ਤਹਿਰਾਨ— ਪੂਰਬੀ-ਉੱਤਰੀ ਈਰਾਨ ਵਿਚ ਮਸ਼ਾਦ ਸ਼ਹਿਰ ‘ਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਅਮਰੀਕੀ ਭੂ-ਗਰਭ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.1 ਮਾਪੀ ਗਈ ਹੈ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ 33 ਕਿਲੋਮੀਟਰ ਹੇਠਾਂ ਸੀ।
ਸਥਾਨਕ ਟੈਲੀਵਿਜ਼ਨ ਰਿਪੋਰਟ ਵਿਚ ਦੱਸਿਆ ਗਿਆ ਕਿ ਇਹ ਭੂਚਾਲ ਸਥਾਨਕ ਸਮੇਂ ਅਨੁਸਾਰ 10 ਵਜ ਕੇ 39 ਮਿੰਟ ‘ਤੇ ਆਇਆ ਸੀ। ਭੂਚਾਲ ਤੋਂ ਬਾਅਦ ਲੋਕਾਂ ‘ਚ ਦਹਿਸ਼ਤ ਫੈਲ ਗਈ ਅਤੇ ਸਾਵਧਾਨੀ ਦੇ ਤੌਰ ‘ਤੇ ਐਮਰਜੈਂਸੀ ਸੇਵਾਵਾਂ ਦੀ ਟੀਮ ਨੂੰ ਚੌਕਸ ਕਰ ਦਿੱਤਾ ਗਿਆ। ਕੁਝ ਖੇਤਰਾਂ ‘ਚ ਇਮਾਰਤਾਂ ‘ਚ ਦਰਾਰਾਂ ਪੈ ਗਈਆਂ ਅਤੇ ਟੈਲੀਫੋਨ ਸੇਵਾਵਾਂ ‘ਤੇ ਇਸ ਦਾ ਜ਼ਿਆਦਾ ਅਸਰ ਪਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਭੂਚਾਲ ਦੇ ਘੱਟੋ-ਘੱਟ 12 ਝਟਕੇ ਮਹਿਸੂਸ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਸਾਲ 2003 ‘ਚ ਆਏ 6.6 ਤੀਬਰਤਾ ਦੇ ਭੂਚਾਲ ਕਾਰਨ ਲਗਭਗ 26,000 ਲੋਕ ਮਾਰੇ ਗਏ ਸਨ। ਉਸ ਭੂਚਾਲ ਕਾਰਨ ਇਤਿਹਾਸਕ ਦੱਖਣੀ-ਪੂਰਬੀ ਈਰਾਨੀ ਸ਼ਹਿਰ ਬਾਮ ਤਬਾਹ ਹੋ ਗਿਆ ਸੀ।