ਹਰਜੀਤ ਸਿੰਘ ਸੱਜਣ ਨੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਅਤੇ ਭਾਰਤੀ ਜਲ ਸੈਨਾ ਦੀ ਕੀਤੀ ਸਿਫਤ

ਮੁੰਬਈ — ਭਾਰਤ ਦੌਰੇ ‘ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਸ਼ਨੀਵਾਰ ਨੂੰ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਟਵਿੱਟਰ ‘ਤੇ ਪੰਜਾਬੀ ‘ਚ ਪੋਸਟ ਕਰਦਿਆਂ ਲਿਖਿਆ ਕਿ ਉਨ੍ਹਾਂ ਦੋਹਾਂ ਨੇ ਦੋ-ਪੱਖੀ ਮੁੱਦਿਆਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਦੇਵੇਂਦਰ ਦਾ ਧੰਨਵਾਦ ਵੀ ਕੀਤਾ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਰਤੀ ਜਲ ਸੈਨਾ ਦੀ ਪੱਛਮੀ ਕਮਾਨ ਦੇ ਮੁੱਖ ਦਫਤਰ ਦਾ ਵੀ ਦੌਰਾ ਕੀਤਾ। ਉਨ੍ਹਾਂ ਜਲ ਸੈਨਾ ਦੇ ਉਪ ਮੁਖੀ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਤੇ ਕੈਨੇਡਾ ਵਿਚਕਾਰ ਰੱਖਿਆ ਅਤੇ ਸਮੁੰਦਰੀ ਸਹਿਯੋਗ ਨੂੰ ਵਧਾਉਣ ‘ਤੇ ਚਰਚਾ ਕੀਤੀ। ਰੱਖਿਆ ਮੰਤਰੀ ਨੇ ਜਲ ਸੈਨਾ ਦੇ ਸਵਦੇਸ਼ੀ ਮਿਜ਼ਾਇਲ ਨੂੰ ਨਸ਼ਟ ਕਰਨ ਵਾਲੇ ਆਈ. ਐੱਨ. ਐੱਸ. ਕੋਚੀ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਆਪਣੀਆਂ ਸਵਦੇਸ਼ੀਕਰਨ ਦੀਆਂ ਕੋਸ਼ਿਸ਼ਾਂ ‘ਚ ਭਾਰਤ ਵੱਲੋਂ ਕੀਤੇ ਵਿਕਾਸ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਭਾਰਤੀ ਜਲ ਸੈਨਾ ਨਾਲ ਉਨ੍ਹਾਂ ਨੇ ਸ਼ਾਨਦਾਰ ਸਵੇਰ ਬਤੀਤ ਕੀਤੀ ਹੈ। ਉਨ੍ਹਾਂ ਨੇ ਸੈਨਾ ਵੱਲੋਂ ਕੀਤੇ ਗਏ ਨਿੱਘੇ ਸਵਾਗਤ ਦਾ ਧੰਨਵਾਦ ਕੀਤਾ।