ਭੋਪਾਲ, (ਮੱਧ ਪ੍ਰਦੇਸ਼) ਦੇ ਤਕਰੀਬਨ 32 ਸਾਲਾ ਉਦਯਨ ਦਾਸ ਨੂੰ ਅਯਾਸ਼ੀ ਕਰਨ ਦੇ ਲਈ ਦੌਲਤ ਨਹੀਂ ਕਮਾਉਣੀ ਪਈ ਸੀ ਕਿਉਂਕਿ ਉਸ ਦੇ ਮਾਂ-ਬਾਪ ਇੰਨਾ ਕਮਾ ਕੇ ਰੱਖ ਗਏ ਸਨ ਕਿ ਜੇਕਰ ਉਹ ਕੁਝ ਕੰਮ ਨਾ ਕਰਦਾ ਤਾਂ ਵੀ ਜ਼ਿੰਦਗੀ ਵਿੱਚ ਕਦੀ ਭੁੱਖਾ ਨਾ ਸੌਂਦਾ। ਉਦਯਨ ਦਾਸ ਦੀਆਂ ਕਈ ਮਾਸ਼ੂਕਾਂ ਸਨ। ਉਹਨਾਂ ਵਿੱਚੋਂ ਇੱਕ ਸੀ ਕਲਕੱਤਾ ਦੀ ਰਹਿਣ ਵਾਲੀ 26 ਸਾਲਾ ਅਕਾਂਕਸ਼ਾ ਸ਼ਰਮਾ, ਜੋ ਐਮ. ਐਸ. ਸੀ. ਪਾਸ ਸੀ। ਉਸ ਦੇ ਪਿਤਾ ਸ਼ਿਵੇਂਦਰ ਸ਼ਰਮਾ ਪੱਛਮੀ ਬੰਗਾਲ ਦੇ ਬਾਂਕੁਰਾ ਜ਼ਿਲ੍ਹੇ ਦੇ ਇੱਕ ਬੈਂਕ ਵਿੱਚ ਚੀਫ਼ ਮੈਨੇਜਰ ਸੀ।
ਅੱਜ ਤੋਂ ਤਕਰੀਬਨ 8 ਸਾਲ ਪਹਿਲਾਂ ਅਕਾਂਕਸ਼ਾ ਸ਼ਰਮਾ ਦੀ ਦੋਸਤੀ ਫ਼ੇਸਬੁੱਕ ਦੇ ਜ਼ਰੀਏ ਉਦਯਨ ਦਾਸ ਨਾਲ ਹੋਈ। ਫ਼ੇਸਬੁੱਕ ਚੈਕਿੰਗ ਵਿੱਚ ਉਦਯਨ ਦਾਸ ਨੇ ਖੁਦ ਨੂੰ ਆਈ. ਐਫ਼. ਐਸ. ਅਫ਼ਸਰ ਦੱਸਿਆ ਜੋ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਅਕਸਰ ਭਾਰਤ ਆਇਆ ਕਰਦਾ ਹੈ। ਆਪਣੇ ਪਿਤਾ ਬੀ. ਕੇਂ ਦਾਸ ਨੂੰ ਉਸ ਨੇ ਭੇਲ, ਭੋਪਾਲ ਦਾ ਅਫ਼ਸਰ ਦੱਸਿਆ ਸੀ, ਜੋ ਰਿਟਾਇਰਮੈਂਟ ਤੋਂ ਬਾਅਦ ਰਾਏਪੁਰ ਵਿੱਚ ਖੁਦ ਦੀ ਫ਼ੈਕਟਰੀ ਚਲਾ ਰਿਹਾ ਹੈ ਅਤੇ ਮਾਂ ਇੰਦਰਾਣੀ ਦਾਸ ਨੂੰ ਪੁਲਿਸ ਮਹਿਕਮੇ ਤੋਂ ਰਿਟਾਇਰਡ ਡੀ. ਐਸ. ਪੀ. ਦੱਸਿਆ। ਉਸ ਨੇ ਮਾਂ ਦਾ ਵੀ ਅਮਰੀਕਾ ਵਿੱਚ ਰਹਿਣਾ ਦੱਸਿਆ ਸੀ।
ਉਦਯਨ ਦਾਸ ਨੇ ਅਕਾਂਕਸ਼ਾ ਸ਼ਰਮਾ ਨੂੰ ਵੀ ਦੱਸਿਆ ਕਿ ਉਹ ਆਈ. ਆਈ. ਟੀ. ਦਿੱਲੀ ਤੋਂ ਗ੍ਰੈਜੂਏਟ ਹੈ। ਜਾਣ-ਪਛਾਣ ਵਧੀ, ਦੋਸਤੀ ਹੋਈ ਅਤੇ ਫ਼ਿਰ ਮਿਲਣਾ-ਜੁਲਣਾ ਆਰੰਭ ਕਰ ਦਿੱਤਾ। ਉਦਯਨ ਦਾਸ ਬੇਸ਼ੱਕ ਹੀ ਭੋਪਾਲ ਵਿੱਚ ਰਹਿੰਦਾ ਸੀ, ਪਰ ਅਕਾਂਕਸ਼ਾ ਸ਼ਰਮਾ ਦੇ ਲਈ ਤਾਂ ਉਹ ਅਮਰੀਕਾ ਵਿੱਚ ਸੀ। ਇਸ ਕਰਕੇ ਜਲਦੀ ਹੀ ਉਦਯਨ ਦਾਸ ਨੇ ਦੱਸਿਆ ਕਿ ਉਹ ਦਿੱਲੀ ਆ ਰਿਹਾ ਹੈ।
