ਦਿੱਲੀ ਨਗਰ ਨਿਗਮ ਚੋਣਾਂ ‘ਚ ਸ਼ੀਲਾ ਦਿਕਸ਼ਿਤ ਅਤੇ ਕੇਜਰੀਵਾਲ ਨੇ ਪਰਿਵਾਰ ਸਮੇਤ ਲਾਈਨ ‘ਚ ਲੱਗ ਕੇ ਪਾਈ ਵੋਟ

ਨਵੀਂ ਦਿੱਲੀ — ਦਿੱਲੀ ‘ਚ ਅੱਜ ਤਿੰਨੋਂ ‘ਐਮ.ਸੀ.ਡੀ.’ ਦੇ ਲਈ ਚੋਣਾਂ ਸ਼ੁਰੂ ਹੋ ਗਈਆਂ ਹਨ। ਚੋਣਾਂ ਨੂੰ ਲੈ ਕੇ ਮਤਦਾਤਾ ਬਹੁਤ ਉਤਸ਼ਾਹਿਤ ਦਿਖੇ। ਇਹ ਹੀ ਵਜ੍ਹਾ ਹੈ ਕਿ ਸਵੇਰ ਤੋਂ ਹੀ ਮਤਦਾਤਾ ਦੀਆਂ ਲੰਬੀਆਂ ਲਾਇਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। 270 ਸੀਟਾਂ ‘ਤੇ 8 ਵਜੇ ਵੋਟਿੰਗ ਸ਼ੁਰੂ ਹੋ ਗਈ ਜੋ ਕਿ ਸ਼ਾਮ 5.30 ਵਜੇ ਤੱਕ ਚਲੇਗੀ। ਸਟੇਟ ਚੋਣ ਕਮਿਸ਼ਨਰ ਐਸ.ਕੇ. ਸ੍ਰੀਵਾਸਤਵ ਦਾ ਕਹਿਣਾ ਹੈ ਕਿ ਜਿਸ ਈ.ਵੀ.ਐਮ. ਮਸ਼ੀਨਾਂ ਨੂੰ ਉਮੀਦਵਾਰਾਂ ਦੇ ਸਾਹਮਣੇ ਜਾਚਿਆ ਗਿਆ ਹੈ ਜਿਸ ਕਾਰਨ ਗੜਬੜੀ ਦੀ ਕੋਈ ਗੁੰਜਾਇਸ਼ ਨਹੀਂ ਹੈ।
– ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਗ੍ਰੇਟਰ ਕੈਲਾਸ਼-3 ‘ਚ ਆਪਣੀ ਪਤਨੀ ਨਾਲ ਪਾਈ ਵੋਟ।
– ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲਾਈਨ ‘ਚ ਲੱਗ ਕੇ ਪਾਈ ਵੋਟ।
– ਕਾਂਗਰਸ ਛੱਡ ਬੀਜੇਪੀ ‘ਚ ਸ਼ਾਮਲ ਹੋਏ ਅਰਵਿੰਦਰ ਸਿੰਘ ਲਵਲੀ ਵੋਟ ਪਾਉਣ ਲਈ ਪੁੱਜੇ।
– ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਸਤੀਸ਼ ਉਪਾਧਿਆਏ ਨੇ ਪਾਈ ਵੋਟ
– ਅਰਵਿੰਦ ਕੇਜਰੀਵਾਲ ਨੇ ਪਰਿਵਾਰ ਸਮੇਤ ਪਾਈ ਵੋਟ।
– ਡੀ.ਏ.ਵੀ ਸਕੂਲ ‘ਚ ਸ਼ੀਲਾ ਦਿਕਸ਼ਿਤ ਨੇ ਪਾਈ ਵੋਟ।
– ਕਾਂਗਰਸ ਦੇ ਅਜੈ ਮਕਾਨ ਨੇ ਰਾਜੌਰੀ ਗਾਰਡਨ ਤੋਂ ਪਾਈ ਵੋਟ।
