ਕੈਪਟਨ ਅਮਰਿੰਦਰ ਵਲੋਂ ਕਨੈਡਾ ਦੇ ਰੱਖਿਆ ਮੰਤਰੀ ਨੂੰ ‘ਖਾਲਿਸਤਾਨੀ’ ਕਹਿਣਾ ਬੇਹੱਦ ਨਿੰਦਣਯੋਗ : ਆਪ

ਚੰਡੀਗਡ਼-ਕਨੈਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ‘ਖਾਲਿਸਤਾਨੀ’ ਕਹਿ ਜਾਣ ਦੀ ਆਮ ਆਦਮੀ ਪਾਰਟੀ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਹਰਜੀਤ ਸਿੰਘ ਸੱਜਣ ਨਾਲ ਮੁਲਾਕਾਤ ਨਾ ਕਰਨ ਦੇ ਫੈਸਲੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਬਦਲਾਖੋਰੀ ਹੈ।
ਵੀਰਵਾਰ ਨੂੰ ਆਪ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਪ੍ਰਤੀ ਕੀਤੀ ਗਈ ਟਿਪੱਣੀ ਮੰਦਭਾਗੀ ਹੈ। ਕੈਪਟਨ ਅਮਰਿੰਦਰ ਸਿੰਘ ਅਜਿਹਾ ਕਹਿ ਕੇ ਸਿਰਫ ਕੈਨੇਡੀਅਨ ਰੱਖਿਆ ਮੰਤਰੀ ਦੀ ਹੀ ਬੇਇਜੱਤੀ ਨਹੀਂ ਕੀਤੀ ਬਲਕਿ ਉਨਾਂ ਸਮੁੱਚੇ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਦਾ ਅਪਮਾਨ ਕੀਤਾ ਹੈ। ਜਿੰਨਾਂ ਨੇ ਵਿਦੇਸ਼ੀ ਧਰਤੀ ਉਪਰ ਵਪਾਰ, ਕਾਰੋਬਾਰ ਦੇ ਨਾਲ-ਨਾਲ ਸਾਮਾਜਿਕ ਅਤੇ ਰਾਜਨੀਤਿਕ ਪੱਧਰ ਉਪਰ ਗੌਰਵਸ਼ਾਲੀ ਝੰਡੇ ਗੱਡੇ ਹਨ। ਉਨਾਂ ਕਿਹਾ ਕਿ ਕੈਨੇਡਾ ਸਮੇਤ ਵੱਖ ਵੱਖ ਮੁਲਕਾਂ ਵਿਚ ਵੋਟਾਂ ਰਾਹੀਂ ਐਮ.ਐਲ.ਏ ਅਤੇ ਐਮ.ਪੀ ਬਣਕੇ ਪੰਜਾਬੀਆਂ ਨੇ ਪੰਜਾਬ ਅਤੇ ਭਾਰਤ ਦਾ ਸਿਰ ਉਚਾ ਕੀਤਾ ਹੈ, ਪਰੰਤੂ ਨਿੱਜੀ ਬਦਲਾਖੋਰੀ ਅਤੇ ਸੌਡ਼ੇ ਸਿਆਸੀ ਹਿੱਤਾਂ ਕਾਰਨ ਕੈਪਟਨ ਅਮਰਿੰਦਰ ਸਿੰਘ ਵਲੋਂ ਜਿਹਡ਼ੇ ਸ਼ਬਦ ਕੈਨੇਡਾ ਦੇ ਰੱਖਿਆ ਮੰਤਰੀ ਬਾਰੇ ਬੋਲੇ ਗਏ ਹਨ, ਉਨਾਂ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਐਨਆਰਆਈਜ ਪ੍ਰਤੀ ਬਦਲੇ ਦੀ ਭਾਵਨਾ ਸਾਫ ਨਜ਼ਰ ਆ ਰਹੀ ਹੈ, ਕਿਉਕਿ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਕੈਨੇਡਾ ਦੌਰੇ ਦੌਰਾਨ ਉਥੋਂ ਦੇ ਐਨਆਰਆਈਜ਼ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੂੰਹ ਨਹੀਂ ਲਾਇਆ ਸੀ।
ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਮਝਣਾ ਚਾਹੀਦਾ ਹੈ ਕਿ ਹਰਜੀਤ ਸਿੰਘ ਸਜੱਣ ਕੈਨੇਡਾ ਦੀ ਜਨਤਾ ਵਲੋਂ ਚੁਣਿਆ ਹੋਇਆ ਸਿਰਫ ਐਮ.ਪੀ ਹੀ ਨਹੀਂ ਹੈ ਬਲਕਿ ਕੈਨੇਡਾ ਸਰਕਾਰ ਦੀ ਨੁਮਾਇੰਦਗੀ ਵੀ ਕਰ ਰਿਹਾ ਹੈ। ਜਿਸਤੇ ਸਮੁੱਚੇ ਪੰਜਾਬੀਆਂ ਅਤੇ ਸਿੱਖਾਂ ਨੂੰ ਮਾਣ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਖੁੱਲੇ ਦਿਲ ਨਾਲ ਹਰਜੀਤ ਸਿੰਘ ਸਜੱਣ ਦਾ ਸਵਾਗਤ ਕਰਨਾ ਚਾਹੀਦਾ ਹੈ।
ਖਹਿਰਾ ਨੇ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਸ਼ਬਦ ਵਾਪਿਸ ਲੈਣੇ ਚਾਹੀਦੇ ਹਨ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰਜੀਤ ਸਿੰਘ ਸਜੱਣ ਦਾ ਗਰਮਜੋਸ਼ੀ ਨਾਲ ਸਵਾਗਤ ਕਰੇਗੀ।