ਜੂਨ ‘ਚ ਹੋਣਗੀਆਂ 4 ਨਗਰ ਨਿਗਮਾਂ ਦੀਆਂ ਚੋਣਾਂ: ਸਿੱਧੂ

ਜਲੰਧਰ— ਨਗਰ ਨਿਗਮਾਂ ਦੀਆਂ ਚੋਣਾਂ ਅਗਸਤ ਜਾਂ ਸਤੰਬਰ ‘ਚ ਕਰਵਾਏ ਜਾਣ ਦੀਆਂ ਅਟਕਲਾਂ ਦੌਰਾਨ ਲੋਕਲ ਬਾਡੀਜ਼ ਮਿਨੀਸਟਰ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਸਾਫ ਕੀਤਾ ਕਿ ਨਿਗਮਾਂ ਦੀਆਂ ਚੋਣਾਂ ਜੂਨ ‘ਚ ਹੋ ਜਾਣਗੀਆਂ। ਚੋਣਾਂ ‘ਚ ਦੇਰੀ ਦੀ ਸੰਭਾਵਨਾ ਤੋਂ ਇਨਕਾਰ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਹੀ ਚੋਣਾਂ ਲਈ ਕੰਮ ਸ਼ੁਰੂ ਕਰ ਦਿੱਤਾ ਸੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਨਵੀਂ ਵਾਰਡਬੰਦੀ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਤੇ ਇਹ ਕੰਮ ਦੋ ਹਫਤਿਆਂ ‘ਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਵਧ ਤੋਂ ਵਧ ਇਸ ਨੂੰ ਇਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਨਗਰ ਨਿਗਮ ਦੀ ਹੱਦ ‘ਚ ਆਉਂਦੇ ਵਿਧਾਇਕਾਂ ਨੂੰ ਨਵੀਂ ਵਾਰਡਬੰਦੀ ਵਾਸਤੇ ਕਹਿ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਸੁਝਾਵਾਂ ‘ਤੇ ਵੀ ਵਿਚਾਰ ਕੀਤਾ ਜਾ ਸਕੇ। ਉਸ ਤੋਂ ਬਾਅਦ ਜੂਨ ਮਹੀਨੇ ‘ਚ ਚੋਣਾਂ ਕਰਵਾ ਦਿੱਤੀਆਂ ਜਾਣਗੀਆ।
ਸਿੱਧੂ ਨੇ ਦੱਸਿਆ ਕਿ ਜਿਹੜੀਆ ਚਾਰ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਉਨ੍ਹਾਂ ‘ਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਸ਼ਾਮਲ ਹਨ। ਹਾਲਾਂਕਿ ਇਨ੍ਹਾਂ ਨਗਰ ਨਿਗਮਾਂ ਦੀ ਮਿਆਦ ਇਸ ਸਾਲ ਸਤੰਬਰ ਮਹੀਨੇ ਤੱਕ ਹੈ ਪਰ ਪੰਜਾਬ ਸਰਕਾਰ ਚੋਣਾਂ ਪਹਿਲਾਂ ਕਰਵਾਉਣ ਦੀ ਤਿਆਰੀ ‘ਚ ਹੈ। ਸਿੱਧੂ ਨੇ ਕਿਹਾ ਕਿ ਭਾਵੇਂ ਮਿਆਦ ਸਤੰਬਰ ਤੱਕ ਹੈ ਪਰ ਸਰਕਾਰ 6 ਮਹੀਨੇ ਦੇ ਕਾਰਜਕਾਲ ਦੌਰਾਨ ਕਦੇ ਵੀ ਚੋਣਾਂ ਕਰਵਾ ਸਕਦੀ ਹੈ। ਇਨ੍ਹਾਂ ਨਿਗਮਾਂ ਦੀਆਂ ਚੋਣਾਂ ਲਈ ਜੂਨ ਮਹੀਨਾ ਸਭ ਤੋਂ ਢੁੱਕਵਾਂ ਹੈ।
ਸਥਾਨਕ ਸਰਕਾਰਾਂ ਵਿਭਾਗ ਵਲੋਂ ਵਿਧਾਇਕਾਂ ਨੂੰ ਆਡਿਟ ਕਰਵਾਉਣ ਦੇ ਅਖਤਿਆਰ ਦੇਣ ਸੰਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਸਿੱਧੂ ਨੇ ਕਿਹਾ ਕਿ ਛੇਤੀ ਹੀ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਇਹ ਗੱਲ ਵੀ ਕਹੀ ਕਿ ਜਿਹੜੀਆ ‘ਬੇਨਿਯਮੀਆਂ’ ਪਿਛਲੀ ਸਰਕਾਰ ਨੇ ਕੀਤੀਆਂ ਸਨ, ਉਹ ਸਾਰੀਆਂ ਕਾਗਜ਼ਾਂ ‘ਚ ਹੀ ਪਈਆਂ ਹਨ ਅਤੇ ਕਾਗਜ਼ ਕਿਹੜਾ ਦੌੜੇ ਜਾ ਰਹੇ ਹਨ। ਕੇਂਦਰ ਸਰਕਾਰ ਵਲੋਂ ਪੰਜਾਬ ਦੇ ਜਿਹੜੇ ਸ਼ਹਿਰ ਸਮਾਰਟ ਸਿਟੀ ਐਲਾਨੇ ਗਏ ਹਨ ਉਨ੍ਹਾਂ ਸੰਬੰਧੀ ਕੰਮ ਸ਼ੁਰੂ ਕਰਵਾਉਣ ਬਾਰੇ ਟਿੱਪਣੀ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਸਭ ਤੋਂ ਪਹਿਲਾਂ ਲੁਧਿਆਣਾ ਸ਼ਹਿਰ ਤੋਂ ਕੰਮ ਸ਼ੁਰੂ ਕਰਵਾਇਆ ਜਾਵੇ।