ਦੋਵੇਂ ਦਿੱਲੀ ਵਿੱਚ ਮਿਲੇ ਅਤੇ ਕੁਝ ਦਿਨ ਇੱਕੱਠੇ ਗੁਜ਼ਾਰੇ। ਉਦਯਨ ਦਾਸ ਦੀ ਅਮੀਰੀ ਦਾ ਅਕਾਂਕਸ਼ਾ ਤੇ ਕਾਫ਼ੀ ਅਸਰ ਪਿਆ। ਉਹ ਦੋਵੇਂ ਇੱਕੱਠੇ ਹਰਿਦੁਆਰ, ਮਸੂਰੀ ਅਤੇ ਦੇਹਰਾਦੂਨ ਵੀ ਘੁੰਮਣ ਗਏ ਅਤੇ ਇੱਕ ਹੀ ਹੋਟਲ ਵਿੱਚ ਇੱਕੱਠੇ ਇੱਕ ਕਮਰੇ ਵਿੱਚ ਰੁਕੇ। ਫ਼ਿਰ ਉਦਯਨ ਦਾਸ ਅਮਰੀਕਾ ਯਾਨਿ ਭੋਪਾਲ ਵਾਪਸ ਗਿਆ, ਇਸ ਵਾਅਦੇ ਨਾਲ ਕਿ ਜਲਦੀ ਵਾਪਸ ਆਵੇਗਾ ਅਤੇ ਹੁਣ ਉਹ ਦੋਵੇਂ ਭੋਪਾਲ ਵਿੱਚ ਮਿਲਣਗੇ, ਜਿੱਥੇ ਉਸ ਦੇ 2 ਮਕਾਨ ਹਨ। ਉਦਯਨ ਦਾਸ ਨੇ ਅਕਾਂਕਸ਼ਾ ਨੂੰ ਦੱਸਿਆ ਕਿ ਉਸ ਦਾ ਭੋਪਾਲ ਵਾਲਾ ਮਕਾਨ ਕਾਫ਼ੀ ਵੱਡਾ ਹੈ ਅਤੇ ਉਸ ਦੇ ਹੇਠਾਂ ਵਾਲਾ ਹਿੱਸਾ ਕਿਰਾਏ ਤੇ ਬ੍ਰਹਮਕੁਮਾਰੀ ਆਸ਼ਰਮ ਨੂੰ ਦੇ ਰੱਖਿਆ ਹੈ। ਇਹਨਾਂ 2-3 ਮੁਲਾਕਾਤਾਂ ਵਿੱਚ ਅਕਾਂਕਸ਼ਾ ਸੋਚਣ ਲੱਗੀ ਕਿ ਉਦਯਨ ਦਾਸ ਅਜਿਹਾ ਹੀ ਲੱੜਕਾ ਹੈ, ਜਿਵੇਂ ਉਹ ਚਾਹੁੰਦੀ ਸੀ। ਉਹ ਤਾਂ ਵਿਆਹ ਤੋਂ ਬਾਅਦ ਅਮਰੀਕਾ ਵਿੱਚ ਨੌਕਰੀ ਕਰਨ ਦੇ ਸੁਪਨੇ ਦੇਖਣ ਲੱਗੀ। ਇਸ ਕਰਕੇ ਦੋਵਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ।
ਇੱਕ ਦਿਨ ਉਦਯਨ ਦਾਸ ਨੇ ਅਕਾਂਕਸ਼ਾ ਨੂੰ ਦੱਸਿਆ ਕਿ ਉਸ ਦਾ ਮਨ ਹੁਣ ਅਮਰੀਕਾ ਵਿੱਚ ਨਹੀਂ ਲੱਗ ਰਿਹਾ ਹੈ ਅਤੇ ਉਹ ਉਸ ਨਾਲ ਵਿਆਹ ਕਰਕੇ ਭੋਪਾਲ ਰਹਿਣਾ ਚਾਹੁੰਦਾ ਹੈ। ਇਸ ਕਾਰਨ ਅਮਰੀਕਾ ਜਾ ਕੇ ਨੌਕਰੀ ਕਰਨ ਦੀ ਅਕਾਂਕਸ਼ਾ ਦੀ ਖੁਹਾਇਸ਼ ਮਿੱਟੀ ਵਿੱਚ ਮਿਲ ਗਈ। ਕਿਉਂਕਿ ਹੁਣ ਤੱਕ ਉਹ ਆਪਣੇ ਘਰ ਵਾਲਿਆਂ ਨੂੰ ਦੱਸ ਚੁੱਕੀ ਸੀ ਕਿ ਉਹ ਨੌਕਰੀ ਕਰਨ ਅਮਰੀਕਾ ਜਾ ਰਹੀ ਹੈ।
