ਲੋਕਾਂ ਦੇ ਮੁੱਦਿਆਂ ਨੂੰ ਜਾਨਣ ਲਈ ਆਮ ਆਦਮੀ ਪਾਰਟੀ ਸ਼ੁਰੂ ਕਰੇਗੀ ‘ਪੰਜਾਬ ਯਾਤਰਾ’

ਚੰਡੀਗਡ਼  – ਆਮ ਆਦਮੀ ਪਾਰਟੀ ਸੂਬੇ ਭਰ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਨਾਂ ਦੇ ਮੁੱਦੇ ਵਿਧਾਨ ਸਭਾ ਵਿਚ ਉਠਾਉਣ ਦੇ ਮੰਤਵ ਨਾਲ ‘ਪੰਜਾਬ ਯਾਤਰਾ’ ਸ਼ੁਰੂ ਕਰਨ ਜਾ ਰਹੀ ਹੈ। ਸਨਿਵਾਰ ਨੂੰ ਚੰਡੀਗਡ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ, ਅਮਨ ਅਰੋਡ਼ਾ, ਪਿਰਮਲ ਸਿੰਘ ਧੌਲਾ, ਕੁਲਵੰਤ ਸਿੰਘ ਪੰਡੌਰੀ, ਜਗਤਾਰ ਸਿੰਘ ਹਿਸੋਵਾਲ ਅਤੇ ਅਮਰਜੀਤ ਸਿੰਘ ਸੰਧੋਆ ਨੇ ਕਿਹਾ ਕਿ ਯਾਤਰਾ ਦਾ ਮੰਤਵ ਹਰ ਵਰਗ ਦੇ ਲੋਕਾਂ ਨੂੰ ਮਿਲ ਕੇ ਉਨਾਂ ਦੀਆਂ ਮੁਸ਼ਕਿਲਾਂ ਨੂੰ ਜਾਣਨਾ ਹੈ।
ਫੂਲਕਾ ਨੇ ਕਿਹਾ ਕਿ ਇਹ ਯਾਤਰਾ 1 ਮਈ ਨੂੰ ਅਮਿ੍ਰਤਸਰ ਤੋਂ ਸ਼ੁਰੂ ਹੋ ਕੇ ਸੂਬੇ ਭਰ ਵਿਚ ਚਲੇਗੀ। ਇਸ ਦੌਰਾਨ ਲੋਕਾਂ ਤੋਂ ਉਨਾਂ ਦੀਆਂ ਮੁਸ਼ਕਿਲਾਂ ਜਾਣ ਕੇ ਉਨਾਂ ਨੂੰ ਪ੍ਰਸ਼ਨਾਂ ਦੇ ਰੂਪ ਵਿਚ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾਵੇਗਾ। ਅਜਿਹੀ ਯਾਤਰਾ ਹਰ ਵਿਧਾਨ ਸਭਾ ਸ਼ੈਸਨ ਤੋਂ ਪਹਿਲਾਂ ਕੀਤੀ ਜਾਵੇਗੀ।
ਆਪ ਆਗੂ ਭਗਵੰਤ ਸਿੰਘ ਢਿੱਲੋਂ, ਅਮਿ੍ਰਤਪਾਲ ਸਿੰਘ, ਡਾ. ਬਲਵੀਰ ਸਿੰਘ ਅਤੇ ਅਸ਼ੋਕ ਤਲਵਾਰ ਯਾਤਰਾ ਦੀ ਜਿੰਮੇਵਾਰੀ ਸੰਭਾਲਣਗੇ। ਲੋਕਾਂ ਨੂੰ ਮਿਲਕੇ ਉਨਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਇਲਾਵਾ ਸੂਬੇ ਦੇ ਲੋਕ ਫੋਨ ਨੰਬਰ 0172-2740561 ‘ਤੇ ਫੋਨ ਕਰਕੇ ਵੀ ਆਪਣੀਆਂ ਮੁਸ਼ਕਿਲਾਂ ਦੱਸ ਸਕਦੇ ਹਨ।
‘‘ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਹੋਣ ਦੇ ਨਾਤੇ ਲੋਕਾਂ ਦੀਆਂ ਸਮੱਸਿਆਵਾਂ ਚੁਕਣੀਆਂ ਮੇਰੀ ਜਿੰਮੇਵਾਰੀ ਹੈ ਅਤੇ ਯਾਤਰਾ ਦੌਰਾਨ ਅਜਿਹਾ ਕੀਤਾ ਜਾਵੇਗਾ। ਯਾਤਰਾ ਦਾ ਮੁੱਖ ਮੰਤਵ ਅਜਿਹੇ ਲੋਕਾਂ ਨੂੰ ਮਿਲਣਾ ਹੈ ਜਿੰਨਾਂ ਦੀ ਪਹੁੰਚ ਆਪਣੇ ਨੁਮਾਇੰਦਿਆਂ ਤੱਕ ਨਹੀਂ ਹੈ’’ ਫੂਲਕਾ ਨੇ ਕਿਹਾ।
ਫੂਲਕਾ ਨੇ ਵਿਧਾਨ ਸਭਾ ਦਾ ਸ਼ੈਸਨ ਛੋਟਾ ਹੋਣ ਦਾ ਮੁੱਦਾ ਉਠਾਉਦਿਆਂ ਕਿਹਾ ਕਿ ਵਿਧਾਨ ਸਭਾ ਦੀ ਕਾਰਜ ਡਾਇਰੀ ਵਿਚ ਸਪਸ਼ਟ ਤਰੀਕੇ ਨਾਲ ਲਿਖਿਆ ਗਿਆ ਹੈ ਕਿ ਵਿਧਾਨ ਸਭਾ ਦਾ ਸ਼ੈਸਨ 1 ਸਾਲ ਵਿਚ 40 ਦਿਨ ਤੋਂ ਘੱਟ ਨਹੀਂ ਹੋ ਸਕਦਾ, ਪੰਰਤੂ ਪਿਛਲੇ ਕੁਝ ਸਾਲਾਂ ਦੌਰਾਨ ਇਹ 15 ਤੋਂ 20 ਦਿਨ ਹੀ ਚੱਲਿਆ ਹੈ। ਆਮ ਆਦਮੀ ਪਾਰਟੀ ਸਰਕਾਰ ਨੂੰ ਸ਼ੈਸਨ 40 ਦਿਨ ਚਲਾਉਣ ਲਈ ਦਬਾਅ ਪਾਵੇਗੀ।