ਅੰਡੇਮਾਨ ਦੀ ਗਾਥਾ ਵਿਚੋਂ ਸਿੱਖ ਆਜ਼ਾਦੀ ਯੋਧਿਆਂ ਦੇ ਰੋਲ ਨੂੰ ਮਨਫ਼ੀ ਕਰਨ ਦਾ ਮੁੱਦਾ ਲੋਕ ਸਭਾ ਵਿਚ ਗੂੰਜਿਆ

ਚੰਡੀਗੜ੍ਹ : ਕਾਲੇ ਪਾਣੀਆਂ ਵਜੋਂ ਜਾਣੀ ਜਾਂਦੀ ਅੰਡੇਮਾਨ ਦੀ ਸੈਲੂਲਰ ਜੇਲ੍ਹ ਦੀ ਗਾਥਾ ਵਿਚੋਂ ਆਜ਼ਾਦੀ ਲਈ ਲੜਣ ਵਾਲੇ ਪੰਜਾਬੀ ਖਾਸ ਕਰ ਕੇ ਸਿੱਖ ਯੋਧਿਆਂ ਦੇ ਰੋਲ ਨੂੰ ਮਨਫ਼ੀ ਕਰਨ ਦਾ ਮੁੱਦਾ ਅੱਜ ਲੋਕ ਸਭਾ ਵਿਚ Àੇਸ ਵੇਲੇ ਗੂੰਜਿਆ ਜਦੋਂ ਅਕਾਲੀ ਦਲ ਦੇ ਅਨੰਦਪੁਰ ਸਾਹਿਬ ਤੋਂ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੈਲਲ਼ੂਰ ਜੇਲ੍ਹ ਦੀ ਥਾਂ ਬਣੇ ਮਿਊਜ਼ੀਅਮ ਅਤੇ ਉਥੇ ਹਰ ਰੋਜ਼ ਵਿਖਾਏ ਜਾਂਦੇ ‘ਰੋਸ਼ਨੀ ਤੇ ਆਵਾਜ਼’ ਪ੍ਰੋਗਰਾਮ ਵਿਚ ਪੰਜਾਬੀਆਂ ਨੂੰ ਉਹਨਾਂ ਦੇ ਯੋਗਦਾਨ ਅਨੁਸਾਰ ਬਣਦੀ ਥਾਂ ਦਿੱਤੀ ਜਾਵੇ।
ਪਾਰਲੀਮਾਨੀ ਮਾਮਲਿਆਂ ਦੇ ਕੇਂਦਰੀ ਮੰਤਰੀ ਸ਼੍ਰੀ ਅਨੰਤ ਕੁਮਾਰ ਨੇ ਪ੍ਰੋ. ਚੰਦੂਮਾਜਰਾ ਨੂੰ ਭਰੋਸਾ ਦੁਆਇਆ ਕਿ ਪੰਜਾਬੀਆਂ ਖਾਸ ਕਰਕੇ ਸਿੱਖਾਂ ਵਲੋਂ ਆਜ਼ਾਦੀ ਸੰਗਰਾਮ ਵਿਚ ਪਾਏ ਗਏ ਅਹਿਮ ਯੋਗਦਾਨ ਨੂੰ ਕਿਸੇ ਵੀ ਤਰਾਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸਰਕਾਰ ਸੈਲੂਲਰ ਜੇਲ੍ਹ ਦੇ ਮਿਊਜ਼ੀਅਮ ਅਤੇ ਉਥੇ ਵਿਖਾਏ ਜਾਂਦੇ ‘ਰੋਸ਼ਨੀ ਤੇ ਆਵਾਜ਼’ ਪ੍ਰੋਗਰਾਮ ਨੂੰ ਮੁੜ ਘੋਖੇਗੀ ਅਤੇ ਜੇ ਲੋੜ ਪਈ ਤਾਂ ਇਸ ਨੂੰ ਮੁੜ ਤੋਂ ਤਿਆਰ ਕਰਵਾਇਆ ਜਾਵੇਗਾ।
ਲੋਕ ਸਭਾ ਦੇ ਸਿਫ਼ਰ ਕਾਲ ਦੌਰਾਨ ਇਹ ਮਾਮਲਾ ਉਠਾਉਂਦਿਆਂ, ਪ੍ਰੋ. ਚੰਦੂਮਾਜਰਾ ਨੇ ਇਸ ਸਬੰਧੀ ਚੰਡੀਗੜ੍ਹ ਤੋਂ ਛਪਦੇ ਇੱਕ ਰੋਜ਼ਾਨਾ ਅਖ਼ਬਾਰ ਵਿਚ ਇੱਕ ਸੀਨੀਅਰ ਪੱਤਰਕਾਰ ਵਲੋਂ ਲਿਖੇ ਗਏ ਆਰਟੀਕਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਾ ਇਥੋਂ ਦੇ ਮਿਊਜ਼ੀਅਮ ਅਤੇ ਨਾ ਹੀ ਹਰ ਰੋਜ਼ ਵਿਖਾਏ ਜਾਂਦੇ ਪ੍ਰੋਗਰਾਮ ਵਿਚ ਪੰਜਾਬੀਆਂ ਦੇ ਰੋਲ ਦਾ ਕੋਈ ਜ਼ਿਕਰ ਹੈ। ਉਹਨਾਂ ਕਿਹਾ ਕਿ ਸਿੱਖਾਂ ਨੇ ਮੁਲਕ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ ਪਰ ਇਸ ਯੋਗਦਾਨ ਨੂੰ ਬਣਦੀ ਥਾਂ ਨਹੀਂ ਦਿੱਤੀ ਜਾ ਰਹੀ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਵੱਖ ਵੱਖ ਪਾਰਟੀਆਂ ਵਿਚ ਰਹਿ ਕੇ ਆਜ਼ਾਦੀ ਦੀ ਲੜਾਈ ਲੜ ਰਹੇ ਪੰਜਾਬੀ ਯੋਧਿਆਂ ਨੂੰ ਸਮੇਂ ਸਮੇਂ ਉੱਤੇ ਇਸ ਜੇਲ੍ਹ ਵਿਚ ਬੰਦ ਰੱਖਿਆ ਜਾਂਦਾ ਰਿਹਾ ਅਤੇ ਇਹਨਾਂ ਵਿਚ ਗਦਰ ਪਾਰਟੀ, ਕਾਮਾਗਾਟਾਮਾਰੂ, ਅਕਾਲੀ ਲਹਿਰ ਅਤੇ ਬੱਬਰ ਅਕਾਲੀ ਪਾਰਟੀਆਂ ਦੇ ਆਗੂ ਸ਼ਾਮਲ ਸਨ। ਇਹਨਾਂ ਸਾਰੇ ਆਗੂਆਂ ਨੇ ਇਸ ਜੇਲ੍ਹ ਵਿਚ ਬੰਦ ਰਹਿ ਕੇ ਅਨੇਕਾਂ ਤਸੀਹੇ ਝੱਲੇ।
ਇਥੇ ਇਹ ਵਰਨਣਯੋਗ ਹੈ ਕਿ ਅੰਡੇਮਾਨ ਦੀ ਸੈਲੂਲਰ ਜੇਲ੍ਹ ਅੰਗਰੇਜ਼ਾਂ ਵਲੋਂ ਆਜ਼ਾਦੀ ਸੰਗਰਾਮੀਆਂ ਨੂੰ ਤਸੀਹੇ ਦੇਣ ਲਈ ਹੀ ਬਣਾਈ ਸੀ।
ਅਕਾਲੀ ਆਗੂ ਨੇ ਕਿਹਾ ਕਿ ਸੈਲਲੂਰ ਜੇਲ੍ਹ ਦੀ ਥਾਂ ਉੱਤੇ ਬਣੇ ਮਿਊਜ਼ੀਅਮ ਅਤੇ ਉਥੇ ਵਿਖਾਏ ਜਾਂਦੇ ਪ੍ਰੋਗਰਾਮ ਨੂੰ ਮੁੜ ਵਿਉਂਤਿਆ ਜਾਣਾ ਚਾਹੀਦਾ ਹੈ ਤਾਂ ਕਿ ਇਤਿਹਾਸਕ ਤੱਥਾਂ ਦੀ ਦਰੁੱਸਤ ਪੇਸ਼ਕਾਰੀ ਹੋ ਸਕੇ। ਉਹਨਾਂ ਕਿਹਾ ਕਿ ਇਹ ਕਿੱਡੀ ਵੱਡੀ ਤ੍ਰਸਾਦੀ ਹੈ ਕਿ ੧੯੭੯ ਵਿਚ ਕੌਮੀ ਯਾਦਗਾਰ ਵਜੋਂ ਮਾਨਤਾ ਪ੍ਰਾਪਤ ਕਰਨ ਵਾਲੀ ਸੈਲੂਲਰ ਜੇਲ੍ਹ ਦੀ ਗਾਥਾ ਵਿਚੋਂ ਸਿੱਖਾਂ ਦੇ ਰੋਲ ਨੂੰ ਮਨਫ਼ੀ ਹੀ ਕਰ ਦਿੱਤਾ ਗਿਆ ਹੈ ਜਦੋਂ ਕਿ ਬੰਗਾਲੀਆਂ ਤੋਂ ਬਾਅਦ ਇਸ ਜੇਲ੍ਹ ਵਿਚ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਖਾਸ ਕਰ ਕੇ ਸਿੱਖਾਂ ਦੀ ਹੀ ਸੀ।