ਅਕਾਂਕਸ਼ਾ ਉਦਯਨ ਨੂੰ ਚਾਹੁਣ ਲੱਗੀ, ਇਸ ਕਰਕੇ ਰਾਜ਼ੀ ਹੋ ਗਈ। ਉਹ ਉਦਯਨ ਦੀ ਦੱਸੀ ਤਾਰੀਖ ਤੇ ਬੀਤੇ ਸਾਲ ਜੂਨ ਮਹੀਨੇ ਵਿੱਚ ਭੋਪਾਲ ਆ ਗਈ, ਮਾਂ-ਬਾਪ ਤੋਂ ਅਸਲੀਅਤ ਲੁਕੋਣ ਦੇ ਲਈ ਉਸ ਨੇ ਇਹ ਝੂਠ ਬੋਲਿਆ ਕਿ ਉਹ ਨੌਕਰੀ ਕਰਨ ਨਿਊਯਾਰਕ ਜਾ ਰਹੀ ਹੈ।
ਅਕਾਂਕਸ਼ਾ ਨੇ ਭੋਪਾਲ ਦੇ ਹੀ ਪਿਪਲਾਨੀ ਦੇ ਕਾਲੀ ਬਾੜੀ ਮੰਦਰ ਵਿੱਚ ਉਦਯਨ ਦਾਸ ਨਾਲ ਵਿਆਹ ਕੀਤਾ। ਇਸ ਦੌਰਾਨ ਉਹ ਫ਼ੋਨ ਤੇ ਘਰ ਵਾਲਿਆਂ ਨਾਲ ਗੱਲ ਕਰਦੀ ਰਹੀ ਪਰ ਖੁਦ ਨੂੰ ਅਮਰੀਕਾ ਵਿੱਚ ਹੋਣ ਦਾ ਝੂਠ ਬੋਲਦੀ ਰਹੀ। ਇਹ ਜੂਨ 2016 ਦੀ ਗੱਲ ਹੈ। ਕੁਝ ਦਿਨ ਉਦਯਨ ਦੇ ਨਾਲ ਪਤਨੀ ਵਜੋਂ ਬਤੀਤ ਕਰਨ ਤੋਂ ਬਾਅਦ ਅਕਾਂਕਸ਼ਾ ਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਨੇ ਝੂਠ ਬੋਲਿਆ ਹੈ ਕਿਉਂਕਿ ਨਾ ਤਾਂ ਉਹ ਕਦੀ ਆਪਦੇ ਮਾਂ-ਬਾਪ ਨਾਲ ਫ਼ੋਨ ਤੇ ਗੰਲ ਕਰਦਾ ਸੀ ਅਤੇ ਨਾ ਹੀ ਉਹਨਾਂ ਬਾਰੇ ਪੁੱਛਣ ਤੇ ਕੁਝ ਦੱਸਦਾ ਸੀ।
ਹੱਦ ਤਾਂ ਉਸ ਵਕਤ ਹੋ ਗਈ, ਜਦੋਂ ਅਕਾਂਕਸ਼ਾ ਸ਼ਰਮਾ ਨੂੰ ਪਤਾ ਲੱਗਿਆ ਕਿ ਉਦਯਨ ਅੱਵਲ ਦਰਜੇ ਦਾ ਨਸ਼ੇੜੀ ਹੈ ਅਤੇ ਦੂਜੀਆਂ ਕਈ ਲੜਕੀਆਂ ਨਾਲ ਉਸ ਦੇ ਨਜਾਇਜ਼ ਸਬੰਧ ਹਨ। ਜੁਲਾਈ 2016 ਤੱਕ ਤਾਂ ਅਕਾਂਕਸ਼ਾ ਨੇ ਆਪਣੇ ਘਰ ਵਾਲਿਆਂ ਨਾਲ ਫ਼ੋਨ ਤੇ ਗੱਲ ਕੀਤੀ ਪਰ ਹੁਣ ਉਹ ਉਹਨਾਂ ਨਾਲ ਘੱਟ ਹੀ ਗੱਲ ਕਰਦੀ ਸੀ ਪਰ ਹੌਲੀ ਹੌਲੀ ਉਹ ਐਸ. ਐਮ. ਐਸ. ਦੇ ਜ਼ਰੀਏ ਉਹਨਾਂ ਨਾਲ ਗੱਲ ਕਰਨ ਲੱਗੀ।
