ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਚੰਡੀਗਡ਼੍ਹ  – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਗਈਆਂ ਸਨ ਕਿਉਂ ਜੋ ਇਸ ਨੇ ਭਾਰਤ ਵਿੱਚ ਬਰਤਾਨਵੀ ਹਕੂਮਤ ਦੇ ਅੰਤ ਦਾ ਮੁੱਢ ਬੰਨ੍ਹਣ ਵਿੱਚ ਫੈਸਲਾਕੁੰਨ ਰੋਲ ਨਿਭਾਇਆ ਸੀ।
ਇੱਥੋਂ ਜਾਰੀ ਇਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਇਸ ਸਾਕੇ ਦੇ ਸ਼ਹੀਦਾਂ ਨੂੰ ਸਦਾ ਯਾਦ ਰੱਖੇਗਾ ਜਿਨ੍ਹਾਂ ਨੇ ਆਜ਼ਾਦੀ ਸੰਘਰਸ਼ ਵਿੱਚ ਆਪਣਾ ਮਹਾਨ ਬਲਿਦਾਨ ਦਿੱਤਾ ਜਿਸ ਦੇ ਨਤੀਜੇ ਵਜੋਂ ਅਖੀਰ ਵਿੱਚ ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਜਾਣਾ ਪਿਆ।
ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ 13 ਅਪ੍ਰੈਲ, 1919 ਨੂੰ ਵਾਪਰਿਆ ਜਦੋਂ ਅਹਿੰਸਕ ਪ੍ਰਦਰਸ਼ਨਕਾਰੀਆਂ ਜਿਨ੍ਹਾਂ ਵਿੱਚ ਵਿਸਾਖੀ ‘ਤੇ ਆਏ ਸ਼ਰਧਾਲੂ ਵੀ ਸ਼ਾਮਲ ਸਨ, ਉਪਰ ਕਰਨਲ ਰਿਗੀਨਾਲਡ ਡਾਇਰ ਦੀ ਅਗਵਾਈ ਵਿੱਚ ਬਰਤਾਨਵੀ ਭਾਰਤੀ ਹਕੂਮਤ ਦੇ ਸਿਪਾਹੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਕਾਰਵਾਈ ਵਿੱਚ 1000 ਤੋਂ ਵੱਧ ਲੋਕ ਸ਼ਹੀਦ ਹੋ ਗਏ ਜਿਸ ਨੇ ਮੁਲਕ ਨੂੰ ਧੁਰ ਅੰਦਰ ਤੱਕ ਝੰਜੋਡ਼ ਕੇ ਰੱਖ ਦਿੱਤਾ ਅਤੇ ਲੋਕਾਂ ਵਿੱਚ ਵੱਡੀ ਪੱਧਰ ‘ਤੇ ਬਗਾਵਤ ਫੈਲ ਗਈ।
ਬਰਤਾਨੀਆ ਦੇ ਇਸ ਦਿਲ ਕੰਬਾਊ ਵਹਿਸ਼ੀਪੁਣੇ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਘਟਨਾ ਆਲਮੀ ਪੱਧਰ ‘ਤੇ ਪੁਲੀਸ ਤੇ ਹਥਿਆਰਬੰਦ ਫੌਜਾਂ ਨੂੰ ਹੋਰ ਮਾਨਵੀ ਪਹੁੰਚ ਅਪਨਾਉਣ ਦੀ ਲੋਡ਼ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਜੰਗ ਤੇ ਨਾ ਹੀ ਸ਼ਾਂਤੀ ਅਜਿਹੀਆਂ ਫੋਰਸਾਂ ਨੂੰ ਮਾਸੂਮ ਲੋਕਾਂ ‘ਤੇ ਕਹਿਰ ਢਾਹੁਣ ਦਾ ਬਹਾਨਾ ਦਿੰਦੀ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਯੋਗ ਨਹੀਂ ਠਹਿਰਾਇਆ ਜਾ ਸਕਦਾ।
ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵ ਭਰ ਦੇ ਸਾਰੇ ਮੁਲਕਾਂ ਨੂੰ ਭਾਈਚਾਰਕ ਸਾਂਝ ਤੇ ਏਕਤਾ ਦੀ ਭਾਵਨਾ ਨਾਲ ਅਮਨ-ਅਮਾਨ ਤੇ ਸ਼ਾਂਤੀ ਦੇ ਧਾਰਨੀ ਬਣਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ ਸਾਨੂੰ ਸਾਰਿਆਂ ਨੂੰ ਇਸ ਨਿਰਦਈ ਦੌਰ ਦੀ ਯਾਦ ਕਰਵਾਉਂਦਾ ਹੈ ਕਿ ਹਿੰਸਾ ਤੇ ਬੇਰਹਿਮਪੁਣਾ ਮਾਨਵੀ ਤੰਦਾਂ ਨੂੰ ਖੇਰੂੰ-ਖੇਰੂੰ ਕਰ ਦਿੰਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਖਾਸ ਕਰਕੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਵਿਸਾਖੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਵੀ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਸ ਵੇਲੇ ਨਵੇਂ ਦੌਰ ਦੀਆਂ ਬਰੂਹਾਂ ‘ਤੇ ਖਡ਼ਾ ਹੈ ਅਤੇ ਬੀਤੇ ਕੁਝ ਸਾਲਾਂ ਦੇ ਸੰਤਾਪ ਤੇ ਮੁਸੀਬਤਾਂ ਦੀ ਵਿਰਾਸਤ ਨੂੰ ਗਲੋਂ ਲਾਹੁਣ ਲਈ ਤਿਆਰ-ਬਰ-ਤਿਆਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਤੀ ਵਿੱਚ ਸਾਂਝੇ ਉੱਦਮ ਲਈ ਸਦਭਾਵਨਾ ਅਤੇ ਮਿਲਵਰਤਣ ਨਾਲ ਰਹਿਣ ਦੀ ਲੋਡ਼ ‘ਤੇ ਜ਼ੋਰ ਦਿੱਤਾ।