ਜਥੇਦਾਰਾਂ ਬਾਰੇ ਸ਼੍ਰੋਮਣੀ ਕਮੇਟੀ ਦੀ ਖਾਮੋਸ਼ੀ ਗਲਤ ਤੇ ਸੌੜੀ ਸੋਚ ਦਾ ਮੁਜ਼ਾਹਰਾ : ਦਲ ਖਾਲਸਾ

ਜਲੰਧਰ  -ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਵਲੋਂ ਗਿਆਨੀ ਗੁਰਮੁੱਖ ਸਿੰਘ ਨੂੰ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਫਾਰਗ ਕਰਨ ਦੇ ਫੈਸਲੇ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਸਮੇਤ ਬਾਕੀ ਦੋ ਜਥੇਦਾਰਾਂ ਬਾਰੇ ਕਮੇਟੀ ਦੀ ਖਾਮੋਸ਼ੀ ਗਲਤ ਅਤੇ ਸੌੜੀ ਸੋਚ ਦਾ ਮੁਜ਼ਾਹਰਾ ਹੈ। ਜਥੇਬੰਦੀ ਨੇ ਸ਼੍ਰੋਮਣੀ ਕਮੇਟੀ ਵਲੋਂ ਪੰਥਕ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਿਨਾਂ ਅਗਲਾ ਕਾਰਜਕਾਰੀ ਜਥੇਦਾਰ ਗ੍ਰੰਥੀ ਸ਼੍ਰੇਣੀ ਵਿਚੋਂ ਨਿਯੁਕਤ ਕਰਨ ਦੇ ਫੈਸਲੇ ਨੂੰ ਦੂਜੀ ਵੱਡੀ ਗਲਤੀ ਦੱਸਿਆ ਹੈ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਤਕ ਸ਼੍ਰੋਮਣੀ ਕਮੇਟੀ ਮੌਜੂਦਾ ਸਾਰੇ ਜਥੇਦਾਰਾਂ ਨੂੰ ਬਰਖਾਸਤ ਕਰ ਕੇ ਜਥੇਦਾਰਾਂ ਦੀ ਨਿਯੁਕਤੀ, ਕਾਰਜਪ੍ਰਣਾਲੀ ਅਤੇ ਸੇਵਾਮੁਕਤੀ ਲਈ ਕੋਈ ਸੇਵਾ-ਨਿਯਮ ਨਹੀਂ ਬਣਾਉਂਦੀ ਉਸ ਸਮੇਂ ਤਕ ਸਿੱਖ ਧਰਮ ਦੀ ਇਸ ਸਰਬਉੱਚ ਸੰਸਥਾ ਦੀ ਪਹਿਲਾਂ ਵਾਲੀ ਸ਼ਾਨ ਤੇ ਮਰਯਾਦਾ ਬਹਾਲ ਨਹੀਂ ਹੋਵੇਗੀ ਅਤੇ ਨਾ ਹੀ ਮੌਜੂਦਾ ਪੰਥਕ ਸੰਕਟ ਖਤਮ ਹੋਵੇਗਾ। ਉਨ੍ਹਾਂ ਮੌਜੂਦਾ ਸਮੇਂ ਚਲ ਰਹੇ ਜਥੇਦਾਰਾਂ ਦੇ ਦੋ- ਬਰਾਬਰ ਧੜਿਆਂ ਨਾਲ ਇਸ ਸੰਸਥਾ ਤੇ ਪਦਵੀ ਨੂੰ ਲੱਗ ਰਹੀ ਢਾਹ ਉਤੇ ਚਿੰਤਾ ਪ੍ਰਗਟ ਕਰਦਿਆਂ ਸਾਫ ਕੀਤਾ ਕਿ ਉਹ ਸ਼੍ਰੋਮਣੀ ਕਮੇਟੀ ਅਤੇ ਸਰਬੱਤ ਖਾਲਸਾ ਦੇ ਨਾਂ ਹੇਠ ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ ਚੁਣੇ ਗਏ ‘ਜਥੇਦਾਰਾਂ’ ਵਿਚੋਂ ਕਿਸੇ ਨੂੰ ਵੀ ‘ਜਥੇਦਾਰ’ ਨਹੀਂ ਮੰਨਦੇ।
ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਸਾਡੇ ਲਈ ਇਹ ਅਹੁਦੇ ਖਾਲੀ ਪਏ ਹਨ ਅਤੇ ਉਸ ਸਮੇਂ ਤਕ ਖਾਲੀ ਰਹਿਣਗੇ ਜਦੋਂ ਤਕ ਸ਼੍ਰੋਮਣੀ ਕਮੇਟੀ ਖਾਲਸਾ ਪੰਥ ਦੀਆਂ ਸਥਾਪਿਤ ਧਿਰਾਂ ਦੇ ਸਲਾਹ-ਮਸ਼ਵਰੇ ਨਾਲ ਨਿਯਮਾਂ ਅਨੁਸਾਰ ਕਾਬਲੀਅਤ ਦੇ ਆਧਾਰ ‘ਤੇ ਜਥੇਦਾਰ ਨਹੀਂ ਚੁਣਦੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਬਹੁਗਿਣਤੀ ਮੌਜੂਦਾ ਸਥਿਤੀ ਵਿਚ ਨਿਰਾਸ਼ ਹੈ ਅਤੇ ਉਲਝਣ ਵਿਚ ਫਸੀ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਮੁੱਖ ਸਿੰਘ ਦੀ ਬਰਖਾਸਤਗੀ ਦਾ ਕਾਰਨ ਉਨ੍ਹਾਂ ਵਲੋਂ ਡੇਰਾ ਸਿਰਸਾ ਮੁਖੀ ਮੁਆਫੀ ਮਾਮਲੇ ਵਿਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਦਾ ਖੁਲਾਸਾ ਕਰ ਕੇ ਅਤੇ ਸਿਰਫ ਉਸ ਤਲਖ ਸੱਚਾਈ ਉਤੇ ਮੋਹਰ ਲਾਈ ਹੈ।
ਸ਼੍ਰੋਮਣੀ ਕਮੇਟੀ ਦੀ ਈਮਾਨਦਾਰੀ ਅਤੇ ਨਿਰਪੱਖਤਾ ਉਤੇ ਸਵਾਲ ਚੁੱਕਦਿਆਂ ਭਾਈ ਚੀਮਾ ਨੇ ਕਿਹਾ ਕਿ ਇਸ ਮਸਲੇ ‘ਤੇ ਸ਼੍ਰੋਮਣੀ ਕਮੇਟੀ ਨੇ ਚੁੱਪ ਧਾਰੀ ਹੋਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਰਫ ਅਹੁਦੇ ‘ਤੇ ਬਣੇ ਰਹਿਣ ਖਾਤਿਰ ਰਾਜਨੀਤਕ ਆਗੂਆਂ ਦੇ ਹੁਕਮਾਂ ‘ਤੇ ਕੰਮ ਕਰਨ ਵਾਲੇ ਤਿੰਨੋ ਜਥੇਦਾਰ ਹੀ ਦੋਸ਼ੀ ਹਨ।
ਪਾਰਟੀ ਆਗੂ ਹਰਚਰਨਜੀਤ ਸਿੰਘ ਧਾਮੀ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਿਧਾਂਤਕ ਤੌਰ ‘ਤੇ ਗ੍ਰੰਥੀ ਸ਼੍ਰੇਣੀ ਵਿਚੋਂ ਜਥੇਦਾਰ ਚੁਣਨ ਦੇ ਸਖਤ ਖਿਲਾਫ ਹੈ। ਸ਼੍ਰੋਮਣੀ ਕਮੇਟੀ ਵਲੋਂ ਬੀਤੇ ਸਮੇਂ ਤੋਂ ਅਪਣਾਈ ਗਈ ਇਸ ਪਿਰਤ ਨੇ ਇਸ ਸਤਿਕਾਰਤ ਅਹੁਦੇ ਨੂੰ ਭਾਰੀ ਢਾਹ ਲਾਈ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਬੀਤੇ ਤੋਂ ਸਬਕ ਲੈਣ ਅਤੇ ਕੁਝ ਸਾਰਥਕ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਰਾਜਨੀਤਿਕ ਮਜਬੂਰੀਆਂ ਵੱਸ ਤਖਤਾਂ ਦੇ ਜਥੇਦਾਰਾਂ ਦੇ ਅਹੁਦੇ ਨੂੰ ਨਿਯਮਬੱਧ ਕਰਨ ਤੋਂ ਭੱਜਦੀ ਰਹੀ ਹੈ।