14 ਜੁਲਾਈ 2016 ਦਾ ਦਿਨ ਅਕਾਂਕਸ਼ਾ ਤੇ ਕਹਿਰ ਬਣ ਕੇ ਟੁੱਟਿਆ। ਜੇਕਰ ਉਦਯਨ ਨੇ ਉਸ ਨੂੰ ਕਈ ਝੂਠ ਬੋਲੇ ਸਨ ਤਾਂ ਇੱਕ ਝੂਠ ਉਸ ਨੇ ਵੀ ਉਦਯਨ ਨੂੰ ਬੋਲਿਆ ਸੀ, ਦਰਅਸਲ ਅਕਾਂਕਸ਼ਾ ਦਾ ਇੱਕ ਬੁਆਏ ਫ਼ਰੈਂਡ ਹੋਰ ਸੀ, ਜਿਸ ਨੇ ਉਸ ਦੀਆਂ ਕੁਝ ਤਸਵੀਰਾਂ ਜੋ ਘੱਟ ਕੱਪੜਿਆਂ ਵਿੱਚ ਸਨ, ਵਟਸਅਪ ਤੇ ਪਾ ਦਿੱਤੀਆਂ ਸਨ। ਇਹ ਤਸਵੀਰਾਂ ਉਦਯਨ ਦੀ ਨਜ਼ਰ ਵਿੱਚ ਆਈਆਂ ਤਾਂ ਉਹ ਭੜਕ ਗਿਆ। ਪੁੱਛਣ ਤੇ ਅਕਾਂਕਸ਼ਾ ਨੇ ਕੁਝ ਸੱਚੀਆਂ ਅਤੇ ਕੁਝ ਝੂਠੀਆਂ ਗੱਲਾਂ ਦੱਸੀਆਂ ਤਾਂ ਉਦਯਨ ਨੂੰ ਲੱਗਿਆ ਕਿ ਅਕਾਂਕਸ਼ਾ ਨੇ ਉਸ ਨੂੰ ਝੂਠ ਬੋਲਿਆ ਹੀ ਹੈ, ਨਾਲ ਹੀ ਉਸ ਦੇ ਨਜਾਇਜ਼ ਸਬੰਧ ਪੁਰਾਣੇ ਬੁਆਏ ਫ਼ਰੈਂਡ ਨਾਲ ਹਨ ਅਤੇ ਉਹ ਉਸਨੂੰ ਪੈਸੇ ਵੀ ਦਿੰਦੀ ਰਹਿੰਦੀ ਹੈ।
ਰਾਤ ਨੂੰ ਲੜ-ਝਗੜ ਕੇ ਅਕਾਂਕਸ਼ਾ ਤਾਂ ਸੌਂ ਗਈ, ਪਰ ਉਦਯਨ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ। ਨਾਲ ਹੀ ਸੌ ਰਹੀ ਪਤਨੀ ਨੂੰ ਧੋਖੇਬਾਜ਼ ਦੇਖਣ ਲੱਗਿਆ। ਰਾਤ ਜਾਗ ਕੇ ਉਦਯਨ ਅਕਾਂਕਸ਼ਾ ਦੇ ਕਤਲ ਦੀ ਯੋਜਨਾ ਬਣਾਉਂਦਾ ਰਿਹਾ ਅਤੇ ਸਵੇਰੇ 5 ਵਜਦੇ ਹੀ ਉਸਨੇ ਅਕਾਂਕਸ਼ਾ ਦੀ ਹੱਤਿਆ ਕਰ ਦਿੱਤੀ। ਉਦਯਨ ਨੇ ਗਾੜ੍ਹੀ ਨੀਂਦ ਵਿੱਚ ਸੁੱਤੀ ਅਕਾਂਕਸ਼ਾ ਦਾ ਚਿਹਰਾ ਸਿਰਹਾਣੇ ਨਾਲ ਦਬਾਇਆ। ਜਦੋਂ ਉਹ ਮਰ ਗਈ ਤਾਂ ਉਸਦਾ ਗਲਾ ਘੋਟਿਆ, ਜਿਸ ਕਾਰਨ ਅਕਾਂਕਸ਼ਾ ਦੇ ਗਲੇ ਦੀ ਹੱਡੀ ਟੁੱਟ ਗਈ।
