ਕੈਬਿਨੇਟ ਮੰਤਰੀ ਤਿ੍ਰਪਤ ਰਾਜਿੰਦਰ ਬਾਜਵਾ ਦਾ ਸੂਬੇ ਵਿਚ ਹੋ ਰਹੀਆਂ ਗੈਂਗਵਾਰ ਬਾਰੇ ਬਿਆਨ ਨਿੰਦਾਯੋਗ : ਫੂਲਕਾ

ਚੰਡੀਗਡ਼-ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਪੈਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਜਿਸ ਵਿਚ ਉਨਾਂ ਨੇ ਕਿਹਾ ਹੈ ਕਿ ਇਹ ਚੰਗਾ ਹੈ ਕਿ ਪੰਜਾਬ ਵਿਚ ਗੈਂਗਵਾਰ ਹੋ ਰਹੀਆਂ ਹਨ ਅਤੇ ਅਪਰਾਧੀ ਇਕ ਦੂਸਰੇ ਨੂੰ ਹੀ ਮਾਰ ਰਹੇ ਹਨ। ਜਿਸ ਨਾਲ ਉਹ ਆਪਣੇ ਆਪ ਹੀ ਖਤਮ ਹੋ ਜਾਣਗੇ।
ਮੀਡੀਆ ਨੂੰ ਜਾਰੀ ਬਿਆਨ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਕਿਹਾ ਕਿ ਇਹ ਬਿਆਨ ਅਤਿ ਨਿੰਦਾਯੋਗ ਹੈ ਅਤੇ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਸਰਕਾਰ ਸੂਬੇ ਵਿਚ ਅਮਨ ਸਾਂਤੀ ਦਾ ਮਾਹੌਲ ਕਾਇਮ ਕਰਨ ਵਿਚ ਅਸਫਲ ਰਹੀ ਹੈ।
ਫੂਲਕਾ ਨੇ ਕਿਹਾ ਕਿ ਮੰਤਰੀ ਨੂੰ ਆਪਣੇ ਇਸ ਬਿਆਨ ਨੂੰ ਤੁਰੰਤ ਵਾਪਿਸ ਲੈ ਕੇ ਜਨਤਕ ਤੌਰ ਤੇ ਮੁਆਫੀ ਮੰਗਣੀ ਚਾਹੀਦੀ ਹੈ। ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਆਪਣੇ ਮੰਤਰੀ ਦੇ ਇਸ ਬਿਆਨ ਬਾਰੇ ਸਪਸ਼ਟੀਕਰਨ ਦੀ ਮੰਗ ਕੀਤੀ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਗੈਂਗਵਾਰਾਂ ਕਾਰਨ ਸਦਮੇ ਵਿਚ ਹਨ ਅਤੇ ਅਜਿਹੀ ਹਾਲਤ ਵਿਚ ਸਥਿਤੀ ਨੂੰ ਸੰਭਾਲਣ ਦੀ ਥਾਂ ਸਰਕਾਰ ਦੇ ਮੰਤਰੀ ਅਜਿਹੇ ਗੈਰ ਜਿੰਮੇਦਾਰਾਨਾ ਬਿਆਨ ਦੇ ਰਹੇ ਹਨ।
ਆਪ ਆਗੂ ਨੇ ਕਿਹਾ ਕਿ ਇਹ ਜਗਜਾਹਿਰ ਹੈ ਕਿ ਸੂਬੇ ਵਿਚ ਗੈਂਗ ਰਾਜਨੀਤਿਕ ਸ਼ਹਿ ਤੋਂ ਬਿਨਾ ਕਾਰਜ ਨਹੀਂ ਕਰ ਸਕਦੇ ਅਤੇ ਰਾਜਸੀ ਨੇਤਾ  ਉਨਾਂ ਨੂੰ ਆਪਣੇ ਮੰਤਵਾਂ ਲਈ ਵਰਤਦੇ ਹਨ। ਫੂਲਕਾ ਨੇ ਕਿਹਾ ਕਿ ਇਹ ਗੈਂਗ ਪਿਛਲੇ 15 ਸਾਲਾਂ ਤੋਂ ਕੰਮ ਕਰ ਰਹੇ ਹਨ ਅਤੇ ਪਹਿਲਾਂ ਅਕਾਲੀ ਸਰਕਾਰ ਸਮੇਂ ਅਕਾਲੀ ਆਗੂਆਂ ਦੀ ਸ਼ਹਿ ‘ਤੇ ਕਾਰਜ ਕਰਦੇ ਸਨ ਅਤੇ ਹੁਣ ਸਰਕਾਰ ਬਦਲਣ ਤੋਂ ਬਾਅਦ ਕਾਂਗਰਸੀ ਇਨਾਂ ਨੂੰ ਸ਼ਹਿ ਦੇ ਰਹੇ ਹਨ।
ਫੂਲਕਾ ਨੇ ਕਿਹਾ ਕਿ ਪੰਜਾਬ ਦੇ ਪੁਲਿਸ ਮੁੱਖੀ ਨੇ ਖੁਦ ਮੀਡੀਆ ਸਾਹਮਣੇ ਕਬੂਲ ਕੀਤਾ ਹੈ ਕਿ ਪੰਜਾਬ ਵਿਚ 50 ਤੋਂ ਵੱਧ ਗੈਂਗ ਕੰਮ ਕਰ ਰਹੇ ਹਨ। ਅਜਿਹੀ ਹਾਲਤ ਵਿਚ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਪੁਲਿਸ ਨੂੰ ਉਨਾਂ ਖਿਲਾਫ ਕਾਰਵਾਈ ਕਰਨ ਲਈ ਤਾਕਤਾਂ ਦੇਵੇ।