ਕੈਪਟਨ ਗਾਂਧੀ ਪਰਿਵਾਰ ਦੇ ਹੁਕਮ ‘ਤੇ ਸੱਜਣ ਅਤੇ ਦੂਜੇ ਪੰਜਾਬੀ ਨੁਮਾਇਦਿਆਂ ‘ਤੇ ਕਰ ਰਿਹੈ ਹਮਲੇ : ਅਕਾਲੀ ਦਲ

ਚੰਡੀਗਡ਼  – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਲੀਆ ਬਿਆਨਬਾਜ਼ੀ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਗਾਂਧੀ ਪਰਿਵਾਰ ਦੇ ਹੁਕਮਾਂ ਉੱਤੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿਘ ਸੱਜਣ ਅਤੇ ਕੈਨੇਡਾ ਦੀ ਸੰਸਦ ਦੇ ਬਾਕੀ ਪੰਜਾਬੀ ਨੁੰਮਾਇਦਿਆਂ ਦਾ ਤਿਰਸਕਾਰ ਕਰ ਰਿਹਾ ਹੈ। ਜਿਸ ਦੀ ਅਸਲੀ ਵਜ•ਾ ਪਿਛਲੇ ਦਿਨੀਂ ਉਟਾਂਰੀਓ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਉਹ ਮਤਾ ਹੈ, ਜਿਸ ਵਿਚ 1984 ਦੇ ਦਿੱਲੀ ਸਿੱਖ ਵਿਰੋਧੀ ਕਤਲੇਆਮ ਨੂੰ ‘ਨਸਲਕੁਸ਼ੀ’ ਕਰਾਰ ਦਿੱਤਾ ਗਿਆ ਸੀ।
ਸੀਨੀਅਰ ਅਕਾਲੀ ਆਗੂਆਂ ਅਤੇ ਸੰਸਦ ਮੈਂਬਰਾਂ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦਡ਼ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ ਸੱਜਣ ਦੀ ਹੇਠੀ ਕੀਤੇ ਜਾਣ ਦੇ ਮਾਮਲੇ ਪਿੱਛੇ ਗਾਂਧੀ ਪਰਿਵਾਰ ਦਾ ਹੱਥ ਇਸ ਤੱਥ ਤੋਂ ਉਜਗਾਰ ਹੁੰਦਾ ਹੈ ਕਿ 1984 ਦੇ ਸਮੂਹਿਕ ਕਤਲੇਆਮ ਦੀਆਂ ਘਟਨਾਵਾਂ ਨੂੰ ਨਸਲਕੁਸ਼ੀ ਕਰਾਰ ਦੇਣ ਨਾਲ ਸਭ ਤੋਂ ਵੱਧ ਨੁਕਸਾਨ ਇਸ ਪਰਿਵਾਰ ਨੂੰ ਹੋਇਆ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਆਪਣੀ ਮਾਤਾ ਅਤੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਇਹ ਕਹਿ ਕੇ ਹਿੰਸਾ ਨੂੰ ਭਡ਼ਕਾਇਆ ਸੀ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ। ਗਾਂਧੀ ਪਰਿਵਾਰ ਨੇ ਆਪਣੀ ਇਸ ਘਿਨੌਣੀ ਵਿਰਾਸਤ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਹੁਣ ਪੂਰੀ ਦੁਨੀਆਂ ਅੱਗੇ ਇਸ ਦਾ ਚਿਹਰਾ ਨੰਗਾ ਹੋ ਜਾਵੇਗਾ, ਕਿਉਂਕਿ ਹੋਰ ਵੀ ਕਈ ਮੁਲਕਾਂ ਦੀਆਂ ਸੰਸਦਾਂ ਵੱਲੋਂ 1984 ਦੀ ਹਿੰਸਾ ਨੂੰ ‘ਨਸਲਕੁਸ਼ੀ’ ਕਰਾਰ ਦਿੱਤੇ ਜਾਣ ਦੀ ਸੰਭਾਵਨਾ ਹੈ।
ਇਹੀ ਵਜ•ਾ ਹੈ ਕਿ ਗਾਂਧੀ ਪਰਿਵਾਰ ਨੇ ਅਮਰਿੰਦਰ ਨੂੰ ਉਂਟਾਂਰੀਓ ਵਿਧਾਨ ਸਭਾ ਵਿਚ ਪੰਜਾਬੀ ਮੂਲ ਦੇ ਉਹਨਾਂ ਨੁੰਮਾਇਦਿਆਂ ਉੱਤੇ ਹਮਲੇ ਕਰਨ ਦਾ ਹੁਕਮ ਦਿੱਤਾ ਹੈ, ਜਿਹਨਾਂ ਨੇ ਇਸ ਮਤੇ ਨੂੰ ਪਾਸ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਅੱਗੇ ਕਿਹਾ ਕਿ ਲੋਕਾਂ ਦਾ ਧਿਆਨ ਅਸਲੀ ਮਸਲੇ ਤੋਂ ਭਟਕਾਉਣ ਲਈ ਇਹਨਾਂ ਨੁੰਮਾਇਦਿਆਂ ਨੂੰ ਖਾਲਿਸਤਾਨੀ ਕਿਹਾ ਜਾ ਰਿਹਾ ਹੈ। ਇਹਨਾਂ ਨੂੰ ਡਰ ਹੈ ਕਿ ਨਹੀਂ ਤਾਂ ਲੋਕ ਨਸਲਕੁਸ਼ੀ ਪਿੱਛੇ ਗਾਂਧੀ ਪਰਿਵਾਰ ਦੀ ਸਿੱਧੀ ਭੂਮਿਕਾ ਬਾਰੇ ਸੁਆਲ ਪੁੱਛਣਗੇ।
ਅਕਾਲੀ ਆਗੂਆਂ ਨੇ ਅਮਰਿੰਦਰ ਨੂੰ ਸਾਫ ਲਫਜ਼ਾਂ ਵਿਚ ਕਿਹਾ ਕਿ ਪੰਜਾਬੀਆਂ ਦੇ ਸਾਰੇ ਵਰਗਾਂ ਨੇ ਤੁਹਾਡੇ ਬਚਕਾਨਾ ਵਤੀਰੇ ਨੂੰ ਭੰਡਿਆ ਹੈ। ਉਹਨਾਂ ਸਾਰਿਆਂ ਕੋਲ ਸਫਾਈ ਦੇਣ ਦੀ ਥਾਂ ਤੁਸੀਂ ਸਿਰਫ ਇੱਕ ਗੱਲ ਦਾ ਸਪੱਸ਼ਟ ਜੁਆਬ ਦੇ ਦਿਓ। ਕਿਰਪਾ ਕਰਕੇ ਸਿੱਖ ਭਾਈਚਾਰੇ ਨੂੰ ਇਹ ਦੱਸ ਦਿਓ ਕਿ ਕੀ 1984 ਦੀ ਹਿੰਸਾ ਨਸਲਕੁਸ਼ੀ ਸੀ ਜਾਂ ਨਹੀਂ? ਤੁਹਾਡਾ ਜੁਆਬ ਸਭ ਕੁੱਝ ਦੱਸ ਦੇਵੇਗਾ ਅਤੇ ਇਹ ਵੀ ਦੱਸ ਦਿਓ ਕਿ ਤੁਸੀਂ ਸਿੱਖ ਭਾਈਚਾਰੇ ਨਾਲ ਹੋ ਜਾਂ ਫਿਰ ਗਾਂਧੀ ਪਰਿਵਾਰ ਦੀ ਕਠਪੁਤਲੀ ਹੋ?