ਇਨ੍ਹਾਂ ਚੋਣਾਂ ‘ਚ ਭਾਜਪਾ, ਕਾਂਗਰਸ ਅਤੇ ਆਮ ਪਾਰਟੀ ਸਮੇਤ ਦਰਜਨਾਂ ਭਰ ਸਿਆਸੀ ਦਲ ਚੋਣਾਂ ਲੜ ਰਹੇ ਹਨ। ਚੋਣ ਕਮਿਸ਼ਨ ਦੇ ਮੁਤਾਬਕ ਇਸ ਵਾਰ ਚੋਣਾਂ ‘ਚ ਕੁਲ 2537 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ‘ਚ ਸਭ ਤੋਂ ਜ਼ਿਆਦਾ 1004 ਉਮੀਦਵਾਰ ਉੱਤਰੀ ਦਿੱਲੀ ਨਗਰ ਨਿਗਮ ਤੋਂ ਹਨ। ਇਸ ਤੋਂ ਬਾਅਦ ਦੱਖਣੀ ਦਿੱਲੀ ਨਗਰ ਨਿਗਮ ‘ਚ 985 ਅਤੇ ਉੱਤਰੀ ਦਿੱਲੀ ‘ਚ 548 ਉਮੀਦਵਾਰ ਮੈਦਾਨ ‘ਚ ਹਨ।
ਸਟੇਟ ਚੋਣ ਕਮਿਸ਼ਨਰ ਐਸ.ਕੇ. ਸ੍ਰੀਵਾਸਤਵ ਅਨੁਸਾਰ 68 ਵਿਧਾਨਸਭਾਵਾਂ ‘ਚ 68 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਪਹਿਲੀ ਵਾਰ ਵੋਟ ਪਾਉਣ ਵਾਲੇ ਮਤਦਾਤਾ ਲਈ ਖਾਸ ਵਿਵਸਥਾ ਕੀਤੀ ਗਈ ਹੈ। ਨਵੇਂ ਨੌਜਵਾਨ ਵੋਟਰਾਂ ਨੂੰ ਉਤਸਾਹਿਤ ਕਰਨ ਲਈ ਗੁਲਾਬ ਦਾ ਫੁੱਲ ਅਤੇ ਚੌਕਲੇਟ ਵਰਗੇ ਤੋਹਫਿਆਂ ਦਾ ਇਤਜ਼ਾਮ ਕੀਤਾ ਗਿਆ ਹੈ। 18 ਸਾਲ ਦੇ ਮਤਦਾਤਾਵਾਂ ਦੀ ਸੰਖਿਆ ਕਰੀਬ 25 ਹਜ਼ਾਰ ਹੈ। ਜ਼ਿਕਰਯੋਗ ਹੈ ਕਿ ਸਾਲ 2012 ਦੀਆਂ ਚੋਣਾਂ ‘ਚ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਕਾਰ ਸੀ ਅਤੇ ਭਾਜਪਾ ਨੂੰ ਭਾਰੀ ਬਹੁਮਤ ਮਿਲਿਆ ਸੀ।
272 ਸੀਟਾਂ ਚੋਂ ਭਾਜਪਾ ਨੂੰ 138 ਸੀਟਾਂ ਅਤੇ ਕਾਂਗਰਸ ਨੂੰ 77 ਸੀਟਾਂ ਹਾਸਲ ਹੋਈਆਂ ਸਨ। ਬਹੁਜਨ ਸਮਾਜ ਪਾਰਟੀ ਨੇ 15 ਸੀਟਾਂ ਜਿੱਤੀਆਂ ਸਨ। ਇਸ ਵਾਰ ਚੋਣਾਂ ਆਮ ਆਦਮੀ ਪਾਰਟੀ ਅਤੇ ਸਵਰਾਜ ਪਾਰਟੀ ਦੇ ਆ ਜਾਣ ਦੇ ਬਾਅਦ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ। ਧਿਆਨਯੋਗ ਹੈ ਕਿ ਦੋਵੇਂ ਪਾਰਟੀਆਂ ਪਹਿਲੀ ਵਾਰ ਚੋਣਾਂ ਲੜ ਰਹੀਆਂ ਹਨ।