ਨਵੀਂ ਦਿੱਲੀ—ਭਾਜਪਾ ਨੇਤਾ ਅਤੇ ਕੇਂਦਰ ਸਰਕਾਰ ‘ਚ ਮੰਤਰੀ ਉਮਾ ਭਾਰਤੀ ਨੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਾਡੇ ਖਿਲਾਫ ਕੋਈ ਵੀ ਸਾਜਿਸ਼ ਨਹੀਂ ਹੈ, ਸਭ ਖੁਲਮ-ਖੁੱਲਾ ਹੋਇਆ ਹੈ। ਅਯੋਧਿਆ, ਗੰਗਾ ਅਤੇ ਤਿਰੰਗੇ ਦੇ ਲਈ ਮੈਂ ਫਾਂਸੀ ਦੀ ਸਜ਼ਾ ਭੁਗਤਨ ਨੂੰ ਵੀ ਤਿਆਰ ਹਾਂ। ਅੱਜ ਹੀ ਰਾਤ ਨੂੰ ਅਯੋਧਿਆ ਜਾ ਰਹੀ ਹਾਂ। ਰਾਮਲਲਾ ਦੇ ਦਰਸ਼ਨ ਕਰਾਂਗੀ। ਉਨ੍ਹਾਂ ਨੇ ਕਿਹਾ ਕਿ ਰਾਮ ਮੰਦਰ ਅੰਦੋਲਨ ਨਾਲ ਭਾਜਪਾ ਇੱਥੇ ਤੱਕ ਪਹੁੰਚੀ ਹੈ। ਕਾਂਗਰਸ ਦੇ ਲੋਕ ਜਿਹੜਾ ਅਸਤੀਫਾ ਮੰਗ ਰਹੇ ਹਨ ਉਹ ਪਹਿਲੇ ਸਾਲ 1984 ਦੇ ਬਾਰੇ ‘ਚ ਜਵਾਬ ਦੇਣ। ਫੈਸਲਾ ਆਇਆ ਤਾਂ ਕੈਬਿਨੇਟ ਦੀ ਬੈਠਕ ਖਤਮ ਹੋ ਗਈ ਸੀ, ਇਸ ਲਈ ਪ੍ਰਧਾਨ ਮੰਤਰੀ ਸਾਹਿਬ ਨਾਲ ਕੋਈ ਗੱਲ ਨਹੀਂ ਹੋਈ। ਰਾਮ ਮੰਦਰ ਬਣਨ ਦਾ ਸਮਾਂ ਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਅਹੁਦੇ ਨਾਲ ਚਿਪਕਨ ਵਾਲੇ ਲੋਕਾਂ ‘ਚ ਨਹੀਂ ਹਾਂ। ਸੁਪਰੀਮ ਕੋਰਟ ਤੋਂ ਬਾਬਰੀ ਮਸਜਿਦ ਢਾਹੇ ਜਾਣ ਵਾਲੇ ਮਾਮਲੇ ‘ਚ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਨੂੰ ਵੱਡਾ ਝਟਕਾ ਲੱਗਾ ਹੈ। ਸਿਖਰ ਅਦਾਲਤ ਨੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਸਮੇਤ ਅਣਜਾਣ ਕਾਰ ਸੇਵਕਾਂ ਦੇ ਖਿਲਾਫ ਅਪਰਾਧਿਕ ਸਾਜਿਸ਼ ਦਾ ਮੁਕੱਦਮਾ ਚਲਾਉਣ ਦਾ ਆਦੇਸ਼ ਦਿੱਤਾ। ਹਾਲਾਂਕਿ ਰਾਜਸਥਾਨ ਦੇ ਰਾਜਪਾਲ ਹੋਣ ਦੇ ਕਾਰਨ ਕਲਿਆਣ ਸਿੰਘ ਨੂੰ ਸੰਵਿਧਾਨਕ ਖੁੱਲ੍ਹ ਪ੍ਰਾਪਤ ਹੈ ਅਤੇ ਉਨ੍ਹਾਂ ਦੇ ਦਫਤਰ ਛੱਡਣ ਦੇ ਬਾਅਦ ਹੀ ਉਨ੍ਹਾਂ ਦੇ ਖਿਲਾਫ ਮਾਮਲਾ ਚਲਾਇਆ ਜਾ ਸਕਦਾ ਹੈ।