ਅਕਾਲੀ ਸਾਂਸਦਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਟਿੱਪਣੀਆਂ ਬਾਰੇ ਡੂੰਘੀ ਸੋਚ-ਵਿਚਾਰ ਕਰਨ ਲਈ ਕਿਹਾ। ਉਹਨਾ ਕਿਹਾ ਕਿ ਤੁਸੀਂ ਹੁਣ ਕਿਸੇ ਸਾਬਕਾ ਮਹਾਰਾਜੇ ਦੇ ਵਾਰਿਸ ਨਹੀਂ ਹੋ, ਜਿਹਡ਼ਾ ਕਿ ਨਿੱਜੀ ਬੇਇੱਜ਼ਤੀ ਉੱਤੇ ਖਫਾ ਹੋ ਸਕਦਾ ਹੈ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਅਤੇ ਪਰਵਾਸੀ ਪੰਜਾਬੀਆਂ ਵਿਚ ਵੀ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋ। ਤੁਸੀਂ ਸ਼ ਸੱਜਣ ਦੇ ਦੌਰੇ ਨੂੰ ਪੰਜਾਬ ਵਿਚ ਅੱਤਵਾਦ ਦੀ ਮੁਡ਼-ਵਾਪਸੀ ਨਾਲ ਕਿਵੇਂ ਜੋਡ਼ ਸਕਦੇ ਹੋ? ਸੱਚਾਈ ਇਹ ਹੈ ਕਿ ਤੁਹਾਡਾ ਖੁਦ ਦਾ ਕੈਨੇਡਾ ਵਿਚ ਖਾਲਿਸਤਾਨੀ ਲਹਿਰ ਦੀ ਮੁਡ਼-ਵਾਪਸੀ ਵਿਚ ਹੱਥ ਰਿਹਾ ਹੈ। ਤੁਸੀਂ ਆਪਣੇ ਪਿਛਲੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਡਿਕਸੀ ਗੁਰਦੁਆਰਾ ਸਾਹਿਬ ਵਿਖੇ ਖਾਲਿਸਤਾਨੀਆਂ ਨਾਲ ਸਟੇਜ ਸਾਂਝੀ ਕੀਤੀ ਸੀ। ਇਸ ਲਈ ਤੁਹਾਡੇ ਕੋਲ ਦੂਜਿਆਂ ਨੂੰ ਅੱਤਵਾਦ ਉੱਤੇ ਭਾਸ਼ਣ ਦੇਣ ਦਾ ਨੈਤਿਕ ਅਧਿਕਾਰ ਨਹੀਂ ਹੈ।
ਅਕਾਲੀ ਆਗੂਆਂ ਨੇ ਅਮਰਿੰਦਰ ਨੂੰ ਕਿਹਾ ਕਿ ਉਹ ਪੰਜਾਬੀਆਂ ਅਤੇ ਦੁਨੀਆਂ ਦੇ ਬਾਕੀ ਹਿੱਸਿਆਂ ਵਿਚ ਵਸਦੇ ਪੰਜਾਬੀਆਂ ਦੇ ਹਿੱਤਾਂ ਵਾਸਤੇ ਖੁਦ ਨੂੰ ਸੁਧਾਰ ਲਵੇ। ਆਪਣੀ ਸਵੈ-ਮਹਿਮਾ ਦੇ ਜਾਲ ਵਿਚ ਨਾ ਉਲਝੋ। ਯਾਦ ਰੱਖੋ ਕਿ ਤੁਸੀਂ ਇੱਕ ਸਿੱਖ ਅਤੇ ਪੰਜਾਬੀ ਪਹਿਲਾਂ ਹੋ ਅਤੇ ਮੁੱਖ ਮੰਤਰੀ ਬਾਅਦ ਵਿਚ ਹੋ। ਤੁਸੀਂ ਪੰਜਾਬ ਦੇ ਦੌਰੇ ਉੱਤੇ ਆਈ ਪੰਜਾਬੀ ਮੂਲ ਦੀ ਇੱਕ ਸਿੱਖ ਹਸਤੀ ਦਾ ਤਿਰਸਕਾਰ ਨਹੀਂ ਕਰ ਸਕਦੇ। ਫਿਰ ਇਹ ਦਾਅਵਾ ਨਹੀਂ ਕਰ ਸਕਦੇ ਕਿ ਸਿਰਫ ਇਕੱਲੇ ਤੁਸੀਂ ਠੀਕ ਹੋ ਅਤੇ ਬਾਕੀ ਸਾਰੇ ਗਲਤ ਹਨ। ਬੀਤੇ ਸਮੇਂ ਨੂੰ ਲੰਘ ਜਾਣ ਦਿਓ। ਸ਼ ਸੱਜਣ ਦਾ ਬਾਹਾਂ ਖੋਲ ਕੇ ਸਵਾਗਤ ਕਰੋ ਅਤੇ ਉਹਨਾਂ ਨੂੰ ਅਜਿਹਾ ਮਾਣ ਸਤਿਕਾਰ ਦਿਓ, ਜਿਸ ਦੇ ਉਹ ਹੱਕਦਾਰ ਹਨ।