ਹੁਣ ਸਮੱਸਿਆ ਅਕਾਂਕਸ਼ਾ ਦੀ ਲਾਸ਼ ਨੂੰ ਠਿਕਾਣੇ ਲਗਾਉਣ ਦੀ ਸੀ। ਸਵੇਰੇ ਨਜ਼ਦੀਕ ਦੀ ਦੁਕਾਨ ਤੇ ਉਦਯਨ ਦਾਸ ਨੇ 14 ਬੋਰੀਆਂ ਸੀਮਿੰਟ ਖਰੀਦਿਆ ਅਤੇ ਅਕਾਂਕਸ਼ਾ ਦੀ ਲਾਸ਼ ਇੱਕ ਪੁਰਾਣੇ ਬਕਸੇ ਵਿੱਚ ਪਾ ਦਿੱਤੀ ਅਤੇ ਤਕਰਬਨ 10 ਬੋਰੀਆਂ ਸੀਮਿੰਟ ਘੋਲ ਕੇ ਉਸ ਵਿੱਚ ਭਰ ਦਿੱਤਾ, ਜਿਸ ਕਾਰਨ ਲਾਸ਼ ਜਮ ਗਈ ਪਰ ਬਕਸੇ ਤੋਂ ਬਦਬੂ ਆਉਣ ਲੱਗੀ। ਇਸ ਕਰਕੇ ਉਸ ਦੇ ਚਾਰੇ ਪਾਸੇ ਸੈਲੋ ਟੇਪ ਲਗਾ ਦਿੱਤੀ। ਦੁਪਹਿਰ ਨੂੰ ਉਸ ਨੇ ਆਪਣੀ ਪਛਾਣ ਵਾਲੇ ਮਿਸਤਰੀ ਰਵੀ ਨੂੰ ਬੁਲਾਇਆ ਅਤੇ ਕਮਰੇ ਵਿੱਚ ਚਬੂਤਰਾ ਬਣਾਉਣ ਦੀ ਗੱਲ ਕਹੀ। ਇਸ ਬਾਰੇ ਉਦਯਨ ਦਾ ਬਹਾਨਾ ਇਹ ਸੀ ਕਿ ਉਹ ਮੰਦਰ ਬਣਵਾਉਣਾ ਚਾਹੁੰਦਾ ਹੈ। ਰਵੀ ਨੇ ਚਬੂਤਰਾ ਬਣਾਉਣ ਲਈ ਕਮਰਾ ਪੁੱਟਿਆ ਪਰ ਕਿਉਂਕਿ ਉਸ ਦੇ ਸਾਹਮਦੇ ਲਾਸ਼ ਵਾਲਾ ਬਕਸਾ ਨਹੀਂ ਰੱਖਿਆ ਜਾ ਸਕਦਾ ਸੀ, ਇਸ ਕਰਕੇ ਉਦਯਨ ਨੇ ਚਲਾਕੀ ਨਾਲ ਉਸ ਨੂੰ ਗੱਲਾਂ ਵਿੱਚ ਉਲਝਾਇਆ ਅਤੇ ਮਿਹਨਤਾਨਾ ਦੇ ਕੇ ਤੋਰ ਦਿੱਤਾ। ਇਸ ਤੋਂ ਬਾਅਦ ਉਸ ਨੇ ਸਕਬੇ ਖੱਡੇ ਵਿੱਚ ਰੱਖਿਆ ਅਤੇ ਉਸ ਤੇ ਚਬੂਤਰਾ ਬਣਾ ਦਿੱਤਾ। ਖੂਬਸੂਰਤੀ ਵਧਾਉਣ ਲਈ ਉਸ ਤੇ ਮਾਰਬਲ ਵੀ ਜੜ ਦਿੱਤਾ।
ਅਕਾਂਕਸ਼ਾ ਦੇ ਮਾਂ-ਬਾਪ ਬਾਂਕੁਰਾ ਵਿੱਚ ਪ੍ਰੇਸ਼ਾਨ ਸਨ ਕਿਉਂਕਿ ਹੁਣ ਉਸ ਦੇ ਐਸ. ਐਮ. ਐਸ. ਵੀ ਆਉਣੇ ਬੰਦ ਹੋ ਗਏ ਸਨ। ਕੁਝ ਦਿਨ ਉਹਨਾਂ ਨੇ ਸਬਰ ਕੀਤਾ ਅਤੇ ਫ਼ਿਰ ਅਕਾਂਕਸ਼ਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਵਿੱਚ ਕਰ ਦਿੱਤੀ। ਬਾਂਕੁਰਾ ਕ੍ਰਾਈਮ ਬਰਾਂਚ ਨੇ ਜਦੋਂ ਅਕਾਂਕਸ਼ਾ ਦੇ ਮੋਬਾਇਲ ਫ਼ੋਨ ਦੀ ਲੁਕੇਸ਼ਨ ਟ੍ਰੇਸ ਕੀਤੀ ਤਾਂ ਉਹ ਸਾਕੇਤ ਨਗਰ, ਭੋਪਾਲ ਦੀ ਨਿਕਲੀ। ਅਕਾਂਕਸ਼ਾ ਦੇ ਪਿਤਾ ਸ਼ਿਵੇਂਦਰ ਸ਼ਰਮਾ ਭੋਪਾਲ ਆਏ ਅਤੇ ਉਦਯਨ ਨੁੰ ਮਿਲੇ। ਉਦਯਨ ਉਹਨਾਂ ਨਾਲ ਗੋਲ-ਮੋਲ ਗੱਲਾਂ ਕਰਦੇ ਹੋਏ ਚਲਦਾ ਕਰ ਦਿੱਤਾ ਕਿ ਅਕਾਂਕਸ਼ਾ ਤਾਂ ਨਿਊਯਾਰਕ ਵਿੱਚ ਨੌਕਰੀ ਕਰ ਰਹੀ ਹੈ। ਉਹ ਸਮਝ ਗਏ ਕਿ ਦਾਲ ਵਿੱਚ ਕੁਝ ਕਾਲਾ ਹੈ। ਉਹਨਾਂ ਨੇ ਪੁਲਿਸ ਤੇ ਦਬਾਅ ਪਾਇਆ ਪੁਲਿਸ ਨੇ ਯੋਜਨਾ ਬਣਾ ਕੇ ਉਦਯਨ ਦੀ ਨਿਗਰਾਨੀ ਕੀਤੀ ਤਾਂ ਉਸਦੀਆਂ ਹਰਕਤਾਂ ਭੇਦਭਰੀਆਂ ਨਿਕਲੀਆਂ। 31 ਜਨਵਰੀ ਅਤੇ 1 ਫ਼ਰਵਰੀ 2017 ਨੁੰ ਪੁਲਿਸ ਉਦਯਨ ਦੀ ਨਿਗਰਾਨੀ ਕਰਦੀ ਰਹੀ। ਇਸ ਤੋਂ ਜ਼ਿਆਦਾ ਕੁਝ ਹੋਰ ਹਾਸਲ ਨਾ ਹੋਇਆ ਤਾਂ ਉਹਨਾਂ ਨੇ ਉਦਯਨ ਦੇ ਘਰੇ ਛਾਪਾ ਮਾਰਿਆ। ਉਸ ਵਕਤ ਦਰਵਾਜ਼ੇ ਤੇ ਜਿੰਦਰਾ ਲੱਗਿਆ ਸੀ ਅਤੇ ਉਹ ਅੰਦਰ ਸੀ। ਪੁਲਿਸ ਅੰਦਰ ਵੜੀ ਤਾਂ ਸਾਰਾ ਘਰ ਧੂੜ ਮਿੱਟੀ ਨਾਲ ਭਰਿਆ ਪਿਆ ਸੀ। ਤਿੰਨ ਕਮਰਿਆਂ ਵਿੱਚ ਤਕਰੀਬਨ 10 ਹਜ਼ਾਰ ਸਿਗਰਟਾਂ ਦੇ ਟੋਟੇ ਪਏ ਸਨ ਅਤੇ ਸ਼ਰਾਬ ਦੀਆ ਖਾਲੀ ਬੋਤਲਾਂ ਪਈਆਂ ਸਨ। ਖਾਣ ਦੀਆਂ ਬਾਸੀ ਪਲੇਟਾਂ ਵੀ ਪਾਈਆਂ ਗਈਆਂ, ਜਿਹਨਾਂ ਵਿੱਚੋਂ ਬਦਬੂ ਆ ਰਹੀ ਸੀ।
ਸਭ ਤੋਂ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਸੀ ਦੂਜੇ ਕਮਰੇ ਵਿੱਚ ਬਣਿਆ ਚਬੂਤਰਾ, ਜਿਸ ਦੇ ਉਪਰ ਫ਼ਾਂਸੀ ਦਾ ਫ਼ੰਦਾ ਲਟਕ ਰਿਹਾ ਸੀ ਅਤੇ ਕਮਰੇ ਦੀਆਂ ਦੀਵਾਰਾਂ ਤੇ ਥਾਂ-ਥਾਂ ਪਿਆਰ ਭਰੀਆਂ ਗੱਲਾਂ ਲਿਖੀਆਂ ਸਨ। ਉਦਯਨ ਨੂੰ ਪਕੜ ਕੇ ਜਦੋਂ ਸਖਤੀ ਨਾਲ ਪੜਤਾਲ ਕੀਤੀ ਤਾਂ ਉਸ ਨੇ ਸਭ ਦੱਸ ਦਿੱਤਾ। ਚਬੂਤਰਾ ਇੰਨਾ ਪੱਕਾ ਸੀ ਕਿ ਮਜ਼ਦੂਰਾਂ ਤੋਂ ਪੁੱਟਿਆ ਨਾ ਗਿਆ, ਜਿਸ ਵਿੱਚ ਅਕਾਂਕਸ਼ਾ ਦੀ ਲਾਸ਼ ਦੋ ਮਹੀਨੇ ਤੋਂ ਪਈ ਸੀ। ਉਸ ਵਿੱਚੋਂ ਅਕਾਂਕਸ਼ਾ ਦੀਆਂ ਮੁੜੀਆਂ-ਤੁੜੀਆਂ ਹੱਡੀਆਂ ਨਿਕਲੀਆਂ, ਜਿਹਨਾਂ ਨੂੰ ਪਹਿਲਾਂ ਪੋਸਟ ਮਾਰਟਮ ਅਤੇ ਫ਼ਿਰ ਡੀ. ਐਨ. ਏ. ਟੈਸਟ ਲਈ ਭੇਜ ਦਿੱਤਾ।
