਚ ਪ੍ਰਾਪਤ ਹੋਇਆ ਹੈ। ਪੰਜਾਬ ਦੀਆਂ ਜ਼ਿਲਾ ਪ੍ਰੀਸ਼ਦਾਂ ਵਿੱਚੋਂ ਸਨਮਾਨ ਹਾਸਲ ਕਰਨ ਦਾ ਮਾਣ ਜ਼ਿਲਾ ਪ੍ਰੀਸ਼ਦ ਬਠਿੰਡਾ ਨੂੰ ਹਾਸਲ ਹੋਇਆ ਹੈ। ਇਨਾਂ ਵਿੱਚ ਕਈ ਪੰਚਾਇਤਾਂ ਅਤੇ ਪੰਚਾਇਤੀ ਸੰਸਥਾਵਾਂ ਪਿਛਲੇ ਸਾਲ ਸੂਬਾ ਪੱਧਰੀ ਸਨਮਾਨ ਸਮਾਰੋਹ ਵਿੱਚ ਵੀ ਪੁਰਸਕਾਰ ਹਾਸਲ ਕਰ ਚੁੱਕੀਆਂ ਹਨ।