ਚੰਡੀਗੜ੍ਹ-ਵਿਦਿਆਰਥੀਆਂ ਦੇ ਸਮੇਂ ਅਤੇ ਪੈਸੇ ਨੂੰ ਬਚਾਉਣ ਦੇ ਮਕਸਦ ਅਤੇ ਵਾਤਾਵਰਣ ਪੱਖੀ ਅਹਿਮ ਫੈਸਲਾ ਲੈਂਦਿਆਂ ਸਿੱਖਿਆ ਵਿਭਾਗ ਨੇ ਸੂਬੇ ਦੇ ਸਮੂਹ ਸਕੂਲਾਂ ਵਿੱਚ ‘ਬੁੱਕ ਬੈਂਕ’ ਬਣਾਉਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਵਿਦਿਆਰਥੀਆਂ ਤੋਂ ਉਨ੍ਹਾਂ ਦੀਆਂ ਪੁਰਾਣੀਆਂ ਪੁਸਤਕਾਂ ਜਮ੍ਹਾਂ ਕਰਵਾ ਕੇ ਦੂਜੇ ਵਿਦਿਆਰਥੀਆਂ ਨੂੰ ਮੁਫਤ ਦਿੱਤਾ ਜਾਵੇਗਾ। ਇਹ ਖੁਲਾਸਾ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਇਸ ਸਬੰਧੀ ਵਿਭਾਗ ਵੱਲੋਂ ਸਮੂਹ ਸਕੂਲਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਹਰ ਸਾਲ ਵਿਦਿਆਰਥੀਆਂ ਨੂੰ ਨਵੀਆਂ ਪੁਸਤਕਾਂ ਖਰੀਦਣੀਆਂ ਪੈਂਦੀਆਂ ਹਨ ਜਿਸ ਲਈ ਨਵੀਆਂ ਪੁਸਤਕਾਂ ਨੂੰ ਪ੍ਰਕਾਸ਼ਿਤ ਕਰਨ ਲਈ ਵੱਡੀ ਗਿਣਤੀ ਵਿੱਚ ਜਿੱਥੇ ਕਾਗਜ਼ ਦੀ ਵਰਤੋਂ ਹੁੰਦੀ ਹੈ ਉਥੇ ਕਿਤਾਬਾਂ ਦੀ ਪ੍ਰਕਾਸ਼ਨਾਂ ਵਿੱਚ ਸਮਾਂ ਲੱਗਦਾ ਹੋਣ ਕਰਕੇ ਵਿਦਿਆਰਥੀਆਂ ਦਾ ਅਕਾਦਿਮਕ ਸਮਾਂ ਖਰਾਬ ਹੁੰਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਹਰ ਸਾਲ ਨਵੀਆਂ ਕਿਤਾਬਾਂ ਖਰੀਦਣ ਲਈ ਪੈਸਾ ਖਰਚਣਾ ਪੈਂਦਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਸਭ ਨੂੰ ਦੇਖਦਿਆਂ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ‘ਬੁੱਕ ਬੈਂਕ’ ਸਥਾਪਤ ਕਰਨ ਦੀ ਨਿਵੇਕਲੀ ਪਹਿਲ ਸ਼ੁਰੂ ਕੀਤੀ ਹੈ।
ਸਿੱਖਿਆ ਮੰਤਰੀ ਸ੍ਰੀਮਤੀ ਚੌਧਰੀ ਨੇ ਕਿਹਾ ਕਿ ‘ਬੁੱਕ ਬੈਂਕ’ ਦੀ ਸਥਾਪਨਾ ਸਵੈ-ਇੱਛਾ ਨਾਲ ਕੀਤੀ ਜਾ ਰਹੀ ਹੈ, ਇਸ ਲਈ ਕੋਈ ਕਿਸੇ ਵਿਦਿਆਰਥੀ ਨੂੰ ਬੰਦਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ‘ਬੁੱਕ ਬੈਂਕ’ ਵਿੱਚ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਪ੍ਰੋਤਸਾਹਤ ਕਰਨ ਲਈ ਕੋਈ ਪ੍ਰੋਤਸਾਹਨ ਜ਼ਰੂਰ ਦਿੱਤਾ ਜਾ ਸਕਦਾ ਹੈ ਜਿਸ ਬਾਰੇ ਵਿਚਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਬੁੱਕ ਬੈਂਕ’ ਦੀਆਂ ਪੁਸਤਕਾਂ ਸਬੰਧਤ ਸਕੂਲ ਦੇ ਵਿਦਿਆਰਥੀ ਮੁਫਤ ਹਾਸਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਇਸ ਫੈਸਲੇ ਉਪਰੰਤ ਕਈ ਗੈਰ ਸਰਕਾਰੀ ਸੰਗਠਨ ਜਿਹੜੇ ਆਪਣੇ ਪੱਧਰ ‘ਤੇ ‘ਬੁੱਕ ਬੈਂਕ’ ਚਲਾ ਰਹੇ ਸਨ, ਨੇ ਵੀ ਸਹਿਯੋਗ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਇਸ ਪਹਿਲ ਨਾਲ ਵਾਤਾਵਰਣ ਬਚਾਉਣ ਵਿੱਚ ਵੀ ਅਹਿਮ ਯੋਗਦਾਨ ਰਹੇਗਾ ਕਿਉਂਕਿ ਹਰ ਸਾਲ ਨਵੀਆਂ ਪੁਸਤਕਾਂ ਦੀ ਪ੍ਰਕਾਸ਼ਨਾਂ ਲਈ ਵਰਤੇ ਜਾਂਦੇ ਕਾਗਜ਼ ਦੀ ਵਰਤੋਂ ਘੱਟ ਜਾਵੇਗੀ।