ਭੁਵਨੇਸ਼ਵਰ : ਆਜ਼ਾਦੀ ਘੁਲਾਟੀਏ ਦੇ ਪਰਿਵਾਰਾਂ ਨੂੰ ਮਿਲੇ ਨਰਿੰਦਰ ਮੋਦੀ, ਲਿੰਗਰਾਜ ਮੰਦਰ ‘ਚ ਕੀਤੀ ਸ਼ਿਵ ਦੀ ਪੂਜਾ

ਭੁਵਨੇਸ਼ਵਰ— ਭੁਵਨੇਸ਼ਵਰ ‘ਚ ਆਯੋਜਿਤ ਭਾਜਪਾ ਦੀ ਦੋ ਦਿਨਾਂ ਦੀ ਕਾਰਜਕਾਰਨੀ ਬੈਠਕ ਅੱਜ (ਐਤਵਾਰ) ਖਤਮ ਹੋਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਜਕਾਰਨੀ ਨੂੰ ਸੰਬੋਧਿਤ ਕਰਨਗੇ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਭਵਨ ‘ਚ ਆਜ਼ਾਦੀ ਘੁਲਾਟੀਏ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨੇ ਲਿੰਗਰਾਦ ਮੰਦਰ ਦੇ ਦਰਸ਼ਨ ਕੀਤੇ ਅਤੇ ਉੱਥੇ ਪੂਜਾ-ਪਾਠ ਵੀ ਕੀਤਾ। ਮੋਦੀ ਨੇ ਇੱਥੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਰੁੱਧ ਵਿਦਰੋਹ ‘ਚ ਹਿੱਸਾ ਲੈਣ ਵਾਲੇ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਆਜ਼ਾਦੀ ਘੁਲਾਟੀਏ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਦਾ ਮੌਕਾ ਮਿਲਿਆ।
ਬਦਕਿਸਮਤੀ ਹੈ ਕਿ ਇੰਨਾ ਵੱਡਾ ਆਜ਼ਾਦੀ ਸੰਗਰਾਮ ਸਿਰਫ ਕੁਝ ਪਰਿਵਾਰਾਂ ਅਤੇ ਘਟਨਾਵਾਂ ਤੱਕ ਸੀਮਤ ਕਰ ਦਿੱਤਾ ਗਿਆ। ਭਾਰਤ ਦੀ ਆਜ਼ਾਦੀ ਦਾ ਅੰਦੋਲਨ ਜਨ-ਜਨ ਦਾ ਅੰਦੋਲਨ ਸੀ। ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ‘ਚ ਪਹਿਲੇ ਦਿਨ ਸ਼ਨੀਵਾਰ ਨੂੰ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਜਿੱਥੇ ਪੰਜ ਰਾਜਾਂ ਦੇ ਵਿਧਾਨ ਸਭਾ ਚੋਣਾਂ ‘ਚ ਮਿਲੀ ਜਿੱਤ ‘ਤੇ ਵਧਾਈ ਦਿੱਤੀ, ਉੱਥੇ 2019 ‘ਚ ਹੋਣ ਵਾਲੇ ਓਡੀਸ਼ਾ ਵਿਧਾਨ ਸਭਾ ਚੋਣਾਂ ਦੀ ਰਣਨੀਤੀ ‘ਤੇ ਪਾਰਟੀ ਨੇਤਾਵਾਂ ਨਾਲ ਚਰਚਾ ਕੀਤੀ।
ਕੇਂਦਰੀ ਮੰਤਰੀ ਰਵੀਸ਼ੰਕਰ ਨੇ ਕਾਰਜਕਾਰਨੀ ਬੈਠਕ ‘ਚ ਅਮਿਤ ਸ਼ਾਹ ਦੇ ਭਾਸ਼ਨ ਦਾ ਪੱਤਰਕਾਰਾਂ ਨੂੰ ਵੇਰਵਾ ਦਿੱਤਾ। ਸ਼ਾਹ ਨੇ ਕਿਹਾ, ”ਰਾਜਨੀਤਿਕ ਵਿਸ਼ਲੇਸ਼ਕ 2 ਤਿਹਾਈ ਬਹੁਮਤ ਨੂੰ ਵੱਡੀ ਜਿੱਤ ਦੱਸਦੇ ਆ ਰਹੇ ਹਨ ਪਰ ਭਾਜਪਾ ਦੀ ਜਿੱਤ ਨਾਲ ਵਿਸ਼ਲੇਸ਼ਣ ਦੇ ਪੈਮਾਨੇ ਬਦਲ ਗਏ ਹਨ।” ਸ਼ਾਹ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਇਹ ਭਾਜਪਾ ਦਾ ਸੁਨਹਿਰਾ ਸਮਾਂ ਹੈ ਪਰ ਮੈਂ ਕਹਿੰਦਾ ਹਾਂ ਕਿ ਸੁਨਿਹਰੀ ਸਮਾਂ ਉਸ ਸਮੇਂ ਆਵੇਗਾ ਜਦਾਂ ਕੇਰਲ, ਬੰਗਾਲ, ਓਡੀਸ਼ਾ ਆਦਿ ਰਾਜਾਂ ‘ਚ ਭਾਜਪਾ ਦੀ ਸਰਕਾਰ ਹੋਵੇਗੀ।