ਸੀਰੀਆ ‘ਚ ਹੋਏ ਰਸਾਇਣਿਕ ਹਮਲੇ ਦੀ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਕੀਤੀ ਸਖ਼ਤ ਨਿੰਦਿਆ

ਹੋਬਾਰਟ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਸੀਰੀਆ ‘ਚ ਹੋਏ ਰਸਾਇਣਿਕ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆ ਕੀਤੀ ਹੈ ਅਤੇ ਇਸ ਨੂੰ ਉਨ੍ਹਾਂ ਨੇ ‘ਯੁੱਧ ਅਪਰਾਧ’ ਦਾ ਨਾਂ ਦਿੱਤਾ ਹੈ। ਹਮਲੇ ਤੋਂ ਬਾਅਦ ਸ਼੍ਰੀ ਟਰਨਬੁੱਲ ਨੇ ਸੀਰੀਆ ਦੀ ਸਰਕਾਰ ‘ਤੇ ਹੋਰ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਹੈ। ਮੰਗਲਵਾਰ ਨੂੰ ਲੰਡਨ ਅਧਾਰਿਤ ‘ਦ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਰਜ਼’ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਸੀਰੀਆ ਦੇ ਸ਼ਹਿਰ ਖ਼ਾਨ ਸੇਖੌਨ ‘ਚ ਹੋਏ ਰਸਾਇਣਿਕ ਹਮਲੇ ‘ਚ 70 ਲੋਕਾਂ ਦੀ ਮੌਤ ਹੋ ਗਈ, ਜਦਕਿ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ‘ਚ 11 ਬੱਚੇ ਵੀ ਸ਼ਾਮਲ ਸਨ। ਗਰੁੱਪ ਮੁਤਾਬਕ ਇਹ ਹਮਲਾ ਸੀਰੀਆਈ ਸਰਕਾਰ ਅਤੇ ਰੂਸੀ ਜੈੱਟ ਵਲੋਂ ਕੀਤਾ ਗਿਆ ਸੀ। ਅਮਰੀਕਾ, ਯੂਰਪੀ ਸੰਘ ਅਤੇ ਇੰਗਲੈਂਡ ਨੇ ਇਸ ਹਮਲੇ ਲਈ ਸੀਰੀਆ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਬੁੱਧਵਾਰ ਨੂੰ ਤਸਮਾਨੀਆ ਦੌਰੇ ਦੌਰਾਨ ਸ਼੍ਰੀ ਟਰਨਬੁੱਲ ਨੇ ਕਿਹਾ ਕਿ ਆਸਟਰੇਲੀਆ, ਰਸਾਇਣਿਕ ਹਥਿਆਰਾਂ ਦੀ ਭਿਆਨਕ ਵਰਤੋਂ ਦੀ ਨਿੰਦਿਆ ਕਰਦਾ ਹੈ। ਉਨ੍ਹਾਂ ਕਿਹਾ ਕਿ ਕਿ ਰਾਸ਼ਟਰਪਤੀ ਬਸ਼ਰ ਅਲ-ਅਸਦ ਸਾਸ਼ਨ ਦੇ ਵਿਰੁੱਧ ਰਸਾਇਣਿਕ ਹਥਿਆਰਾਂ ਦੀ ਵਰਤੋਂ ਦਾ ਦੋਸ਼ ਲਗਾਇਆ ਜਾ ਰਿਹਾ ਹੈ ਅਤੇ ਜੇਕਰ ਉਨ੍ਹਾਂ ਨੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ ਹੈ ਤਾਂ ਇਹ ਯੁੱਧ ਅਪਰਾਧ ਦਾ ਗਠਨ ਕਰਦਾ ਹੈ।