ਸਰਕਾਰ ਫੌਰੀ ਤੌਰ ਤੇ ਪੰਜਾਬ ਯੂਨੀਵਰਸਿਟੀ ਵਿਚ ਵਧਾਈਆਂ ਫੀਸਾਂ ਵਾਪਿਸ ਲਵੇ : ਆਮ ਆਦਮੀ ਪਾਰਟੀ

ਚੰਡੀਗਡ਼ : ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਪੰਜਾਬ ਯੂਨਿਵਰਸਿਟੀ ਵਿਚ ਨਵੇਂ ਦਾਖਲਿਆਂ ਦੀ ਫੀਸ ਵਿਚ 1100 ਪ੍ਰਤੀਸ਼ਤ ਤੱਕ ਦਾ ਵਾਧਾ ਕਰਨ ਲਈ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਅਤੇ ਪੰਜਾਬ ਯੂਨਿਵਰਸਿਟੀ ਦੀ ਨਿਖੇਧੀ ਕੀਤੀ।
ਮੀਡੀਆ ਨੂੰ ਜਾਰੀ ਪ੍ਰੈਸ ਬਿਆਨ ਵਿਚ ਆਮ ਆਦਮੀ ਪਾਰਟੀ ਨੌਜਵਾਨ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਦੀ ਅਣਦੇਖੀ ਦੇਸ਼ ਵਿਚ ਸਿੱਖਿਆ ਖੇਤਰ ਦੇ ਨਿਗਾਰ ਲਈ ਜਿੰਮੇਵਾਰ ਹੈ। ਉਨਾਂ ਨੇ ਕਿਹਾ ਕਿ ਪ੍ਰਾਈਵੇਟ ਸਿੱਖਿਆ ਨੂੰ ਵਧਾਵਾ ਦੇਣ ਦੀ ਮਨਸ਼ਾ ਨਾਲ ਸਰਕਾਰੀ ਸਿੱਖਿਆ ਤੰਤਰ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਫੀਸਾਂ ਵਿਚ ਐਨੀ ਭਾਰੀ ਵਾਧੇ ਕਾਰਨ ਗਰੀਬ ਬੱਚਿਆਂ ਦੇ ਉਚ ਸਿੱਖਿਆ ਪ੍ਰਾਪਤ ਕਰਨ ਦੇ ਮਨਸੂਬਿਆਂ ਨੂੰ ਧੱਕਾ ਲੱਗਿਆ ਹੈ।
ਬੈਂਸ ਨੇ ਫੀਸਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਉਤੇ ਪੁਲਿਸ ਦੁਆਰਾ ਲਾਠੀਚਾਰਜ ਅਤੇ ਪਾਣੀ ਦੀਆਂ ਬੌਛਾਰਾਂ ਮਾਰਨ ਦੀ ਵੀ ਨਿਖੇਧੀ ਕੀਤੀ। ਉਨਾ ਕਿਹਾ ਕਿ ਸਰਕਾਰ ਅਤੇ ਪੰਜਾਬ ਯੂਨਿਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੀ ਅਵਾਜ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੈਂਸ ਨੇ ਕਿਹਾ ਕਿ ਫੀਸਾਂ ਵਿਚ ਐਨੇ ਭਾਰੀ ਵਾਧੇ ਨਾਲ ਸਰਕਾਰ ਨਾਗਰਿਕਾਂ ਨੂੰ ਸਿੱਖਿਆ ਮੁਹੱਇਆ ਕਰਵਾਣ ਦੇ ਆਪਣੇ ਵਾਅਦੇ ਤੋਂ ਵੀ ਭੱਜ ਰਹੀ ਹੈ।
ਆਪ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਵੀ ਸੂਬੇ ਦੇ ਹਿੱਸੇ ਦੇ ਫੰਡ ਵੀ ਯੂਨਿਵਰਸਿਟੀ ਨੂੰ ਜਾਰੀ ਕਰਨ ਦੀ ਤਾਕੀਦ ਕੀਤੀ ਤਾਂ ਜੋ ਸੂਬੇ ਭਰ ਤੋਂ ਆ ਕੇ ਯੂਨਿਵਰਸਿਟੀ ਵਿਚ ਪਡ਼ ਰਹੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾਡ਼ ਨਾ ਕੀਤਾ ਜਾ ਸਕੇ।
ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਮੁੱਦੇ ਤੇ ਵਿਦਿਆਰਥੀਆਂ ਦੇ ਨਾਲ ਖਡ਼ੀ ਹੈ ਅਤੇ ਜੇਕਰ ਸਰਕਾਰ ਅਤੇ ਯੂਨਿਵਰਸਿਟੀ ਪ੍ਰਸ਼ਾਸਨ ਨੇ ਫੀਸਾਂ ਵਿਚ ਵਾਧੇ ਦੇ ਫੈਸਲੇ ਨੂੰ ਵਾਪਿਸ ਨਾ ਲਿਆ ਤਾਂ ਪਾਰਟੀ ਵਿਦਿਆਰਥੀਆਂ ਦੇ ਹੱਕਾਂ ਲਈ ਧਰਨੇ ਪ੍ਰਦਰਸ਼ਨ ਕਰਨ ਤੋਂ ਵੀ ਗੁਰੇਜ ਨਹੀਂ ਕਰੇਗੀ।