ਉਦਯਨ ਦੇ ਮਾਂ-ਬਾਪ ਦੀ ਹੱਤਿਆ ਹੁਣ ਤੋਂ ਤਕਰੀਬਨ 5 ਸਾਲ ਪਹਿਲਾਂ ਰਾਏਪੁਰ ਵਾਲੇ ਮਕਾਨ ਵਿੱਚ ਕੀਤੀ ਗਈ ਸੀ ਅਤੇ ਉਹਨਾਂ ਨੂੰ ਲਾਅਨ ਵਿੱਚ ਦਫ਼ਨਾ ਦਿੱਤਾ ਸੀ। ਉਦੋਂ ਉਦਯਨ ਪੜ੍ਹਦਾ ਸੀ ਤਾਂ ਉਸ ਨੇ ਕਈ ਲੋਕਾਂ ਨੂੰ ਕੁੱਟਿਆ ਸੀ। ਉਹ ਨਸ਼ਾ ਕਰਨ ਦਾ ਵੀ ਆਦੀ ਸੀ। ਮਾਂ-ਬਾਪ ਕਿਉਂਕਿ ਉਸਨੂੰ ਡਾਂਟਦੇ ਰਹਿੰਦੇ ਸਨ, ਇਸ ਕਰਕੇ ਉਹ ਉਹਨਾਂ ਨਾਲ ਨਫ਼ਰਤ ਕਰਨ ਲੱਗਿਆ। ਜਦੋਂ ਕਾਲਜ ਦੀ ਡਿਗਰੀ ਪੂਰੀ ਹੋਣ ਦਾ ਵਕਤ ਆਇਆ ਤਾਂ ਉਸ ਨੇ ਮਾਂ-ਬਾਪ ਨੂੰ ਝੂਠ ਬੋਲ ਦਿੰਤਾ ਕਿ ਉਹ ਪਾਸ ਹੋ ਗਿਆ ਹੈ। ਜਦੋਂ ਫ਼ੇਲ੍ਹ ਹੋਣ ਦਾ ਪਤਾ ਲੱਗ ਗਿਆ ਤਾਂ ਉਸ ਦੇ ਮਾਂ-ਬਾਪ ਨੂੰ ਹੀ ਠਿਕਾਣਾ ਲਗਾਉਣ ਦਾ ਫ਼ੈਸਲਾ ਕਰ ਲਿਆ।
ਇੱਕ ਰਾਤ ਜਦੋਂ ਪਿਤਾ ਚਿਕਨ ਲੈਣ ਬਾਜ਼ਾਰ ਗਿਆ ਅਤੇ ਮਾਂ ਉਪਰਲੀ ਮੰਜ਼ਿਲ ਦੇ ਕਮਰੇ ਵਿੱਚ ਕੱਪੜੇ ਰੱਖ ਰਹੀ ਸੀ ਤਾਂ ਉਸ ਨੇ ਗਲਾ ਘੋਟ ਕੇ ਉਹਨਾਂ ਦਾ ਕਤਲ ਕਰ ਦਿੱਤਾ। ਪਿਤਾ ਜਦੋਂ ਬਾਜ਼ਾਰ ਤੋਂ ਆਇਆ ਤਾਂ ਉਹਨਾਂ ਦੀ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ ਅਤੇ ਫ਼ਿਰ ਉਸ ਦਾ ਗੋਲਾ ਘੋਟ ਦਿੱਤਾ। ਮਾਂ-ਬਾਪ ਦੀਆਂ ਲਾਸ਼ਾਂ ਨੂੰ ਠਿਕਾਣੇ ਲਗਾਉਣ ਲਈ ਉਸ ਨੇ ਲਾਅਨ ਵਿੱਚ 2 ਖੱਡੇ ਪੁਟਵਾਏ ਅਤੇ ਦੇਰ ਰਾਤ ਲਾਸ਼ਾਂ ਘੜੀਸ ਕੇ ਉਹਨਾ਀ਿ ਵਚ ਸੁੱਟ ਦਿੱਤਾ ਅਤੇ ਸੀਮਿੰਟ ਲਗਾ ਕੇ ਪੱਕੀਆਂ ਕਰ ਦਿੱਤੀਆਂ। ਮਾਂ-ਬਾਪ ਦੀ ਹੱਤਿਆ ਕਰਨ ਤੋਂ ਬਾਅਦ ਉਦਯਨ ਨੇ ਰਾਏਪੁਰ ਵਾਲਾ ਮਕਾਨ 30 ਲੱਖ ਵਿੱਚ ਵੇਚ ਦਿੱਤਾ ਅਤੇ ਭੋਪਾਲ ਆ ਕੇ ਸਾਕੇਤ ਨਗਰ ਵਾਲੇ ਘਰ ਵਿੱਚ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲੱਗਿਆ।
