ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਫਿਰ ਦੱਸਿਆ ਆਪਣਾ ਹਿੱਸਾ, 6 ਥਾਵਾਂ ਦੇ ਬਦਲੇ ਨਾਂ

ਨਵੀਂ ਦਿੱਲੀ/ਬੀਜਿੰਗ— ਦਲਾਈ ਲਾਮਾ ਦੇ ਅਰੁਣਾਚਲ ਪ੍ਰਦੇਸ਼ ਦੇ ਦੌਰੇ ਤੋਂ ਨਾਰਾਜ਼ ਚੀਨ ਨੇ ਹੁਣ ਇਕ ਕਦਮ ਅੱਗੇ ਵਧਾਉਂਦੇ ਹੋਏ ਪ੍ਰਦੇਸ਼ ਦੇ ਤਕਰੀਬਨ 6 ਥਾਵਾਂ ਦਾ ਨਾਂ ਬਦਲ ਦਿੱਤਾ ਹੈ। ਚੀਨ ਦੇ ਸਿਵਲ ਅਫੇਅਰਸ ਮੰਤਰਾਲੇ ਨੇ ਪ੍ਰਦੇਸ਼ ਦੀਆਂ 6 ਥਾਵਾਂ ਦੇ ਨਾਂ ਬਦਲੇ ਜਾਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਤਿੱਬਤ, ਰੋਮਨ ਅਤੇ ਚੀਨ ਕੈਰੇਕਟਰ ਸ਼ੁਰੂ ਕੀਤਾ ਗਿਆ ਹੈ। ਗਲੋਬਲ ਟਾਈਮਜ਼ ਮੁਤਾਬਕ ਇਨ੍ਹਾਂ ਥਾਵਾਂ ਦੇ ਨਾਂ ਵੋਗੇਂਲਿੰਗ, ਮਿਲਾ ਰੀ, ਕਿਊਏਡਨਗਾਰਬੋ ਰੀ, ਮੇਂਕੁਆ, ਬਿਊਮਾਲਾ ਅਤੇ ਨਮਕਾਪਬਰੀ ਹੈ।
ਚੀਨ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੱਖਣੀ ਤਿੱਬਤ ਦਾ ਹਿੱਸਾ ਹੈ। ਚੀਨ ਮੁਤਾਬਕ ਇਸ ਖੇਤਰ ਦਾ ਤਿੱਬਤ ਸੱਤਾਧਾਰੀ ਖੇਤਰ (ਟੀ. ਏ. ਆਰ) ਦੇ ਨਾਲ ਬੌਧਿਕ ਸਬੰਧ ਹਨ। ਅਧਿਕਾਰਤ ਚੀਨੀ ਮੈਪ ‘ਚ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦੇ ਹਿੱਸੇ ਦੇ ਰੂਪ ‘ਚ ਦਿਖਾਇਆ ਗਿਆ ਹੈ। ਚੀਨ ਦੀ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਭਾਰਤ ਨੂੰ ਖੇਤਰ ਦੀ ਪ੍ਰਭੂਸੱਤਾ ਦਿਖਾਉਣ ਲਈ ਨਾਂ ਬਦਲਿਆ ਗਿਆ ਹੈ। ਮੀਡੀਆ ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ਨੇ ਦੱਖਣੀ ਤਿੱਬਤ ਦੇ 6 ਖੇਤਰਾਂ ਦੇ ਨਾਂ ਦਾ ਮਿਆਰੀਕਰਨ ਕੀਤਾ ਹੈ, ਜੋ ਚੀਨੀ ਖੇਤਰ ਦਾ ਹਿੱਸਾ ਹੈ ਪਰ ਇਸ ‘ਚੋਂ ਕੁਝ ਖੇਤਰਾਂ ਦਾ ਕੰਟਰੋਲ ਭਾਰਤ ਵਲੋਂ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਚੀਨ ਸ਼ੁਰੂ ਤੋਂ ਹੀ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦੱਸ ਕੇ ਇਸ ‘ਤੇ ਆਪਣਾ ਹੱਕ ਜਮਾਉਂਦਾ ਰਿਹਾ ਹੈ। ਭਾਰਤ ਅਤੇ ਚੀਨ ਵਿਚਾਲੇ ਕਾਫੀ ਸਮੇਂ ਤੋਂ ਤਕਰੀਬਨ 3488 ਕਿਮੀ ਦੇ ਖੇਤਰ ‘ਤੇ ਵਿਵਾਦ ਬਣਿਆ ਹੋਇਆ ਹੈ। ਇਹ ਖੇਤਰ ਲਾਈਨ ਆਫ ਐਕਚੁਅਲ ਕੰਟਰੋਲ (ਐਲ.ਏ.ਸੀ.) ਨਾਲ ਲੱਗਦਾ ਹੈ।