ਬਟਾਲਾ,  – ਪੰਜਾਂ ਤਖਤਾਂ ਸਾਹਿਬਾਨਾਂ ਦੇ ਜਥੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮੀਟਿੰਗ ਕਰ ਕੇ ਆਪਣੇ ਪ੍ਰਚਾਰ ਦੌਰਾਨ ਸਿੱਖ ਇਤਿਹਾਸ ਵਿਗਾੜਣ ਵਾਲੇ ਪਿੱਪਲੀ ਵਾਲੇ ਸੰਤ ਸਤਨਾਮ ਸਿੰਘ ਨੂੰ ਉਸ ਵੱਲੋਂ ਭੇਜੀ ਇਕ ‘ਚਿੱਠੀ’ ਦੇ ਆਧਾਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦੇ ਦਿੱਤੀ ਹੈ।
ਜਾਣਕਾਰੀ ਅਨੁਸਾਰ ਮੀਟਿੰਗ ਵਿਚ ਮੌਜੂਦ ਸਾਰੇ ਜਥੇਦਾਰ ਇਸ ਮਾਮਲੇ ‘ਤੇ ਇਕਮੱਤ ਨਹੀਂ ਸਨ ਅਤੇ ਜਥੇਦਾਰਾਂ ‘ਚੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਗੁਰਮੁੱਖ ਸਿੰਘ ਨੇ ਇਸ ਮੁਆਫੀਨਾਮੇ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸੰਤ ਸਤਨਾਮ ਸਿੰਘ ਪਿੱਪਲੀ ਵਾਲਿਆਂ ਨੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਭਰੇ ਦੀਵਾਨ ‘ਚ ਜੋ ਸ਼ਬਦ ਵਰਤੇ ਸਨ, ਉਨ੍ਹਾਂ ਬਾਰੇ ਸਤਨਾਮ ਸਿੰਘ ਨੇ ਕਈ ਇਤਿਹਾਸਕ ਹਵਾਲੇ ਦਿੱਤੇ ਹਨ, ਜਿਸ ਤੋਂ ਬਾਅਦ ਉਸ ਨੂੰ ਮੁਆਫੀ ਦੇਣ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਜਥੇਦਾਰਾਂ ਦੇ ਇਸ ਫੈਸਲੇ ਨਾਲ ਮੀਟਿੰਗ ਵਿਚ ਮੌਜੂਦ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਇਸ ਮੁਆਫੀਨਾਮੇ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸੰਬੰਧੀ ਜਦੋਂ ਜਥੇ. ਗਿਆਨੀ ਗੁਰਮੁੱਖ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਪਿੱਪਲੀ ਵਾਲੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਾਨ ਖਿਲਾਫ ਜੋ ਸ਼ਬਦ ਵਰਤੇ ਸਨ, ਉਹ ਗਲਤੀ ਨਹੀਂ ਬਲਕਿ ਗੁਨਾਹ ਹੈ, ਜੋ ਕਿ ਨਾ ਮੁਆਫੀਯੋਗ ਹੈ।ਜਦੋਂ ਇਹ ਪੁੱਛਿਆ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਹੋਰਨਾਂ ਜਥੇਦਾਰਾਂ ਵੱਲੋਂ ਸੰਤ ਪਿੱਪਲੀ ਵਾਲੇ ਨੂੰ ਮੁਆਫ ਕਰ ਦਿੱਤਾ ਗਿਆ ਹੈ ਤਾਂ ਭਾਈ ਗੁਰਮੁੱਖ ਸਿੰਘ ਨੇ ਕਿਹਾ ਕਿ ਇਸ ਬਾਰੇ ਤਾਂ ਉਹ ਜਥੇਦਾਰ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਉਸ ਨੂੰ ਕਿਸ ਸਬੰਧ ਵਿਚ ਮੁਆਫ ਕੀਤਾ ਹੈ।