ਨਿਕੰਮਾ ਅਤੇ ਅਯਾਸ਼ੀ ਉਦਯਨ ਚਲਾਕ ਵੀ ਘੱਟ ਨਹੀਂ ਸੀ। ਉਸ ਨੇ ਇੰਦੌਰ ਤੋਂ ਪਿਤਾ ਦਾ ਅਤੇ ਇਟਾਰਸੀ ਨਗਰ ਪਾਲਿਕਾ ਤੋਂ ਮਾਂ ਦੀ ਮੌਤ ਦਾ ਝੂਠਾ ਸਰਟੀਫ਼ਿਕੇਟ ਬਣਵਾਇਆ ਅਤੇ ਉਹਨਾਂ ਦੀ ਸਾਰੀ ਜਾਇਦਾਦ ਆਪਣੇ ਨਾਂ ਕਰਵਾ ਲਈ। ਮਾਂ ਦੀ ਪੈਨਸ਼ਨ ਲਈ ਜ਼ਰੂਰੀ ਸੀ ਕਿ ਉਹਨਾਂ ਦੇ ਜਿੰਦਾ ਹੋਣ ਦਾ ਸਰਟੀਫ਼ਿਕੇਟ ਬਣਵਾਇਆ ਜਾਵੇ, ਜੋ ਉਸ ਨੇ ਸਾਲ 2012 ਵਿੱਚ ਦਿੱਲੀ ਦੀ ਡਿਫ਼ੈਂਸ ਕਾਲੋਨੀ ਦੇ ਇੱਕ ਡਾਕਟਰ ਤੋਂ ਬਣਵਾਇਆ ਅਤੇ ਬੈਂਕ ਮੁਲਾਜ਼ਮਾਂ ਨੂੰ ਰਿਜ਼ਵਤ ਦੇ ਕੇ ਹਰ ਮਹੀਨੇ ਪੈਨਸ਼ਨ ਕਢਾਉਣ ਲੱਗਿਆ। ਅਕਾਂਕਸ਼ਾ ਸ਼ੋਸ਼ਲ ਮੀਡੀਆ ਦੇ ਚੱਕਰ ਵਿੱਚ ਫ਼ਸ ਗਈ ਅਤੇ ਬਦਮਾਸ਼ ਉਦਯਨ ਤੋਂ ਮਾਰੀ ਗਈ।
ਗ੍ਰਿਫ਼ਤਾਰੀ ਤੋਂ ਬਾਅਦ ਭੋਪਾਲ ਤੋਂ ਰਾਏਪੁਰ ਅਤੇ ਰਾਏਪੁਰ ਤੋਂ ਬਾਂਕੁਰਾ ਲਿਜਾਏ ਗਏ ਉਦਯਨ ਦਾਸ ਨੂੰ ਜਦੋਂ 20 ਫ਼ਰਵਰੀ 2017 ਨੂੰ ਭੋਪਾਲ ਲਿਆਂਦਾ ਗਿਆ, ਤਾਂ ਪਤਾ ਲੱਗਿਆ ਕਿ ਵਿਆਹ ਤੋਂ ਬਾਅਦ ਆਪਣੀ ਪਤਨੀ ਅਕਾਂਕਸ਼ਾ ਸ਼ਰਮਾ ਦੇ ਨਾਲ ਉਹ ਖਾਣ-ਪੀਣ ਤੋਂ ਇਲਾਵਾ ਸਿਰਫ਼ ਸੈਕਸ ਹੀ ਕਰਦਾ ਰਿਹਾ ਸੀ। ਲੱਗਦਾ ਅਜਿਹਾ ਹੈ ਕਿ ਸੈਕਸ ਉਸ ਦੇ ਲਈ ਜ਼ਰੂਰਤ ਨਹੀਂ, ਬਲਕਿ ਇੱਕ ਖਾਸ ਕਿਸਮ ਦੀ ਬਿਮਾਰੀ ਬਣ ਗਈ ਸੀ। ਲਗਾਤਾਰ ਸੈਕਸ ਕਰਨ ਵਿੱਚ ਉਹ ਥੱਕਦਾ ਇਸ ਕਰਕੇ ਨਹੀਂ ਸੀ ਕਿ ਹਮੇਸ਼ਾ ਨਸ਼ੇ ਵਿੱਚ ਰਹਿੰਦਾ ਸੀ। ਸੰਭਵ ਹੈ ਕਿ ਅਕਾਂਕਸ਼ਾ ਸ਼ਰਮਾ ਨੂੰ ਉਸ ਦੀ ਇਸ ਆਦਤ ਤੇ ਵੀ ਸ਼ੱਕ ਹੋਇਆ ਹੋਵੇ ਅਤੇ ਉਸਨੇ ਇਤਰਾਜ਼ ਕੀਤਾ ਹੋਵੇ।